ਵਿਕਟੋਰੀਆ ਦੇ ਪੇਂਡੂ ਖੇਤਰ ਹੈਰੋ ਲਾਗੇ ਵੋਮਬਲੇਨੋ ਵਿੱਚ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਵਿੱਚ ਲੱਗੀ ਗੁਰਜੀਤ ਸੰਧੂ ਦੀ ਉਮਰ ਮਹਿਜ਼ 17 ਸਾਲ ਦੀ ਸੀ ਜਦ ਉਹ ਵਿਆਹਕੇ ਆਸਟ੍ਰੇਲੀਆ ਆਈ ਸੀ।
ਉਸਦਾ ਵਿਆਹ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਰਹਿੰਦੇ ਸੰਧੂ ਪਰਿਵਾਰ ਵਿੱਚ ਹੋਇਆ ਜੋ 1938 ਤੋਂ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।
ਗੁਰਜੀਤ ਦੇ ਪਤੀ ਅਵਤਾਰ ਸਿੰਘ 'ਤਾਰੀ' ਦੇ ਗਰੈਂਡਅੰਕਲ ਇੰਦਰ ਸਿੰਘ ਸੰਧੂ 1898 ਵਿੱਚ ਆਸਟ੍ਰੇਲੀਆ ਆਏ ਸਨ।
ਸ੍ਰੀਮਤੀ ਸੰਧੂ ਨੇ ਉਨ੍ਹਾਂ ਨਾਲ ਸਬੰਧਤ ਇੱਕ ਬੜੀ ਦਿਲਚਸਪ ਕਹਾਣੀ ਸਾਂਝੀ ਕੀਤੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਪਰਿਵਾਰ ਦੇ ਬਜ਼ੁਰਗ ਇੰਦਰ ਸੰਧੂ ਇੱਕ ਇੰਡੀਅਨ ਹਾਕਰ ਸਨ ਜੋ ਘੋੜਾ-ਬੱਘੀ 'ਤੇ ਸਮਾਨ ਵੇਚਿਆ ਕਰਦੇ ਸਨ ਤੇ ਉੱਥੇ ਸਥਾਨਕ ਇਲਾਕੇ ਵਿਚ ਉਨ੍ਹਾਂ ਦਾ ਇੱਕ ਗਰੌਸਰੀ ਸਟੋਰ ਵੀ ਸੀ।
A view of sheep grazing near canola fields at Jullundur Farms in western Victoria. Source: Photo by Ms Sondhu
ਪੰਜਾਬ ਤੋਂ ਖਾਲੀ ਹੱਥ ਤੁਰੇ ਇੰਦਰ ਸੰਧੂ ਨੇ ਉਸ ਇਲਾਕੇ ਵਿੱਚ ਮੇਹਨਤ ਨਾਲ਼ ਇਕੱਠੇ ਕੀਤੇ ਪੈਸੇ ਦਾ 1938 ਵਿੱਚ 5,000 ਏਕੜ ਦਾ ਇੱਕ ਟੱਕ ਖੇਤ ਲਿਆ ਸੀ।
ਸ੍ਰੀਮਤੀ ਸੰਧੂ ਨੇ ਆਖਿਆ ਕਿ ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ਉਸ ਵੇਲ਼ੇ ਆਸਟ੍ਰੇਲੀਆ ਵਿੱਚ ਵ੍ਹਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਸੀ।
ਉਨ੍ਹਾਂ ਦੇ ਬਜ਼ੁਰਗ ਨੇ ਜਦ ਵੀ ਖੇਤੀ ਨਾਲ਼ ਜੁੜੇ ਸੰਦ ਖਰੀਦਣ ਲਈ ਕਿਸੇ ਨੀਲਾਮੀ ਉੱਤੇ ਜਾਣਾ ਤਾਂ ਗੋਰੇ ਲੋਕ ਉਨ੍ਹਾਂ ਨੂੰ ਕੈੜੀ ਅੱਖ ਨਾਲ ਵੇਖਦੇ ਸੀ।
ਸ੍ਰੀਮਤੀ ਸੰਧੂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਨਾਤਾ ਸੰਧੂ ਪਰਿਵਾਰ ਨਾਲ ਕਿਵੇਂ ਜੁੜਿਆ -
"ਮੇਰੇ ਪਤੀ 7 ਸਾਲ ਦੇ ਸਨ ਜਦ ਉਹ ਆਸਟ੍ਰੇਲੀਆ ਆਏ, ਉਹ ਇੱਕ ਟਿਪੀਕਲ ਔਜ਼ੀ ਸਨ ਪਰ ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੰਜਾਬ ਦੀ ਕਿਸੇ ਕੁੜੀ ਨਾਲ ਵਿਆਹ ਕਰਵਾਉਣ। ਸਾਡੇ ਦੋਨੋਂ ਪਰਿਵਾਰ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹੋਣ ਕਰਕੇ ਸਾਡਾ ਇਹ ਰਿਸ਼ਤਾ ਇੱਕ 'ਅਰੇਂਜਡ ਮੈਰਿਜ' ਵਾਂਗ ਪੱਕਾ ਹੋਇਆ ਸੀ।"ਸ੍ਰੀਮਤੀ ਸੰਧੂ ਦੱਸਦੇ ਹਨ ਕਿ ਉਨ੍ਹਾਂ ਨੂੰ ਅੱਜ ਵੀ ਉਹ ਰਾਤ ਯਾਦ ਹੈ ਜਦੋਂ ਉਹ ਮੈਲਬੌਰਨ ਹਵਾਈ ਅੱਡੇ ਤੋਂ ਆਪਣੇ ਪਤੀ ਦੇ ਨਾਲ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਸੀ।
Mr and Mrs Sondhu got married in 1976 in Punjab, India Source: Photo by Ms Sandhu
"ਰਾਤ ਦਾ ਸਮਾਂ ਸੀ ਤੇ ਚਾਰੇ ਪਾਸੇ ਸੁੰਨ-ਸਰਾਂ ਸੀ ਤੇ ਕਿਤੇ ਕਿਤੇ ਦੀਵੇ ਵਾਂਗੂੰ ਜਗਦੀ ਇੱਕ-ਅੱਧੀ ਬੱਤੀ ਸੀ। ਇਹ ਗੱਲ ਸੰਨ 1976 ਦੇ ਆਸਟ੍ਰੇਲੀਅਨ ਆਊਟਬੈਕ ਦੀ ਹੈ ਜਦੋਂ ਮੇਰੀ ਉਮਰ ਮਹਿਜ਼ 17 ਸਾਲ ਦੀ ਸੀ।“
ਸ੍ਰੀਮਤੀ ਸੰਧੂ ਦਾ ਪੇਕਾ ਪਰਿਵਾਰ ਪੰਜਾਬ ਵਿੱਚ ਲੁਧਿਆਣੇ ਲਾਗੇ ਮੁੱਲਾਂਪੁਰ-ਦਾਖਾ ਦਾ ਹੈ ਜੋ ਕਿ ਇੱਕ ਰੱਜਦਾ-ਪੁੱਜਦਾ ਪਰਿਵਾਰ ਸੀ ਪਰ ਖੇਤੀ ਨਾਲ ਉਨ੍ਹਾਂ ਦਾ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ।
ਇੱਕ ਨਵੀਂ ਪ੍ਰਵਾਸੀ ਵਜੋਂ ਸਥਾਪਿਤ ਹੋਣ ਲਈ ਜੱਦੋ-ਜਹਿਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਾਫੀ ਸੁੰਨਾਪਣ ਆਇਆ ਕਿਓਂਕਿ ਆਪਣੇ ਪਰਿਵਾਰ ਤੋਂ ਐਨਾ ਦੂਰ ਚਲੇ ਆਉਣਾ ਉਨ੍ਹਾਂ ਲਈ ਇਕੱਲੇਪਣ ਦੀ ਇੱਕ ਵੱਡੀ ਸਮੱਸਿਆ ਲੈਕੇ ਆਇਆ।
"ਸਹੁਰੇ ਘਰ ਪਹਿਲੀ ਰਾਤ ਬਿਤਾਉਣ ਪਿੱਛੋਂ ਅਗਲੇ ਦਿਨ ਜਦ ਮੈਂ ਸਵੇਰੇ ਉੱਠ ਕੇ ਵੇਖਿਆ ਤਾਂ ਚਾਰੇ ਪਾਸੇ ਕੁਝ ਵੀ ਵਿਖਾਈ ਨਾ ਦਿੱਤਾ। ਸਾਡਾ ਘਰ ਖੇਤਾਂ ਵਿੱਚ ਇੱਕ ਸੁੰਨੇ ਇਲਾਕੇ ਵਿੱਚ ਸੀ ਜਿਥੇ ਪੰਜਾਬੀ ਤਾਂ ਕੀ ਬਲਕਿ ਦੂਰ-ਦੂਰ ਤੱਕ ਕੋਈ ਹੋਰ ਭਾਰਤੀ ਪਰਿਵਾਰ ਵੀ ਨਹੀਂ ਸੀ ਰਹਿੰਦਾ। ਮੈਨੂੰ ਬੋਲੀ ਜਾਂ ਭਾਸ਼ਾ ਵਿੱਚ ਕੋਈ ਖ਼ਾਸ ਸਮਸਿਆ ਨਹੀਂ ਆਈ, ਮੁਸ਼ਕਿਲ ਸੀ ਤਾਂ ਇੱਕ ਨਵੇਂ ਮਾਹੌਲ ਵਿੱਚ ਸਥਾਪਿਤ ਹੋਣ ਦੀ।"ਆਪਣੀ ਨਵ-ਵਿਆਉਤਾ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 'ਤਾਰੀ ਦੀ ਭਾਰਤੀ ਘਰਵਾਲੀ' ਨੂੰ ਦੇਖਣ ਤੇ ਉਸਨੂੰ ਮਿਲਣ ਗਿਣਨ ਲਈ ਆਂਢ-ਗੁਆਂਢ ਦੀਆਂ ਕੁੜੀਆਂ ਦਿਲਚਸਪੀ-ਵਸ ਅਕਸਰ ਗੱਲਾਂ ਕਰਦੀਆਂ ਹੁੰਦੀਆਂ ਸਨ।
Ms Sondhu migrated to Australia from India in 1976. Source: Photo Ms Sondhu
ਸ੍ਰੀਮਤੀ ਸੰਧੂ ਨੇ ਇਹ ਵੀ ਦੱਸਿਆ ਕਿ ਇੱਕ 17 ਸਾਲ ਦੀ ਲਾਲ ਚੂੜੇ ਵਾਲੀ ਨਵੀਂ ਵਿਆਹੀ ਪੰਜਾਬਣ ਕੁੜੀ ਦੇ ਲਹਿੰਗੇ ਤੇ ਸੂਹੇ ਰੰਗ ਦੇ ਸੂਟਾਂ ਦੇ ਚਾਅ ਆਸਟ੍ਰੇਲੀਆ ਵਿੱਚ ਪੂਰੇ ਹੋਏ ਜਾ ਨਹੀਂ।
ਉਨ੍ਹਾਂ ਕਿਹਾ ਕਿ ਨਵੀਂ ਵਿਆਹੀ ਮੁਟਿਆਰ ਵਾਂਗ ਦੋ ਕੁ ਦਿਨ ਤਾਂ ਉਨ੍ਹਾਂ ਨੂੰ ਨਵੇਂ ਅਤੇ ਸੋਹਣੇ ਕੱਪੜੇ ਪਾਉਣ ਦਾ ਚਾਅ ਰਿਹਾ ਪਰ ਇਹ ਸ਼ੌਕ ਸਮੇਂ ਦੇ ਨਾਲ ਢਲਦਾ ਗਿਆ।
"ਖੇਤਾਂ ਵਿੱਚ ਰਹਿਣ ਵਾਲ਼ੇ, ਮਿੱਟੀ ਨਾਲ ਮਿੱਟੀ ਹੋਣ ਵਾਲਿਆਂ ਨੂੰ ਮੁੜ੍ਹਕੇ ਪੂੰਝਣ ਤੋਂ ਵਿਹਲ ਮਿਲੇ ਤਾਂ ਹੀ ਉਹ ਨਵੀਂ ਵਿਆਹੀ ਕੁੜੀ ਵੱਲ ਵੇਖਣ ਜਾਂ ਇਹ ਕਹਿ ਲਓ ਉਨ੍ਹਾਂ ਦੇ ਜੀਵਨ ਦੇ ਰੰਗ-ਢੰਗ ਹੁਣ ਕਾਫੀ ਬਦਲ ਗਏ ਸਨ।"ਸ੍ਰੀਮਤੀ ਸੰਧੂ ਨੇ ਇੱਕ ਖ਼ਾਸ ਦਿਨ ਦਾ ਜ਼ਿਕਰ ਕੀਤਾ ਜਦੋਂ ਭੇਡਾਂ ਮੁੰਨਣ ਵਾਲੀ ਥਾਂ ਉਤੇ ਉਹ ਪਹਿਲੀ ਵਾਰ ਆਪਣੀ ਸੱਸ ਦੇ ਕਹੇ ਆਪਣੇ ਪਤੀ ਲਈ ਭੱਤਾ ਲੈ ਕੇ ਗਈ।
Ms Sondhu while selling weaner calves raised at Jullundur Farms. Source: Photo by Ms Sondhu
ਨਵੀਂ ਲਾਈ ਨੇਲ ਪਾਲਿਸ਼ ਤੇ ਮਹਿੰਦੀ ਦਾ ਚਾਅ ਉਦੋਂ ਉਤਰ ਗਿਆ ਜਦੋਂ ਉਸਨੂੰ ਭੇਡ-ਬੱਕਰੀਆਂ ਦੀਆਂ ਮੀਂਗਣਾਂ ਚੱਕਣੀਆਂ ਪਈਆਂ।
“ਮੈਂ ਆਪਣੀ ਜ਼ਿੰਦਗੀ 'ਚ ਅਜਿਹਾ ਕੰਮ ਕਦੇ ਨਹੀਂ ਸੀ ਕੀਤਾ ਸੋ ਮੇਰੇ ਲਈ ਇਹ ਇੱਕ ਬੜੀ ਮੁਸ਼ਕਲ ਦੀ ਘੜੀ ਸੀ। ਮੈਨੂੰ ਆਪਣੇ ਘਰਵਾਲ਼ੇ ਉੱਤੇ ਕਾਫੀ ਗੁੱਸਾ ਆਇਆ।
"ਵੈਸੇ ਮੇਰੇ ਯਾਦ ਹੈ ਕਿ ਮੈਂ ਇਸ ਕੰਮ ਨੂੰ ਸਿੱਧਾ ਹੱਥ ਪਾਉਣ ਦੀ ਬਜਾਇ ਟੀ-ਟੋਵਲ (ਪੌਣਾ) ਦੀ ਮਦਦ ਲਈ ਸੀ ਪਰ ਬਾਅਦ ਵਿੱਚ ਇਹ ਸਭ ਆਮ ਜਿਹੀ ਗੱਲ ਹੋ ਗਈ ਸੀ।"ਸ੍ਰੀਮਤੀ ਸੰਧੂ ਨੇ ਦੱਸਿਆ ਕਿ ਸਥਾਨਕ ਭਾਈਚਾਰੇ ਨੇ ਉਨ੍ਹਾਂ ਨੂੰ ਉਥੇ ਸਥਾਪਤ ਹੋਣ ਲਈ ਕਾਫੀ ਸਹਿਯੋਗ ਦਿੱਤਾ ਜਿਸਦੇ ਲਈ ਉਹ ਅੱਜ ਵੀ ਉਨ੍ਹਾਂ ਦੇ ਰਿਣੀ ਹਨ।
Wool bales at Jullundur Farms in western Victoria Source: Photo by Ms Sondhu
ਇਹ ਬੜੇ ਚੰਗੇ ਲੋਕ ਹਨ ਜਿੰਨਾ ਮੈਨੂੰ ਕਦੇ ਵੀ ਓਪਰੇ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ।
ਸ੍ਰੀਮਤੀ ਸੰਧੂ ਦੇ ਪਤੀ ਫੁਟੀ ਖੇਡਦੇ ਸਨ ਸੋ ਖੇਡ ਮੈਦਾਨਾਂ ਜ਼ਰੀਏ ਉਨ੍ਹਾਂ ਨੂੰ ਸਥਾਨਕ ਭਾਈਚਾਰੇ ਨਾਲ਼ ਮਿਲਣ-ਗਿਲਣ ਤੇ ਹੋਰ ਨੇੜੇ ਹੋਣ ਦਾ ਮੌਕਾ ਮਿਲਿਆ।
ਚਾਰ ਸਾਲ ਪਹਿਲਾਂ ਗੰਭੀਰ ਮਾਨਸਿਕ ਤਣਾਅ ਦੀ ਸਥਿਤੀ ਕਰਕੇ ਆਪਣੇ ਪਤੀ ਦੀ ਹੋਈ ਮੌਤ ਪਿੱਛੋਂ ਸ੍ਰੀਮਤੀ ਸੰਧੂ ਨੇ ਖੇਤੀਬਾੜੀ ਦਾ ਕੰਮ-ਕਾਰੋਬਾਰ ਹੁਣ ਖ਼ੁਦ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ।ਉਹ ਆਪਣੇ 5500 ਏਕੜ ਦੇ ਜਲੰਧਰ ਫ਼ਾਰਮ ਵਿੱਚ ਜਿੱਥੇ ਵੱਖੋ-ਵੱਖਰੀਆਂ ਫ਼ਸਲਾਂ ਉਗਾਉਂਦੇ ਹਨ ਉੱਥੇ ਭੇਡਾਂ ਅਤੇ ਡੰਗਰਾਂ ਦਾ ਕਾਰੋਬਾਰ ਵੀ ਕਰਦੇ ਹਨ।
Ms Sandhu at her 60th birthday celebrations Source: Supplied
ਉਨ੍ਹਾਂ ਦੀ ਔਲਾਦ ਜੇਸਨ, ਬਲਿੰਡਾ, ਅਤੇ ਫਿਲਪ ਵੱਖੋ-ਵੱਖਰੇ ਕੰਮਕਾਰਾਂ ਨਾਲ ਜੁੜੀ ਪੜ੍ਹਾਈ ਕਰਨ ਤੋਂ ਬਾਅਦ ਆਪੋ-ਆਪਣੀ ਜ਼ਿੰਦਗੀ ਵਿੱਚ ਵਧੀਆ ਜੀਵਨ ਨਿਰਬਾਹ ਕਰ ਰਹੇ ਹਨ।
ਉਨ੍ਹਾਂ ਦਾ ਵੱਡਾ ਬੇਟਾ ਜੈਸਨ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਨਾਲ ਖੇਤੀਬਾੜੀ ਵਿੱਚ ਹੱਥ ਵਟਾ ਰਿਹਾ ਹੈ - "ਜੇਸਨ ਨਵੇਂ ਯੁੱਗ ਅਤੇ ਨਵੀਂ ਤਕਨੀਕ ਨਾਲ ਖੇਤੀਬਾੜੀ ਕਰਨ ਵਿੱਚ ਮਾਹਿਰ ਹੈ। ਉਸ ਦੇ ਆਉਣ ਨਾਲ ਮੈਨੂੰ ਖੇਤੀਬਾੜੀ ਪ੍ਰਤੀ ਵੱਖਰਾ ਨਜ਼ਰੀਆ ਤੇ ਕੰਮ ਕਰਨ ਲਈ ਹੋਰ ਹੌਂਸਲਾ ਮਿਲਿਆ ਹੈ।"ਸ੍ਰੀਮਤੀ ਸੰਧੂ ਨੇ ਔਰਤ ਹੋਣ ਦੇ ਨਾਤੇ ਖੇਤੀਬਾੜੀ ਦੌਰਾਨ ਆਈਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ।
The Sondhu family – Mr and Ms Sondhu (sitting); Jason, Belinda and Phillip. Source: Supplied
"ਤੁਹਾਨੂੰ ਹਰ ਪ੍ਰਕਾਰ ਦੇ ਲੋਕ ਮਿਲਦੇ ਹਨ ਕਈ ਵਾਰ ਕੁਝ ਤਾਅਨੇ-ਮਿਹਣੇ ਵੀ ਸੁਣਨ ਨੂੰ ਮਿਲਦੇ ਹਨ ਕਿ ਤੈਨੂੰ ਔਰਤ ਹੋਕੇ ਇਸ ਕੰਮ ਬਾਰੇ ਕੀ ਪਤਾ? ਪਰ ਨਹੀਂ, ਮੈਂ ਆਪਣੇ ਪਤੀ ਨਾਲ਼ ਪਹਿਲਾਂ ਵੀ ਮੋਢੇ ਨਾਲ਼ ਮੋਢਾ ਲਾਕੇ ਕੰਮ ਕਰਦੀ ਰਹੀ ਹਾਂ।
ਮੇਰੇ ਲਈ ਟਰੈਕਟਰ ਚਲਾਉਣਾ, ਸਪਰੇ ਕਰਨੀ, ਭੇਡਾਂ ਅਤੇ ਡੰਗਰਾਂ ਨਾਲ਼ ਜੁੜੇ ਕੰਮ-ਕਾਰੋਬਾਰ ਕਰਨੇ ਆਮ ਜਿਹੀ ਗੱਲ ਹੋ ਨਿਬੜੀ ਹੈ ਜਿਸਦਾ ਕਿ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਮਾਣ ਵੀ ਹੈ।
ਭਾਈਚਾਰੇ ਦੇ ਨਾਂ ਸੁਨੇਹੇ ਵਿੱਚ ਉਨ੍ਹਾਂ ਮਾਨਸਿਕ ਤਣਾਅ ਅਤੇ ਇਸ ਤੋਂ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਲੱਭਣ ਉਤੇ ਜ਼ੋਰ ਦਿੱਤਾ ਹੈ।
ਉਨ੍ਹਾਂ ਆਪਣੇ ਪਤੀ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੁੱਪ 'ਘਾਤਕ' ਹੈ -“ ਮਾਨਸਿਕ ਸਮੱਸਿਆ ਦਾ ਹੱਲ ਗੱਲਬਾਤ ਜਾਂ ਕੌਂਸਲਿੰਗ ਨਾਲ ਨਿੱਕਲ ਸਕਦਾ ਹੈ। ਸੋ ਇਸ ਲਈ ਮੱਦਦ ਲੈਣ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਤੇ ਨਾਹੀ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।“ਸ੍ਰੀਮਤੀ ਸੰਧੂ ਨੇ ਆਪਣੇ ਸਥਾਨਕ ਭਾਈਚਾਰੇ ਨੂੰ ਖਾਸ ਧੰਨਵਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਦੇ ਸਦਕੇ ਹੀ ਉਹ ਆਸਟ੍ਰੇਲੀਆ ਵਿੱਚ ਸਥਾਪਤ ਹੋਣ ਵਿੱਚ ਕਾਮਯਾਬ ਹੋਏ ਹਨ।
Jason Sondhu harvesting wheat at Jullundur Farms in western Victoria Source: Photo by Ms Sondhu
ਉਨ੍ਹਾਂ ਨਵੇਂ ਆਏ ਪਰਵਾਸੀਆਂ ਨੂੰ ਖੇਡਾਂ ਦੇ ਖੇਤਰ ਨਾਲ ਜੁੜਨ ਦੀ ਸਲਾਹ ਵੀ ਦਿੱਤੀ –
"ਨਵੇਂ ਆਏ ਲੋਕਾਂ ਨੂੰ ਖੇਡਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਖੇਡ ਮੈਦਾਨਾਂ ਵਿੱਚ ਤੁਹਾਡਾ, ਤੁਹਾਡੇ ਬੱਚਿਆਂ ਦਾ ਸਥਾਨਿਕ ਲੋਕਾਂ ਨਾਲ ਮੇਲ-ਮਿਲਾਪ ਵਧਦਾ ਹੈ।
“ਸੋ ਇਸ ਸਮਾਜਿਕ ਦਾਇਰੇ ਨੂੰ ਵਧਾਉਣ ਲਈ, ਆਸਟ੍ਰੇਲੀਆ ਦੀ ਮੁਖ ਧਾਰਾ ਵਿੱਚ ਸ਼ਾਮਿਲ ਹੋਣ ਲਈ, ਸੋਸ਼ਲ ਕੋਹੇਜਨ ਦੇ ਮੱਦੇਨਜ਼ਰ ਖੇਡਾਂ ਦੀ ਅਹਿਮੀਅਤ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ।"ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
The Sondhu family Source: Supplied by Ms Sondhu
LISTEN TO
Migration story: Meet the woman who runs the 5,500-acre Jullundur Farms in Australia
SBS Punjabi
16/12/202026:28
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ