ਐਸ ਬੀ ਐਸ ਪੰਜਾਬੀ ਦੇ ਸਰੋਤਿਆਂ ਨੂੰ ਇਹ ਤਾਂ ਭਲੀ ਭਾਂਤ ਹੀ ਪਤਾ ਹੈ ਕਿ ਦੋਵੇਂ ਸੰਸਾਰ ਯੁੱਧਾਂ ਵਿੱਚ ਭਾਰਤੀ ਤੇ ਖਾਸ ਕਰ ਕੇ ਸਿੱਖ ਸਿਪਾਹੀਆਂ ਨੇ ਬਹੁਤ ਅਹਿਮ ਯੋਗਦਾਨ ਪਾਇਆ ਸੀ। ਤਕਰੀਬਨ ਇੱਕ ਮਿਲੀਅਨ ਫੋਜੀਆਂ ਵਲੋਂ ਇਹਨਾਂ ਯੁੱਧਾਂ ਵਿਚ ਦਿਖਾਏ ਗਏ ਜੋਹਰਾਂ ਦੋਰਾਨ ਕਈਆਂ ਨੇ ਤਾਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਅਤੇ ਬਹੁਤ ਸਾਰਿਆਂ ਨੇ ਉਸ ਸਮੇਂ ਦੇ ਉੱਚ ਸਨਮਾਨ ਵੀ ਪ੍ਰਾਪਤ ਕੀਤੇ।ਇਕ ਆਮ ਜਿਹੀ ਧਾਰਨਾਂ ਹੈ ਕਿ ਭਾਰਤੀ ਫੌਜੀਆਂ ਨੇ ਸਿਰਫ ਪੱਛਮੀ ਖਿੱਤੇ ਦੇ ਨਾਲ ਨਾਲ ਯੂਰਪ ਦੇ ਬਹੁਤ ਸਾਰੇ ਹਿਸਿਆਂ ਵਿੱਚ ਹੀ ਅਲਾਈਡ ਫੋਰਸਸ ਨਾਲ ਮਿਲ ਕੇ ਲੜਾਈ ਲੜੀ ਸੀ। ਪਰ ਇਸ ਤੋਂ ਅਲਾਵਾ, ਇਹਨਾਂ ਭਾਰਤੀ ਫੋਜੀਆਂ ਨੇ ਅਫਰੀਕਾ, ਮੈਸੋਪੌਤਾਮੀਆ ਅਤੇ ਮਿਡਲ ਈਸਟ ਵਿੱਚ ਵੀ ਦੁਸ਼ਮਣਾਂ ਨੂੰ ਵਾਹਿਣੀ ਪਾਈ ਰੱਖਿਆ ਸੀ। ਹੁਣੇ, ਪਿਛੇ ਜਿਹੇ ਹੀ ਸਾਡੇ ਸਰੋਤਿਆਂ ਨੇ ਸੋਸ਼ਲ ਮੀਡੀਆ ਉੱਤੇ ਇਕ ਡਾਕ ਟਿਕਟ ਵੀ ਦੇਖੀ ਹੋਵੇਗੀ ਜਿਸ ਨੂੰ ਇਸਰਾਈਲ ਨੇ ਜਾਰੀ ਕੀਤਾ ਹੈ, ਸਿੱਖ-ਭਾਰਤੀ ਫੋਜੀਆਂ ਵਲੋਂ ਹਾਈਫਾ ਦੇ ਮਸ਼ਹੂਰ ਯੁੱਧ ਵਿੱਚ ਵਲੋਂ ਪਾਏ ਗਏ ਉਹਨਾਂ ਦੇ ਅਹਿਮ ਯੋਗਦਾਨ ਦੇ ਸਨਮਾਨ ਵਿੱਚ। ਤੇ ਐਸ ਬੀ ਐਸ ਦੀ ਪੰਜਾਬੀ ਟੀਮ ਨੇ ਇਸ ਬਾਬਤ ਕੁੱਝ ਹੋਰ ਡੂੰਘਾਈ ਵਿੱਚ ਜਾ ਕੇ ਤੱਥ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਲਓ ਪੇਸ਼ ਹੈ ਇਸ ਬਾਬਤ ਕੁੱਝ ਅਹਿਮ ਜਾਣਕਾਰੀ, ਐਮ ਪੀ ਸਿੰਘ ਕੋਲੋਂ।
1914-18 ਦੋਰਾਨ ਹੋਏ ਵਿਸ਼ਵ ਯੁੱਧ ਵਿੱਚ ਭਾਰਤੀ ਫੌਜੀਆਂ ਨੇ ਦੁਸ਼ਮਣ ਤੁਰਕੀ ਅਤੇ ਜਰਮਨੀ ਦੀਆਂ ਫੌਜਾਂ ਵਿਰੁੱਧ ਗਲੀਪੋਲੀ, ਸੂਏਜ਼ ਕੈਨਾਲ, ਸਿਨਾਏ ਦੇ ਨਾਲ ਨਾਲ ਪੈਲੇਸਤੀਨ, ਡਮਾਸਕਸ, ਗਾਜ਼ਾ ਅਤੇ ਜੇਰੂਸਲਮ ਵਿੱਚ ਕਈ ਜੋਰਦਾਰ ਲੜਾਈਆਂ ਲੜੀਆਂ। ਕੇਵਲ ਸਿਨਾਏ- ਪੈਲੇਸਤੀਨ ਫਰੰਟ ਉੱਤੇ ਹੀ, ਲੱਗਭਗ 95,000 ਭਾਰਤੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਉਹਨਾਂ ਵਿੱਚੋਂ ਤਕਰੀਬਨ 10% ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਸਨ। ਇਹਨਾਂ ਭਾਰਤੀ ਫੌਜੀਆਂ ਨੇ ਉਸ ਸਮੇਂ ਲੜਾਈ ਦੇ ਮੈਦਾਨ ਅਤੇ ਬਾਹਰ, ਹਰ ਖੇਤਰ ਵਿੱਚ ਹਿਸਾ ਲਿਆ। ਇਹਨਾਂ ਨੂੰ ਮੈਦਾਨੀ, ਊਠਾਂ, ਖੱਚਰਾਂ, ਇੰਨਫੈਂਨਟਰੀ, ਸਿਗਨਲਸ, ਲੋਜਿਸਟਿਕਸ ਅਤੇ ਕਈ ਹੋਰ ਟੁੱਕੜੀਆਂ ਵਿੱਚ ਬਰਾਬਰ ਸ਼ਾਮਲ ਕੀਤਾ ਗਿਆ ਸੀ। ਇਹਨਾਂ ਭਾਰਤੀ ਫੌਜੀਆਂ ਦਾ ਨੇਤਰਤਵ ਕੀਤਾ ਸੀ, ਬਰਿਟਿਸ਼ ਕਮਾਂਡਰ ਐਡਮੰਡ ਐਲਨਬੀ ਨੇ ਤੇ ਉਸ ਨੇ ਇਹਨਾਂ ਫੌਜੀਆਂ ਦੇ ਸਨਮਾਨ ਵਿੱਚ, ਜੇਰੂਸਲਮ ਦੇ ਮਸ਼ਹੂਰ ਜਾਫਾ ਗੇਟ ਵਾਲੇ ਸਥਾਨ ਉੱਤੇ ਮਿਤੀ 11 ਦਸੰਬਰ 1917 ਨੂੰ ਉਚੇਚੇ ਤੋਰ ਤੇ ਸਮਾਗਮ ਰਚ ਕੇ ਸਲਾਮੀ ਵੀ ਪੇਸ਼ ਕੀਤੀ ਸੀ।ਮਿਤੀ 23 ਸਤੰਬਰ 1918 ਨੂੰ ਇਤਿਹਾਸ ਰਚਦੇ ਹੋਏ, 15ਵੀਂ ਇੰਮਪੀਰੀਅਲ ਸੇਵਾ ਦੀ ਬਰੀਗੇਡ ਜਿਸ ਵਿੱਚ ਭਾਰੀ ਮਾਤਰਾ ਵਿੱਚ ਭਾਰਤੀ ਸਿੱਖ ਫੌਜੀ ਸ਼ਾਮਲ ਸਨ, ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਂਉਂਦੇ ਹੋਏ ਪੈਲੇਸਤੀਨ ਦੇ ਹਾਈਫਾ ਨਾਮੀ ਸ਼ਹਿਰ ਨੂੰ ਮੁੜ ਤੋਂ ਅਜਾਦ ਕਰਵਾਇਆ ਸੀ। ਇਸੇ ਨੂੰ ਸਨਮਾਨ ਦੇਣ ਹਿੱਤ, ਭਾਰਤੀ ਫੌਜ ਵੀ ਹੁਣ ਹਰ ਸਾਲ ਇਸ ਦਿੰਨ ਨੂੰ ‘ਹਾਈਫਾ ਡੇਅ’ ਵਜੋਂ ਮਨਾਉਂਦੀ ਆ ਰਹੀ ਹੈ ਅਤੇ ਭਾਰਤੀ ਫੌਜੀਆਂ ਜਿਨਾਂ ਵਿੱਚ ਮੇਜਰ ਦਲਪਤ ਸਿੰਘ ਅਤੇ ਉਨਾਂ ਦੀ ਟੁਕੜੀ ਦੇ ਹੋਰ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ ਸੀ, ਦੇ ਸਦਕਾ ਉਹਨਾਂ ਨੂੰ ਸਰਵਉੱਚ ਸਨਮਾਨ ਮਿਲਿਟਰੀ ਕਰਾਸ ਨਾਲ ਸਨਮਾਨਤ ਕੀਤਾ ਗਿਆ ਸੀ। ਇਹਨਾਂ ਦੀ ਬਹਾਦਰੀ ਦੀ ਕਹਾਣੀ ਇੰਨ ਬਿੰਨ ਹੁਣ ਇਸਰਾਈਲ ਦੀਆਂ ਪੜਾਈ ਵਾਲੀਆਂ ਪੁਸਤਕਾਂ ਵਿੱਚ ਵੀ ਦਰਜ ਕੀਤੀ ਗਈ ਹੈ ਤਾਂ ਕਿ ਆਉਣ ਵਾਲੀਆਂ ਪੁਸ਼ਤਾਂ, ਇਸ ਨੂੰ ਯਾਦ ਰੱਖਦੇ ਹੋਏ, ਇਹਨਾਂ ਫੌਜੀਆਂ ਦੀ ਬਹਾਦਰੀ ਨੂੰ ਅਦਬ ਪੇਸ਼ ਕਰਦੀਆਂ ਰਹਿਣ।
for their heroic tales during Haifa war. Source: SBS Punjabi
ਮੇਜਰ ਦਲਪਤ ਸਿੰਘ ਨੂੰ ਹਾਈਫਾ ਦੇ ਨਾਇਕ ਦਾ ਖਿਤਾਬ ਵੀ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕਈ ਹੋਰ ਫੌਜੀਆਂ ਜਿਨਾਂ ਵਿੱਚ ਪ੍ਰਮੁੱਖ ਤੋਰ ਤੇ ਕੈਪਟਨ ਅਮਨ ਸਿੰਘ ਬਹਾਦੁਰ, ਦਫਾਦਾਰ ਜੋੜ ਸਿੰਘ, ਕੈਪਟਨ ਅਨੂਪ ਸਿੰਘ ਅਤੇ ਲੈਫਟੀਨੈਂਟ ਸੰਗਤ ਸਿੰਘ ਵੀ ਸ਼ਾਮਲ ਹਨ, ਨੂੰ ਵੀ ਉਹਨਾਂ ਵਲੋਂ ਦਿਖਾਏ ਗਏ ਦਲੇਰਾਨਾਂ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ। ਇਹਨਾਂ ਦੇ ਸਨਮਾਨ ਵਿੱਚ ਮਿਤੀ 2 ਅਕਤੂਬਰ 1918 ਨੂੰ ਇਕ ਸਨਮਾਨ ਪੱਤਰ ਵੀ ਉਚੇਚੇ ਤੋਰ ਤੇ ਜਾਰੀ ਕੀਤਾ ਗਿਆ ਸੀ ਜਿਸ ਦਾ ਸਾਰ ਕੁਝ ਇਸ ਤਰਾਂ ਨਾਲ ਹੈ: “ਹਾਲੇ ਕੁੱਝ ਸਮਾਂ ਪਹਿਲਾਂ ਤੱਕ ਅਸੀਂ ਤੁਰਕੀ ਅਤੇ ਜਰਮਨੀ ਦੀਆਂ ਤਕਰੀਬਨ 80 ਤੋਂ 90 ਹਜਾਰ ਫੌਜਾਂ ਨਾਲ ਮੁਕਾਬਲਾ ਕਰ ਰਹੇ ਸੀ, ਪਰ ਅੱਜ ਅਸੀਂ ਉਹਨਾਂ ਵਿੱਚੋਂ ਤਕਰੀਬਨ 60 ਤੋਂ 70 ਹਜਾਰ ਨੂੰ ਹਥਿਆਰ ਸੁੱਟਵਾ ਕੇ ਗ੍ਰਿਫਤਾਰ ਕਰ ਲਿਆ ਹੈ”। ਰਿਕਾਰਡਾਂ ਅਨੁਸਾਰ, ਕਈ ਫੌਜੀਆਂ ਜਿਨਾਂ ਵਿੱਚ ਸੁਲਤਾਨ ਸਿੰਘ, ਗੁਲਾਬ ਸਿੰਘ, ਕਰਤਾਰ ਸਿੰਘ, ਖੁਦਾ ਬਖਸ਼ ਅਤੇ ਮਨਬੀਰ ਰਾਏ ਆਦਿ ਸ਼ਾਮਲ ਸਨ, ਨੇ ਇਸ ਓਟੋਮੋਨ ਤੁਰਕ ਦੀਆਂ ਫੌਜਾਂ ਨਾਲ ਲੜਾਈ ਦੋਰਾਨ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ।ਕਾਮਨਵੈਲਥ ਵਾਰ ਗਰੇਵਸ ਕਮਿਸ਼ਨ ਅਨੁਸਾਰ ਬਹੁਤ ਸਾਰੇ ਭਾਰਤੀ (ਤਕਰੀਬਨ 900) ਫੌਜੀਆਂ ਨੂੰ ਇਸਰਾਈਲ ਭਰ ਦੇ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਵਿਦਾਈ ਦਿੱਤੀ ਗਈ ਸੀ। ਜਨਰਲ ਸਰ ਐਡਮੰਡ ਐਲਨਬੀ ਨੇ ਇੱਕ ਦਸਤਾਵੇਜ਼ ਵਿੱਚ ਇਥੋਂ ਤੱਕ ਲਿਖਿਆ ਹੈ ਕਿ, “ਭਾਰਤੀ ਫੌਜੀਆਂ ਵਲੋਂ ਦਿਖਾਏ ਗਏ ਬਹਾਦਰੀ ਦੇ ਜੋਹਰ ਇਸ ਲੜਾਈ ਦਾ ਇੱਕ ਕਦੇ ਨਾਂ ਭੁਲਣ ਵਾਲਾ ਇਤੇਹਾਸ ਬਨਣਗੇ” । ਇਕ ਹੋਰ ਦਸਤਾਵੇਜ਼ ਵਿੱਚ ਕੁਝ ਇੰਜ ਦੇ ਇੰਦਰਾਜ ਵੀ ਮੋਜੂਦ ਹਨ, “ਸਿੱਖ ਫੌਜੀਆਂ ਦੀ ਇੱਕ ਟੁਕੜੀ ਨੇ ਰਾਤ ਭਰ ਆਪਣੀ ਮਾਰਚ ਜਾਰੀ ਰੱਖੀ ਅਤੇ ਦੁਸ਼ਮਣਾਂ ਨੂੰ ਅਚਣਚੇਤੇ ਹੀ ਜਾ ਘੇਰੇਆ, ਤੇ ਤਕਰੀਬਨ 200 ਨੂੰ ਬੰਦੀ ਬਨਾਉਣ ਦੇ ਨਾਲ ਨਾਲ ਬਹੁਤ ਸਾਰਿਆਂ ਨੂੰ ਜਖਮੀ ਅਤੇ ਕਈਆਂ ਨੂੰ ਮੋਤ ਦੇ ਘਾਟ ਵੀ ਉਤਾਰ ਦਿਤਾ। ਫਖਰ ਦੀ ਗੱਲ ਇਹ ਹੈ ਕਿ ਇਸ ਗਹਗੱਚ ਲੜਾਈ ਵਿੱਚ ਕਿਸੇ ਇੱਕ ਸਿੱਖ ਫੌਜੀ ਨੇ ਵੀ ਆਪਣੀ ਜਾਨ ਨਹੀਂ ਸੀ ਗਵਾਈ”।
from Commander Edmund Allenby Source: SBS Punjabi
ਸਾਲ 1918 ਵਿਚ ਸੰਸਾਰ ਯੁੱਧ ਤਾਂ ਬੇਸ਼ਕ ਖਤਮ ਹੋ ਗਿਆ ਸੀ ਪਰ ਬਰਿਟਿਸ਼ ਅਤੇ ਭਾਰਤੀ ਟੁਕੜੀਆਂ ਨੂੰ ਬਾਦ ਵਿੱਚ ਉੱਥੇ ਲੜਾਈ ਤੋਂ ਬਾਦ ਵਾਲੀ ਸਥਾਪਨਾਂ ਵਾਸਤੇ ਰੋਕ ਲਿਆ ਗਿਆ ਸੀ।
ਤੇ ਹੁਣ, ਇਹ ਵਾਲੀ ਡਾਕ ਟਿਕਟ ਇਸਰਾਈਲ ਨੇ ਭਾਰਤੀ ਸਿੱਖ ਫੌਜੀਆਂ ਦੇ ਸਨਮਾਨ ਵਿੱਚ ਹੀ ਜਾਰੀ ਕੀਤੀ ਹੈ।