ਸਾਲ 2016 ਵਿੱਚ ਆਈ ਟੀ ਮਾਸਟਰਸ ਦੀ ਪੜਾਈ ਕਰਨ ਲਈ ਆਸਟ੍ਰੇਲੀਆ ਆਈ ਜਸ਼ਨਦੀਪ ਨੂੰ ਸ਼ੁਰੂ ਸ਼ੁਰੂ ਵਿੱਚ ਪੜਾਈ, ਕੰਮ ਅਤੇ ਆਪਣੇ ਵਾਲੀਬਾਲ ਖੇਡਣ ਵਾਲੇ ਸ਼ੌਂਕ ਨੂੰ ਪੂਰਾ ਕਰਨ ਸਮੇਂ ਕੁੱਝ ਜਦੋ ਜਹਿਦ ਜਰੂਰ ਕਰਨੀ ਪਈ, ਪਰ ਸਮਾਂ ਪਾ ਕਿ ਉਸ ਨੇ ਸਿਡਨੀ ਵਿਚਲੇ ਸੁਪਰ ਸਿਖਸ ਸਪੋਰਟਸ ਐਂਡ ਕਲਚਰ ਕਲੱਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਰਫ ਲੜਕਿਆਂ ਦੀ ਟੀਮ ਨਾਲ ਖੇਡਣਾ ਸ਼ੁਰੂ ਕਰ ਦਿੱਤਾ।ਜਸ਼ਨਦੀਪ ਨੇ ਮਾਣ ਨਾਲ ਐਸ ਬੀ ਐਸ ਨੂੰ ਦਸਿਆ ਕਿ, ‘ਸਟੇਟ ਕੱਪ ਵਿੱਚ ਕਈ ਡਵੀਜ਼ਨਾਂ ਹੁੰਦੀਆਂ ਹਨ ਜਿਵੇਂ ਵਨ, ਟੂ ਅਤੇ ਆਨਰਸ। ਮੈਂ ਆਨਰਸ ਟੀਮ ਵਿੱਚ ਯੂ ਟੀ ਐਸ ਲਈ ਖੇਡਦੀ ਰਹੀ। ਇਸ ਸਾਲ ਦੇ ਸਟੇਟ ਕੱਪ ਵਿੱਚ ਚਾਰ ਖੇਡਾਂ ਸਨ ਅਤੇ ਸਾਡੀ ਟੀਮ ਨੇ ਚਾਰੋਂ ਹੀ ਖੇਡਾਂ ਜਿੱਤੀਆਂ ਅਤੇ ਸੋਨੇ ਦੇ ਤਗਮੇ ਨੂੰ ਹਾਸਲ ਕੀਤਾ’।‘ਮੈਂ 13 ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰ ਰਾੜਾ ਸਾਹਿਬ ਸਕੂਲ ਵਿੱਚ ਪੜਦੇ ਹੋਏ ਵਾਲੀਬਾਲ ਖੇਡੀ। ਉਸ ਸਮੇਂ ਕਿਸੇ ਪਰੋਫੈਸ਼ਨਲ ਕੋਚ ਕੋਲੋਂ ਕੋਈ ਟਰੇਨਿੰਗ ਨਹੀਂ ਸੀ ਮਿਲੀ ਪਰ ਸਾਡੇ ਸਕੂਲ ਦੇ ਅਧਿਆਪਕਾਂ ਨੇ ਹੀ ਸਾਨੂੰ ਇਸ ਖੇਡ ਬਾਰੇ ਕੁੱਝ ਟਿਪਸ ਵਗੈਰਾ ਦਿੱਤੇ। ਮੈਂ 7 ਸਾਲਾਂ ਦੀ ਖੇਡ ਦੌਰਾਨ ਚਾਰ ਨੈਸ਼ਨਲ ਖੇਡੇ ਅਤੇ ਇੱਕ ਵਾਰ ਜੇਤੂ ਵੀ ਰਹੇ। ਮੈਨੂੰ “ਬੈਸਟ ਸਟਰਾਈਕਰ ਆਫ ਦਾ ਯੀਅਰ” ਵਾਲਾ ਸਨਮਾਨ ਵੀ ਦਿੱਤਾ ਗਿਆ ਸੀ’।
won gold in NSW state volleyball Source: Jashandeep
playing one of the grand finals to achieve Gold Source: Jashandeep
ਜਸ਼ਨਦੀਪ ਆਪਣੀ ਖੇਡ ਵਿਚਲੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਬੰਨਦੇ ਹੋਈ ਕਹਿੰਦੀ ਹੈ ਕਿ, ‘ਮੈਨੂੰ ਮੇਰੀ ਮਾਤਾ ਨੇ ਹਮੇਸ਼ਾਂ ਹੀ ਇਸ ਖੇਡ ਵਾਸਤੇ ਪ੍ਰੇਰਤ ਕੀਤਾ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਣ ਲਈ ਸਦਾ ਹੀ ਸ਼ਾਬਾਸ਼ੀ ਦਿੱਤੀ। ਪਰ ਮੈਨੂੰ ਇਹ ਦੇਖ ਕਿ ਬੜੀ ਨਿਰਾਸ਼ਾ ਹੁੰਦੀ ਹੈ ਕਿ ਇਸ ਖੇਡ ਵਿੱਚ ਪੰਜਾਬੀ ਕੁੜੀਆਂ ਬਹੁਤ ਹੀ ਘੱਟ ਹਨ’।‘ਆਸਟ੍ਰੇਲੀਆ ਇੱਕ ਅਜਿਹਾ ਮੁਲਕ ਹੈ ਜਿੱਥੇ ਹਰ ਕੋਈ ਕਿਸੇ ਵੀ ਖੇਡ ਨੂੰ ਅਪਣਾ ਸਕਦਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਲੀਆਂ ਖੇਡਾਂ ਦੀ ਟਰੇਨਿੰਗ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਬੇਸ਼ਕ, ਇੱਥੇ ਕਈ ਖੇਡਾਂ ਵਾਸਤੇ ਪੈਸੇ ਭਰਨੇ ਪੈਂਦੇ ਹਨ ਪਰ ਉਸ ਪੈਸੇ ਦਾ ਮੁੱਲ ਪੂਰਾ ਪੂਰਾ ਵਸੂਲ ਵੀ ਹੁੰਦਾ ਹੈ’।
After playing for all boys team, Jashandeep found great team in UTS. Source: Jashandeep
ਜਸ਼ਨਦੀਪ ਨੇ ਸਾਲ 2017 ਵਿੱਚ ਅੰਮ੍ਰਿਤ ਛਕਣ ਤੋਂ ਬਾਅਦ ਦਸਤਾਰ ਬੰਨ ਕੇ ਵਾਲੀਬਾਲ ਖੇਡਦੇ ਸਮੇਂ ਕੋਈ ਵੀ ਦਿੱਕਤ ਨਹੀਂ ਮਹਿਸੂਸ ਕੀਤੀ। ਆਪਣੇ ਖਾਲੀ ਸਮੇਂ ਵਿੱਚ ਜਸ਼ਨਦੀਪ ਕੈਲੀਗ੍ਰਾਫੀ ਕਰਨਾ ਪਸੰਦ ਕਰਦੀ ਹੈ ਅਤੇ ਆਣ ਵਾਲੇ ਸਮੇਂ ਵਿੱਚ ਗੱਤਕਾ ਅਤੇ ਕੀਰਤਨ ਸਿੱਖਣ ਦੀ ਵੀ ਇਛੁੱਕ ਹੈ।