24-ਸਾਲਾ ਮਨਦੀਪ ਕੌਰ ਨੇ ਆਸਟ੍ਰੇਲੀਆ ਆਉਣ ਪਿੱਛੋਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਜਿਸ ਦੌਰਾਨ ਉਹ ਰੁਜ਼ਗਾਰ ਅਤੇ ਆਰਥਿਕ ਪੱਖੋਂ ਸਥਾਪਿਤ ਹੋਣ ਲਈ ਵੀ ਨਿਰੰਤਰ ਕੋਸ਼ਿਸ਼ ਕਰਦੀ ਰਹੀ।
2018 ਵਿੱਚ ਪੰਜਾਬ ਦੇ ਅੰਮ੍ਰਿਤਸਰ ਜਿਲੇ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਵਜੋਂ ਆਸਟ੍ਰੇਲੀਆ ਆਉਣ ਵੇਲ਼ੇ ਉਸਦਾ ਧਿਆਨ ਕੰਪਿਊਟਰ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਪੜ੍ਹਾਈ ਕਰਨ ਪਿੱਛੋਂ ਨੌਕਰੀ ਲੈਣ ਦਾ ਸੀ।
ਪਿਛਲੇ ਸਾਲ ਸ਼ੁਰੂ ਹੋਏ ਕੋਵਿਡ-19 ਸੰਕਟ ਦੌਰਾਨ ਬਹੁਤ ਸਾਰੀਆਂ ਕੰਪਨੀਆਂ ਦਾ ਬੰਦ ਹੋਣਾ ਅਤੇ ਯੋਗ ਨੌਕਰੀ ਦਾ ਨਾ ਮਿਲ ਸਕਣਾ ਉਸ ਲਈ ਇੱਕ ਚਿੰਤਾ ਪੈਦਾ ਕਰਨ ਵਾਲ਼ੀ ਸਥਿਤੀ ਸੀ।
“ਮੈਂ ਇੱਕ ਬਹੁਤ ਹੀ ਸਧਾਰਨ ਪਰਿਵਾਰ ਨਾਲ਼ ਸਬੰਧਿਤ ਕੁੜੀ ਹਾਂ ਜੋ ਹੋਰਨਾਂ ਵਿਦਿਆਰਥਣਾਂ ਵਾਂਗ ਇੱਕ ਸੋਹਣੇ ਭਵਿੱਖ ਦਾ ਸੁਪਨਾ ਲੈਕੇ ਆਸਟ੍ਰੇਲੀਆ ਆਈ ਹੈ। ਪਰ ਪਰਵਾਸ ਦੇ ਇਸ ਸਫ਼ਰ ਦੌਰਾਨ ਚੁਣੌਤੀਆਂ ਦਾ ਸਾਮਣਾ ਕਰਨ ਲਈ ਮੈਂ ਹਮੇਸ਼ਾਂ ਹੀ ਤਿਆਰ ਸੀ," ਉਸਨੇ ਕਿਹਾ।ਮੈਲਬੌਰਨ ਰਹਿੰਦਿਆਂ 'ਆਈ ਟੀ' ਸੈਕਟਰ ਵਿੱਚ ਨੌਕਰੀ ਨਾ ਮਿਲਣ ਪਿੱਛੋਂ ਉਸਨੂੰ ਆਰਥਿਕ-ਮੁਹਾਜ ਉੱਤੇ ਕਾਫ਼ੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ।
Mandeep Kaur opted for a career in bricklaying after she struggled to secure a job during the pandemic Source: Supplied by Melbourne Polytechnic
ਇਸ ਉਪਰੰਤ ਉਸਨੇ ਆਪਣੀ ਸਹੇਲੀ ਦੇ ਪਤੀ ਦੀ ਸਲਾਹ ਉੱਤੇ ਮੈਲਬੌਰਨ ਪੋਲੀਟੈਕਨਿਕ ਵਿੱਚ ਬ੍ਰਿਕਲੇਇਰ ਦਾ ਸਰਟੀਫ਼ਿਕੇਟ ਕੋਰਸ ਸ਼ੁਰੂ ਕੀਤਾ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਖ਼ਤਮ ਹੋਇਆ ਹੈ।
ਉਸਨੇ ਦੱਸਿਆ ਕਿ ਅਧਿਆਪਕਾਂ ਅਤੇ ਸਾਥੀ ਵਿਦਿਆਰਥੀਆਂ ਵੱਲੋਂ ਮਿਲੇ ਸਹਿਯੋਗ ਦੌਰਾਨ ਉਸਨੂੰ ਇਹ ਸਮਝ ਆਇਆ ਕਿ "ਇਹ ਵੀ ਕੰਮਾਂ ਵਰਗਾ ਕੰਮ ਹੈ" ਜਿਸਨੂੰ ਔਰਤਾਂ ਵੀ ਕਰ ਸਕਦੀਆਂ ਹਨ।
ਹੁਣ ਉਹ ਇੱਕ ਮਿਸਤਰੀ ਵਜੋਂ ਨੌਕਰੀ ਕਰਦਿਆਂ ਇਮਾਰਤਸਾਜ਼ੀ ਉਦਯੋਗ ਵਿੱਚ ਔਰਤਾਂ ਨਾਲ਼ ਜੁੜ੍ਹੀ ਲਿੰਗ-ਅਧਾਰਿਤ ਰੂੜੀਵਾਦੀ ਸੋਚ ਨੂੰ ਤੋੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।
“ਮੈਂ ਅਕਸਰ ਸੁਣਦੀ ਸੀ ਕਿ ਇਹ ਕੁੜੀਆਂ ਜਾਂ ਔਰਤਾਂ ਦਾ ਕੰਮ ਨਹੀਂ ਹੈ। ਇਸ ਵਿੱਚ ਸਖਤ ਸਰੀਰਕ ਮੇਹਨਤ ਦੀ ਲੋੜ ਹੁੰਦੀ ਹੈ। ਪਰ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਠਾਣ ਲਵੋ ਤਾਂ ਕੁਝ ਵੀ ਮੁਸ਼ਕਿਲ ਨਹੀਂ,” ਉਸਨੇ ਕਿਹਾ।ਆਸਟ੍ਰੇਲੀਅਨ ਬ੍ਰਿਕ ਐਂਡ ਬਲਾਕਲੇਇੰਗ ਟ੍ਰੇਨਿੰਗ ਫਾਊਨਡੇਸ਼ਨ ਲਿਮਟਿਡ (ਏਬੀਬੀਟੀਐਫ) ਦੇ ਸੀਈਓ ਮਾਈਕਲ ਮੌਰਿਸੇ ਨੇ ਕਿਹਾ ਕਿ ਇਹੋ ਜਿਹੇ ਕੰਮ -ਕਾਰਾਂ ਵਿੱਚ ਔਰਤਾਂ ਨਾਲ਼ ਹੁੰਦੇ ਪੱਖਪਾਤ ਨੂੰ ਦੂਰ ਕਰਨਾ ਕਾਫੀ ਚੁਣੌਤੀਪੂਰਨ ਹੋ ਸਕਦਾ ਹੈ।
Mandeep Kaur had to change her career path from IT to trades due to COVID-19. Source: Supplied by Melbourne Polytechnic
“ਮਨਦੀਪ ਵਰਗੀਆਂ ਕੁੜੀਆਂ ਔਰਤਾਂ ਲਈ ਇੱਕ ਬੇਮਿਸਾਲ ਉਦਾਹਰਣ ਹਨ ਜੋ ਸਾਬਿਤ ਕਰਦੀਆਂ ਹਨ ਕਿ ਉਹ ਕਾਮਯਾਬ ਹੋ ਸਕਦੀਆਂ ਹਨ ਚਾਹੇ ਉਹ ਕਿਸੇ ਵੀ ਖਿੱਤੇ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਹੋਣ,” ਉਸਨੇ ਕਿਹਾ।
ਇਸ ਦੌਰਾਨ ਮਨਦੀਪ ਨੇ ਦੱਸਿਆ ਕਿ ਹਾਲਾਂਕਿ ਉਹ 'ਆਈ ਟੀ ਪ੍ਰੋਫੈਸ਼ਨਲ' ਬਣਨ ਦੇ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਸਕੀ ਪਰ ਫਿਰ ਵੀ ਉਹ ਆਸਟ੍ਰੇਲੀਆ ਵਿੱਚ ਮਿਲੇ ਦੂਜੇ ਰੁਜ਼ਗਾਰ ਦੇ ਮੌਕਿਆਂ ਤੋਂ ਖੁਸ਼ ਹੈ।
“ਇਹ ਇਸ ਦੇਸ਼ ਦੀ ਖੂਬਸੂਰਤੀ ਹੈ ਕਿ ਲੋਕ ਤੁਹਾਡੀ ਅਤੇ ਤੁਹਾਡੇ ਕੰਮ ਦੀ ਕਦਰ ਕਰਦੇ ਹਨ। ਇਥੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ 'ਵ੍ਹਾਈਟ ਕਾਲਰ' ਨੌਕਰੀ ਕਰਦੇ ਹੋ ਜਾਂ ਸਰੀਰਕ ਮੇਹਨਤ-ਮੁਸ਼ੱਕਤ - ਤੁਹਾਨੂੰ ਬਰਾਬਰ ਦਾ ਸਨਮਾਨ ਮਿਲਦਾ ਹੈ,” ਉਸਨੇ ਕਿਹਾ।
ਮਨਦੀਪ ਕੌਰ ਨਾਲ਼ ਪੂਰੀ ਗੱਲਬਾਤ ਪੰਜਾਬੀ ਵਿੱਚ ਸੁਣਨ ਲਈ ਇਸ ਆਡੀਓ ਬਟਨ ‘ਤੇ ਕਲਿਕ ਕਰੋ।
LISTEN TO
International student breaks social norms and gender barriers to build her career brick-by-brick
SBS Punjabi
30/07/202112:22
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ