ਵਿਕਟੋਰੀਆ ਕੌਂਸਲ ਚੋਣਾਂ 2024 : ਦੋ ਪੰਜਾਬਣਾਂ ਨੇ ਖੇਤਰੀ ਇਲਾਕਿਆਂ 'ਚ ਚੋਣ ਜਿੱਤ ਕੇ ਰਚਿਆ ਇਤਿਹਾਸ

Shivali & Talwinder Kaur

ਬੈਂਡੀਗੋ ਤੋਂ ਜਿੱਤ ਹਾਸਿਲ ਕਰਨ ਵਾਲੀ ਸ਼ਿਵਾਲੀ ਚੇਟਲੀ ਅਤੇ ਐਰਾਰਾਟ ਤੋਂ ਜੇਤੂ ਤਲਵਿੰਦਰ ਕੌਰ।

ਵਿਕਟੋਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਕੌਂਸਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਵੱਡੇ ਪੱਧਰ ਉੱਤੇ ਨਜ਼ਰ ਆਈ ਹੈ। ਇਨ੍ਹਾਂ ਚੋਣਾਂ ਦੇ ਜ਼ਿਆਦਾਤਰ ਨਤੀਜੇ ਬੇਸ਼ੱਕ ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ ਨਹੀਂ ਲੈ ਕੇ ਆਏ ਅਤੇ ਬਹੁਤੀਆਂ ਥਾਵਾਂ ’ਤੇ ਪੰਜਾਬੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੁਝ ਰੀਜਨਲ ਇਲਾਕਿਆਂ ਦੇ ਨਤੀਜਿਆਂ ਨੇ ਰਾਹਤ ਪ੍ਰਦਾਨ ਕੀਤੀ ਹੈ, ਜਿੱਥੇ ਪੰਜਾਬੀ ਮੂਲ ਦੀਆਂ ਦੋ ਮਹਿਲਾਵਾਂ ਚੋਣਾਂ ਜਿੱਤਣ ਵਿੱਚ ਸਫਲ ਰਹੀਆਂ ਹਨ।


ਮੈਲਬਰਨ ਤੋੋਂ ਕਰੀਬ 150 ਕਿਲੋਮੀਟਰ ਦੂਰ ਪੈਂਦੇ ਬੈਂਡੀਗੋ ਤੋਂ ਸ਼ਿਵਾਲੀ ਚੇਟਲੀ ਅਤੇ ਕਰੀਬ 200 ਕਿਲੋਮੀਟਰ ਦੂਰ ਪੈਂਦੇ ਐਰਾਰਾਟ ਵਿੱਚ ਤਲਵਿੰਦਰ ਕੌਰ ਨੇ ਬਾਜ਼ੀ ਮਾਰ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਨ੍ਹਾਂ ਦੋਵਾਂ ਇਲਾਕਿਆਂ ਵਿੱਚ ਇਨ੍ਹਾਂ ਪੰਜਾਬਣਾਂ ਦਾ ਮੁਕਾਬਲਾ ਆਪਣੇ ਹਲਕਿਆਂ ਦੇ ਨਾਮਵਰ ਅਤੇ ਸਿਆਸੀ ਪਿਛੋਕੜ ਵਾਲੇ ਉਮੀਦਵਾਰਾਂ ਦੇ ਨਾਲ ਸੀ ਅਤੇ ਇਹ ਦੋਵੇਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੀਆਂ ਸਨ।

ਤਲਵਿੰਦਰ ਕੌਰ
Talwinder Kaur
Talwinder Kaur
ਜਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੀ ਜੰਮਪਲ ਤਲਵਿੰਦਰ ਕਰੀਬ 13 ਸਾਲਾਂ ਤੋਂ ਵਿਕਟੋਰੀਆ ਦੇ ਰੀਜਨਲ ਇਲਾਕੇ ਐਰਾਰਾਟ ਵਿੱਚ ਵੱਸੇ ਹੋਏ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਤਲਵਿੰਦਰ ਕੌਰ ਨੇ ਦੱਸਿਆ ਕਿ ਉਹ ਇੱਥੇ ਨੇਬਰਹੁੱਡ ਹਾਊਸ ਵਿੱਚ ਮੈਨੇਜਰ ਦੀ ਨੌਕਰੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਚੋਣਾਂ ਲੜਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
Talwinder Kaur 3
ਤਲਵਿੰਦਰ ਕੌਰ ਆਪਣੇ ਪਤੀ ਨਾਲ।
ਅਗਸਤ ਮਹੀਨੇ ਵਿੱਚ ਸਥਾਨਕ ਕੌਂਸਲ ਦੇ ਵਫਦ ਵਲੋਂ ਚੋਣ ਲੜਨ ਦੀ ਪੇਸ਼ਕਸ਼ ਕੀਤੇ ਜਾਣ ਤੋਂ ਬਾਅਦ ਹੀ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਤਰਨ ਦਾ ਫੈਸਲਾ ਲਿਆ ਸੀ।

ਤਲਵਿੰਦਰ ਕੌਰ ਦੱਸਦੇ ਹਨ ਕਿ ਬੇਸ਼ੱਕ ਇਸ ਇਲਾਕੇ ਵਿੱਚ ਭਾਰਤੀ ਅਤੇ ਪੰਜਾਬੀ ਮੂਲ ਦੇ ਪਰਿਵਾਰਾਂ ਦੀ ਗਿਣਤੀ ਬਹੁਤ ਥੋੜੀ ਹੈ ਪਰ ਜਦੋਂ ਚੋਣਾਂ ਦੇ ਨਤੀਜੇ ਆਏ ਤਾਂ ਉਹ ਆਪਣੇ ਵੋਟ ਫੀਸਦ ਨੂੰ ਵੇਖ ਕੇ ਹੈਰਾਨ ਰਹਿ ਗਏ ਕਿਉਂਕਿ ਸਥਾਨਕ ਲੋਕਾਂ ਵਲੋਂ ਜਤਾਏ ਭਰੋਸੇ ਸਦਕਾ ਉਹ ਐਰਾਰਾਟ ਵਿੱਚ ਕੌਂਸਲ ਚੋਣਾਂ ਜਿੱਤਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ।
Talwinder Kaur 2
ਐਰਾਰਾਟ ਤੋਂ ਨਵੇਂ ਚੁਣੇ ਗਏ ਸਾਥੀ ਕੌਂਸਲਰਾਂ ਨਾਲ ਤਲਵਿੰਦਰ ਕੌਰ ।
ਚੋਣ ਜਿੱਤਣ ਮਗਰੋਂ ਇਲਾਕੇ ਲਈ ਕੀਤੇ ਜਾਣ ਵਾਲੇ ਕੰਮ ਬਾਰੇ ਤਲਵਿੰਦਰ ਦਾ ਕਹਿਣਾ ਹੈ ਕਿ ਉਹ ਬਾਕੀ ਚੁਣੇ 6 ਕੌਂਸਲਰਾਂ ਨਾਲ ਮਿਲ ਕੇ ਕੰਮ ਕਰਨਗੇ ਅਤੇ ਹਰ ਮਸਲੇ ਨੂੰ ਸਥਾਨਕ ਲੋਕਾਂ ਦੀ ਸਲਾਹ ਨਾਲ ਹੀ ਹੱਲ ਕਰਵਾਉਣ ਨੂੰ ਤਰਜੀਹ ਦੇਣਗੇ।
ਆਪਣੇ ਪੁਰਾਣੇ ਦਿਨਾਂ ਨੂੰ ਅਤੇ ਸ਼ੁਰੂਆਤੀ ਸੰਘਰਸ਼ ਨੂੰ ਯਾਦ ਕਰਦਿਆਂ ਤਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਸਮੇਤ ਸਾਲ 2008 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ ਅਤੇ ਸਾਲ 2011 ਵਿੱਚ ਐਰਾਰਾਟ ਆ ਵੱਸੇ ਸਨ।

ਸ਼ਿਵਾਲੀ ਚੇਟਲੀ

ਪੰਜਾਬ ਦੇ ਰਾਏਕੋਟ (ਜਿਲ੍ਹਾ ਲੁਧਿਆਣਾ) ਦੀ ਜੰਮਪਲ ਸ਼ਿਵਾਲੀ ਚੇਟਲੀ ਕਰੀਬ 25 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ।ਪਿਛਲੇ 10 ਸਾਲਾਂ ਤੋਂ ਬੈਂਡੀਗੋ ਰਹਿ ਰਹੇ ਸ਼ਿਵਾਲੀ ਇੱਕ ਕਾਰੋਬਾਰੀ ਹੋਣ ਦੇ ਨਾਲ-ਨਾਲ ਲਿਬਰਲ ਪਾਰਟੀ ਦੇ ਸਰਗਰਮ ਆਗੂ ਅਤੇ ਸਮਾਜਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ।
Shivali Chaitely
Shivali Chaitely
ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰ ਕੇ ਜਿੱਤ ਹਾਸਿਲ ਕਰ ਚੁੱਕੀ ਸ਼ਿਵਾਲੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਬੇਸ਼ੱਕ ਉਹ ਪਿਛਲੇ ਕਈ ਸਾਲਾਂ ਤੋਂ ਸਿਆਸਤ ਨਾਲ ਜੁੜੇ ਹੋਏ ਹਨ ਪਰ ਮੁਕਾਬਲਾ ਬੇਹੱਦ ਸਖ਼ਤ ਹੋਣ ਕਾਰਨ ਜਿੱਤ ਹਾਸਿਲ ਕਰਨਾ ਸੌਖਾ ਨਹੀਂ ਸੀ।
Councillors
ਸ਼ਿਵਾਲੀ ਮੁਤਾਬਿਕ ਬੈਂਡੀਗੋ ਵਿੱਚ ਭਾਰਤੀ ਪਰਿਵਾਰਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਉਨ੍ਹਾਂ ਤੋਂ ਇਲਾਵਾ ਕੋਈ ਹੋਰ ਭਾਰਤੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਸੀ।
ਸ਼ਿਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਕਾਰੋਬਾਰੀ ਹੋਣ ਦੇ ਨਾਲ-ਨਾਲ ਸਿਆਸਤ ਵਿੱਚ ਸਿੱਧਾ ਸਬੰਧ ਰੱਖਣ ਵਾਲਾ ਹੋਣ ਕਾਰਨ ਉਨ੍ਹਾਂ ਨੂੰ ਸਿਆਸਤ ਦੀ ਗੁੜਤੀ ਘਰ ਤੋਂ ਹੀ ਮਿਲੀ ਹੈ।

ਸ਼ਿਵਾਲੀ ਦਾ ਕਹਿਣਾ ਹੈ ਕਿ ਉਹ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।

Podcast Collection: ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,

ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share