ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਇਹ ਨੌਜਵਾਨ ਲਾ ਰਿਹਾ ਹੈ ਗਗਨ-ਚੁੰਬੀ ਇਮਾਰਤਾਂ ਨਾਲ਼ 'ਮੱਥਾ'

Barinder Singh Bajwa

ਬਰਿੰਦਰ ਸਿੰਘ ਮੈਲਬੌਰਨ ਵਿੱਚ ਇੱਕ "ਰੋਪ ਐਕਸੈਸ ਟੈਕਨੀਸ਼ੀਅਨ" ਵਜੋਂ ਕੰਮ ਕਰ ਰਿਹਾ ਹੈ। Source: Supplied by Mr Bajwa

ਮੈਲਬੌਰਨ ਸ਼ਹਿਰ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਇਆ ਬਰਿੰਦਰ ਸਿੰਘ ਬਾਜਵਾ ਇੱਕ ਬਿਲਕੁਲ ਵੱਖਰੀ ਕਿਸਮ ਦੀ ਨੌਕਰੀ ਕਰ ਰਿਹਾ ਹੈ। ਸਾਹਸੀ ਤੇ ਜਾਨ ਜੋਖ਼ਮ ਵਾਲੇ ਕੰਮਾਂ ਵਿਚ ਰੁਚੀ ਰੱਖਣ ਵਾਲੇ ਬਰਿੰਦਰ ਨੇ ਆਮਦਨ ਪੱਖੋਂ ਦੂਜੇ ਆਮ ਕੰਮਾਂ ਨਾਲੋਂ ਬਿਹਤਰ ਹੋਣ ਕਰਕੇ ਇਸ ਨੌਕਰੀ ਨੂੰ ਚੁਣਿਆ ਸੀ।


29-ਸਾਲਾ ਬਰਿੰਦਰ ਸਿੰਘ ਬਾਜਵਾ ਮੈਲਬੌਰਨ ਵਿੱਚ ਇੱਕ "ਰੋਪ ਐਕਸੈਸ ਟੈਕਨੀਸ਼ੀਅਨ" ਵਜੋਂ ਕੰਮ ਕਰ ਰਿਹਾ ਹੈ ਜਿਥੇ ਉਸਦਾ ਕੰਮ ਉੱਚੀਆਂ ਇਮਾਰਤਾਂ ਦੀ ਬਾਹਰੀ ਦੇਖਭਾਲ਼ ਨਾਲ਼ ਸਬੰਧਿਤ ਹੈ। 

ਬਰਿੰਦਰ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਦੱਸਿਆ ਕਿ ਇਸ ਕੰਮ ਲਈ ਚੁਣੇ ਜਾਣ ਲਈ ਉਸਨੂੰ ਕਈ ਤਕਨੀਕੀ ਕੋਰਸ ਕਰਨੇ ਪਏ ਅਤੇ ਲਾਇਸੈਂਸ ਲੈਣ ਲਈ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਕਾਫੀ ਮਿਹਨਤ ਕਰਨੀ ਪਈ।

2019 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਇਸ ਪੰਜਾਬੀ ਨੌਜਵਾਨ ਨੇ ਇਸ ਤੋਂ ਪਹਿਲਾਂ ਕਈ ਕਿਸਮ ਦੀਆਂ ਨੌਕਰੀਆਂ ਵਿੱਚ ਹੱਥ ਅਜਮਾਇਆ ਜਿਸ ਵਿੱਚ ਫੈਕਟਰੀਆਂ ਵਿਚਲਾ 'ਸ਼ਿਫਟ ਵਰਕ' ਤੇ ਸਰੀਰਕ ਮਿਹਨਤ-ਮਜ਼ਦੂਰੀ ਵੀ ਸ਼ਾਮਲ ਸੀ।

ਪਰ ਕਰੋਨਾਵਾਇਰਸ ਦੇ ਦੌਰ ਵਿੱਚ ਕੰਮ ਅਤੇ ਆਮਦਨ ਵਿੱਚ ਆਈ ਖੜੋਤ ਨੇ ਉਸ ਨੂੰ ਕੁਝ ਵੱਖਰਾ ਅਤੇ ਇਵਜ਼ਾਨੇ ਦੇ ਪੱਖੋਂ ਬਿਹਤਰ ਕੰਮ ਕਰਨ ਲਈ ਸੋਚਣ ਉੱਤੇ ਮਜਬੂਰ ਕੀਤਾ।
Barinder Singh had to adjust to the new and challenging working conditions.
Barinder Singh had to adjust to the new and challenging working conditions. Source: Supplied by Mr Bajwa
ਆਪਣੇ ਕੈਨੇਡਾ ਰਹਿੰਦੇ ਮਿੱਤਰ ਦਲੇਰ ਸਿੰਘ ਦੀ ਸਲਾਹ ਅਤੇ ਦਿੱਤੇ ਹੌਂਸਲੇ ਨਾਲ਼ ਉਸਨੇ ਇਸ 'ਵੱਖਰੇ ਜਿਹੇ ਕੰਮ' ਲਈ ਪੜ੍ਹਾਈ ਤੇ ਸਿਖਲਾਈ ਸ਼ੁਰੂ ਕੀਤੀ।

ਬਰਿੰਦਰ ਨੇ ਦੱਸਿਆ ਕਿ ਉਸ ਦਾ ਇਹ ਮਿੱਤਰ ਖ਼ੁਦ ਵੀ ਕੈਨੇਡਾ ਵਿੱਚ ਉੱਚੀਆਂ ਇਮਾਰਤਾਂ ਵਿਚਲੇ ਮੁਰੰਮਤ ਅਤੇ ਦੇਖਭਾਲ ਵਿਭਾਗ ਵਿਚ ਕੰਮ ਕਰਦਾ ਹੈ ਜਿਸ ਨਾਲ਼ ਉਸਨੂੰ ਉਸਦੇ ਤਜ਼ੁਰਬੇ ਪੱਖੋਂ ਕਾਫੀ ਜਾਣਕਾਰੀ ਮਿਲੀ।

"ਇਹ ਕੰਮ ਕਾਫ਼ੀ ਸਾਹਸ ਵਾਲਾ ਹੈ। 100-110 ਮੰਜ਼ਲੀ ਇਮਾਰਤ ਦੇ ਨਾਲ ਰੱਸੇ ਆਸਰੇ ਲਮਕਣਾ ਤੇ ਕੰਮ ਕਰਨਾ ਵਾਕਈ ਇੱਕ ਹੌਸਲੇ ਵਾਲਾ ਕੰਮ ਹੈ ਜੋ ਹਰ ਕਿਸੇ ਦੇ ਵੱਸ ਦਾ ਨਹੀਂ ਹੋ ਸਕਦਾ," ਉਸਨੇ ਕਿਹਾ।  

"ਪਰ ਸਾਡਾ ਇੰਸਟੀਚਿਊਟ ਕਾਫੀ ਵਧੀਆ ਹੈ ਉਨ੍ਹਾਂ ਦੀ ਯੋਗ ਸਿਖਲਾਈ, ਜਿਸ ਵਿੱਚ ਕਿਸੇ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਦੇ ਹੋਏ ਤਿਆਰ ਕਰਨਾ ਵੀ ਸ਼ਾਮਲ ਹੁੰਦਾ ਹੈ, ਮੇਰੇ ਲਈ ਇਸ ਮੁਸ਼ਕਿਲ ਕੰਮ ਨੂੰ ਆਸਾਨ ਬਣਾਉਣ ਵਿੱਚ ਕਾਫ਼ੀ ਮਦਦਗਾਰ ਸਾਬਤ ਹੋਈ।"
ਬਰਿੰਦਰ ਨੇ ਦੱਸਿਆ ਕਿ ਲੋੜ੍ਹੀਂਦੀ ਪੜ੍ਹਾਈ ਅਤੇ ਤਕਨੀਕੀ ਸਿਖਲਾਈ ਵਿੱਚ ਉਸਨੂੰ ਹਜ਼ਾਰਾਂ ਡਾਲਰ ਖਰਚਣੇ ਪਏ ਅਤੇ ਕੰਮ ਸ਼ੁਰੂ ਕਰਨ ਵੇਲੇ 10,000 ਡਾਲਰ ਕੀਮਤ ਦੀ ਇੱਕ ਕਿੱਟ ਵੀ ਲੈਣੀ ਪਈ ਜਿਸ ਦੀ ਮੱਦਦ ਨਾਲ਼ ਉਹ ਉੱਚੀਆਂ ਇਮਾਰਤਾਂ ਦੇ ਬਾਹਰ ਖੁੱਲੇ ਅਸਮਾਨ ਵਿੱਚ ਕੰਮ ਕਰਦਾ ਹੈ।

"ਪੈਸੇ ਖਰਚੇ ਭੁੱਲ ਜਾਂਦੇ ਹਨ ਜੇ ਕੰਮ ਵਾਲ਼ਾ ਪਾਸਾ ਸਹੀ ਪੈ ਜਾਵੇ। ਬਾਕੀ ਕਿੱਟ ਵਾਲ਼ੇ ਪੈਸੇ ਕਦੇ ਨਹੀਂ ਚੁਬਦੇ ਕਿਉਂਕਿ ਉਹ ਕੰਮ ਦੀ ਇੱਕ ਜ਼ਰੂਰਤ ਵੀ ਅਤੇ ਤੁਹਾਡੀ ਜਾਨ ਦੀ ਹਿਫਾਜ਼ਤ ਵੀ ਕਰਦੀ ਹੈ," ਉਸਨੇ ਕਿਹਾ।  

ਬਰਿੰਦਰ ਇਸ ਨੌਕਰੀ ਵਿੱਚ ਆਉਣ ਪਿੱਛੋਂ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਵੀ ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰਦਾ ਹੈ।  ਉਸਨੇ ਦੱਸਿਆ ਕਿ ਇਸ ਕੰਮ ਵਿਚਲੀ ਤਨਖ਼ਾਹ ਦੂਜੇ 'ਆਮ ਕੰਮਾਂ' ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।
Barinder Singh loves sky diving and other adventurous sports activities.
Barinder Singh loves sky diving and other adventurous sports activities. Source: Supplied by Mr Bajwa
ਬਰਿੰਦਰ ਆਸਟ੍ਰੇਲੀਆ ਆਉਣ ਤੋਂ ਪਹਿਲਾਂ "ਸ਼ਿੱਪ ਇੰਡਸਟਰੀ" ਵਿੱਚ ਕੰਮ ਕਰਦਾ ਸੀ ਜਿਸ ਤਹਿਤ ਉਸਨੂੰ ਖਾੜੀ ਦੇ ਕਈ ਮੁਲਕਾਂ ਵਿਚ ਘੁੰਮਣ ਦਾ ਮੌਕਾ ਮਿਲਿਆ। ਪ੍ਰਦੇਸ ਦੇ ਇਸ ਸਫ਼ਰ ਨੂੰ ਅੱਗੇ ਤੋਰਦਿਆਂ ਹੀ ਉਸਨੇ ਆਸਟ੍ਰੇਲੀਆ ਆਉਣ ਦਾ ਫੈਸਲਾ ਲਿਆ ਸੀ। 

ਉਸਨੂੰ 'ਸਕਾਈ ਡਾਈਵਿੰਗ' ਅਤੇ ਇਸ ਵਰਗੀਆਂ ਹੋਰ ਸਾਹਸੀ ਤੇ ਜਾਨ-ਜ਼ੋਖ਼ਮ ਵਾਲੀਆਂ ਖੇਡਾਂ ਅਤੇ ਗਤੀਵਿਧੀਆਂ ਵਿੱਚ ਵੀ ਕਾਫ਼ੀ ਦਿਲਚਸਪੀ ਹੈ। 

ਪੰਜਾਬ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਲਾਧੂਭਾਣਾ ਪਿੰਡ ਦੇ ਪਿਛੋਕੜ ਵਾਲ਼ਾ ਬਰਿੰਦਰ ਇੱਕ ਦਸਤਾਰਧਾਰੀ ਨੌਜਵਾਨ ਹੈ।  

"ਮੈਨੂੰ ਆਪਣੀ ਸਿੱਖ ਪਛਾਣ ਦੇ ਚੱਲਦਿਆਂ ਕਦੇ ਵੀ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਈ। ਮੇਰੀ ਕੰਪਨੀ ਤੇ ਮੇਰੇ ਸਹਿਕਰਮੀ ਮੈਨੂੰ ਤੇ ਮੇਰੇ ਕੰਮ ਨੂੰ ਹਮੇਸ਼ਾਂ ਸਤਿਕਾਰ ਦਿੰਦੇ ਹਨ ਅਤੇ ਇਹ ਗੱਲ ਮੈਂ ਹਰ ਜਗ੍ਹਾ ਮਾਣ ਨਾਲ ਦੱਸਦਾ ਹਾਂ," ਉਸਨੇ ਕਿਹਾ।
ਬਰਿੰਦਰ ਹੁਣ ਵਰਕ ਵੀਜ਼ਾ ਉਤੇ ਹੈ ਤੇ ਉਸ ਨੂੰ ਜਲਦ ਹੀ ਆਸਟ੍ਰੇਲੀਆ ਦੀ ਪਰਮਾਨੈਂਟ ਰੇਜ਼ੀਡੈਂਸੀ (ਪੀ ਆਰ) ਮਿਲਣ ਦੀ ਆਸ ਹੈ। 

ਉਸਨੇ ਆਪਣੇ ਹਾਣ-ਪ੍ਰਮਾਣ ਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੇ ਪਰਵਾਸ ਦੇ ਜੀਵਨ ਵਿੱਚ ਕਾਮਯਾਬ ਹੋਣ ਲਈ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਹੌਸਲੇ ਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੱਤਾ ਹੈ।

"ਕਰੋਨਾਵਾਇਰਸ ਦੇ ਦੌਰ ਵਿੱਚ ਕੰਮ ਅਤੇ ਆਮਦਨ ਵਿੱਚ ਆਈ ਖੜੋਤ ਨੇ ਕਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਜਿਸ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਿਆਂ ਵਿੱਚ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਿਲ ਹਨ। ਸਾਨੂੰ ਉਨ੍ਹਾਂ ਦਾ ਸਾਥ ਅਤੇ ਜਿਥੇ ਹੋ ਸਕੇ ਅਗਵਾਈ ਦੇਣ ਦੀ ਲੋੜ ਹੈ," ਉਸਨੇ ਕਿਹਾ।
Barinder Singh Bajwa
ਬਰਿੰਦਰ ਸਿੰਘ ਬਾਜਵਾ ਨੇ ਆਮਦਨ ਪੱਖੋਂ ਦੂਜੇ ਆਮ ਕੰਮਾਂ ਨਾਲੋਂ ਬਿਹਤਰ ਹੋਣ ਕਰਕੇ ਇਸ ਨੌਕਰੀ ਨੂੰ ਚੁਣਿਆ ਸੀ। Source: Supplied by Mr Bajwa
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
LISTEN TO
Young Indian migrant finds niche in an ‘unusual job’ to make ends meet amid COVID-19 lockdowns image

ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਇਹ ਨੌਜਵਾਨ ਲਾ ਰਿਹਾ ਹੈ ਗਗਨ-ਚੁੰਬੀ ਇਮਾਰਤਾਂ ਨਾਲ਼ 'ਮੱਥਾ'

SBS Punjabi

29/09/202112:58
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share