ਬਹੁ-ਸੱਭਿਆਚਾਰਕ ਹੋਵੇਗਾ ਮੈਲਬਰਨ ਦਾ ‘ਇੰਟਰਨੈਸ਼ਨਲ ਹਾਕੀ ਕੱਪ’, ਚੋਟੀ ਦੇ ਅੰਤਰਰਾਸ਼ਟਰੀ ਖਿਡਾਰੀ ਲੈਣਗੇ ਹਿੱਸਾ

International Hockey Cup 2024.jpg

ਮੈਲਬਰਨ ਸਪੋਰਟਸ ਸੈਂਟਰ ਪਾਰਕਵਿਲ ਵਿਖੇ 27 ਤੋਂ 29 ਸਿਤੰਬਰ 2024 ਦਰਮਿਆਨ ‘ਇੰਟਰਨੈਸ਼ਨਲ ਹਾਕੀ ਕੱਪ’ ਹੋਣ ਜਾ ਰਿਹਾ ਹੈ, ਜਿਸ ਵਿਚ ਹਾਕੀ ਦੇ ਚੋਟੀ ਦੇ ਅੰਤਰਾਸ਼ਟਰੀ ਖਿਡਾਰੀ ਖੇਡਦੇ ਨਜ਼ਰ ਆਉਣਗੇ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਇਸ ਹਾਕੀ ਕੱਪ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਆਯੋਜਨ ਦਾ ਮਕਸਦ ਆਸਟ੍ਰੇਲੀਆ ਵੱਸਦੇ ਉਭਰ ਰਹੇ ਹਾਕੀ ਖਿਡਾਰੀਆਂ ਦੀ ਖੇਡ ਨੂੰ ਤਰਾਸ਼ਣਾ ਅਤੇ ਭਵਿੱਖ ਦੇ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ।


ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਤੀਸਰੇ ਸਾਲ ਆਯੋਜਿਤ ਹੋਣ ਵਾਲੇ ਇੰਟਰਨੈਸ਼ਨਲ ਹਾਕੀ ਕੱਪ ਵਿੱਚ ਇਸ ਸਾਲ ਕੁੱਲ 18 ਟੀਮਾਂ ਖੇਡਣਗੀਆਂ, ਜਿਨ੍ਹਾਂ ਵਿੱਚ ਮਰਦਾਂ ਦੀਆਂ ਅੱਠ ਟੀਮਾਂ ਤੋਂ ਇਲਾਵਾ ਔਰਤਾਂ ਦੀਆਂ ਛੇ ਟੀਮਾਂ ਅਤੇ ਅੰਡਰ-15 ਬੱਚਿਆਂ ਦੀਆਂ ਚਾਰ ਟੀਮਾਂ ਹਨ।

ਉਨ੍ਹਾਂ ਦੱਸਿਆ ਕਿ ਹਾਕੀ ਦੇ ਇਨ੍ਹਾਂ ਰੋਮਾਂਚਕਾਰੀ ਮੁਕਾਬਲਿਆਂ ਵਿੱਚ ਸਿਰਫ ਪੰਜਾਬੀ ਜਾਂ ਭਾਰਤੀ ਮੂਲ ਦੇ ਖਿਡਾਰੀ ਹੀ ਹਿੱਸਾ ਨਹੀਂ ਲੈਣਗੇ ਬਲਕਿ ਵੱਖ-ਵੱਖ ਮੁਲਕਾਂ ਅਤੇ ਸੱਭਿਆਚਾਰਾਂ ਦੇ ਪਿਛੋਕੜ ਵਾਲੇ ਹਾਕੀ ਖਿਡਾਰੀ ਵੀ ਖੇਡਦੇ ਨਜ਼ਰ ਆਉਣਗੇ।

ਅੰਤਰਾਸ਼ਟਰੀ ਪੱਧਰ ਦੇ ਨਾਮਵਰ ਹਾਕੀ ਖਿਡਾਰੀਆਂ ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ 3 ਦਿਨ ਖੇਡੇ ਜਾਣ ਵਾਲੇ ਮੈਚਾਂ ਵਿੱਚ ਉਲੰਪੀਅਨ ਆਕਾਸ਼ਦੀਪ ਸਿੰਘ (ਭਾਰਤ), ਉਲੰਪੀਅਨ ਪ੍ਰਦੀਪ ਮੋਰ (ਭਾਰਤ), ਹਰਜੀਤ ਸਿੰਘ (ਭਾਰਤ), ਜਸਜੀਤ ਸਿੰਘ ਕੁਲਾਰ (ਭਾਰਤ), ਗਗਨਪ੍ਰੀਤ ਸਿੰਘ (ਭਾਰਤ), ਅਬੁਬਕਰ ਮੁਹੰਮਦ (ਪਾਕਿਸਤਾਨ), ਅਕਮਲ ਹੁਸੈਨ (ਪਾਕਿਸਤਾਨ), ਹਮਜ਼ਾ ਫੈਯਾਜ਼ (ਪਾਕਿਸਤਾਨ), ਪਵਨਦੀਪ ਸਿੰਘ (ਮਲੇਸ਼ੀਆ), ਅਤੇ ਅਲੈਗਜ਼ੈਂਡਰ ਸੈਂਡੋਵਲ (ਮੈਕਸੀਕੋ) ਖੁਦ ਖੇਡਣ ਦੇ ਨਾਲ-ਨਾਲ ਜੂਨੀਅਰ ਖਿਡਾਰੀਆਂ ਨੂੰ ਹਾਕੀ ਦੇ ਗੁਰ ਵੀ ਸਿਖਾਉਣਗੇ।

ਮਨਪ੍ਰੀਤ ਸਿੰਘ ਮੁਤਾਬਿਕ ਫਾਈਨਲ ਮੈਚ ਵਾਲੇ ਦਿਨ 300 ਬੱਚਿਆਂ ਵਲੋਂ ਭੰਗੜੇ ਦੀ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਦਰਸ਼ਕਾਂ ਲਈ ਬੁਲੇਟ ਮੋਟਰਸਾਈਕਲ ਅਤੇ ਹੋਰ ਆਕਰਸ਼ਕ ਪੁਰਸਕਾਰ ਵੀ ਕੱਢੇ ਜਾਣਗੇ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share