ਪੂਲ ਵਿੱਚ ਡੁੱਬਣ ਕਾਰਨ ਪਿਓ-ਪੁੱਤਰ ਦੀ ਮੌਤ, ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ

Gurjinder Singh & Dharamvir Singh

ਮ੍ਰਿਤਕ ਗੁਰਜਿੰਦਰ ਸਿੰਘ ਅਤੇ ਧਰਮਵੀਰ ਸਿੰਘ ਦੀ ਫਾਈਲ ਫੋਟੋ । Credit: GoFundMe, Supplied by Harpreet Kandra.

ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਦੋ ਸਾਲਾ ਬੱਚੀ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਉਤਰੇ ਪਿਤਾ ਅਤੇ ਦਾਦੇ ਦੀ ਹੋਈ ਮੌਤ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਭਾਈਚਾਰੇ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਫੰਡਰੇਜ਼ਰ ਰਾਹੀਂ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ।


ਈਸਟਰ ਵੀਕੈਂਡ ਮੌਕੇ ਗੋਲਡ ਕੋਸਟ ਦੇ ਇਕ ਹੋਟਲ ਦੇ ਪੂਲ ਵਿੱਚ ਮੌਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੀ ਸ਼ਨਾਖਤ ਧਰਮਵੀਰ ਸਿੰਘ (38 ਸਾਲ) ਅਤੇ ਅਤੇ ਉਸਦੇ ਪਿਤਾ ਗੁਰਜਿੰਦਰ ਸਿੰਘ (65 ਸਾਲ) ਵਜੋਂ ਹੋਈ ਹੈ।

ਮ੍ਰਿਤਕ ਦੇਹਾਂ ਨੂੰ ਗੋਲਡ ਕੋਸਟ ਤੋਂ ਮੈਲਬਰਨ ਭੇਜਣ ਵਿੱਚ ਸਹਾਇਤਾ ਕਰਨ ਵਾਲੇ ਬ੍ਰਿਸਬੇਨ ਤੋਂ ਮਨਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੋਮਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਮਿਲ ਗਈਆਂ ਸਨ ਅਤੇ ਸਾਰੀ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਉਪਰੰਤ ਸ਼ੁੱਕਰਵਾਰ ਨੂੰ ਮੈਲਬਰਨ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ।

"ਧਰਮਵੀਰ ਸਿੰਘ ਮੈਲਬਰਨ ਦੇ ਕਲਾਈਡ ਇਲਾਕੇ ਦਾ ਵਸਨੀਕ ਸੀ ਜੋ ਈਸਟਰ ਦੀਆਂ ਛੁੱਟੀਆਂ ਵਿੱਚ ਆਪਣੇ ਪਰਿਵਾਰ ਸਮੇਤ ਘੁੰਮਣ ਲਈ ਗੋਲਡ ਕੋਸਟ ਗਿਆ ਸੀ।

"ਮ੍ਰਿਤਕ ਧਰਮਵੀਰ ਸਿੰਘ ਆਪਣੇ ਪਿੱਛੇ ਪਤਨੀ ਸੰਦੀਪ ਕੌਰ ਅਤੇ 2 ਧੀਆਂ ਛੱਡ ਗਿਆ ਹੈ। ਸੰਦੀਪ ਕੌਰ ਦਾ ਭਰਾ ਲਵਜੀਤ ਵਿਰਕ ਵੀ ਮੈਲਬਰਨ ਵਿਖੇ ਰਹਿੰਦਾ ਹੈ,"ਉਨ੍ਹਾਂ ਦੱਸਿਆ।
Brisbane based community leader, Manjit Boparai
Brisbane based community leader, Manjit Boparai Source: Supplied
ਪੁਲਿਸ ਸਟੇਟਮੈਂਟ ਅਨੁਸਾਰ ਉੱਥੇ ਇਕ ਹੋਟਲ ਦੇ ਪੂਲ ਵਿੱਚ ਫਿਸਲ ਕੇ ਡਿੱਗੀ ਉਨ੍ਹਾਂ ਦੀ ਛੋਟੀ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਧਰਮਵੀਰ ਸਿੰਘ ਅਤੇ ਉਸ ਦੇ ਪਿਤਾ ਗੁਰਜਿੰਦਰ ਸਿੰਘ ਪਾਣੀ ਵਿੱਚ ਡੁੱਬ ਗਏ।

ਪੂਲ ਵਿੱਚ ਡਿੱਗੀ ਬੱਚੀ ਨੂੰ ਤਾਂ ਬਚਾ ਲਿਆ ਗਿਆ ਪਰ ਪਿਓ-ਪੁੱਤਰ ਦੋਵਾਂ ਦੀ ਮੌਤ ਹੋ ਗਈ।

ਇਸ ਹਾਦਸੇ ਦੀ ਖਬਰ ਫੈਲਦਿਆਂ ਹੀ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਭਾਈਚਾਰੇ ਵੱਲੋਂ ਪਰਿਵਾਰ ਲਈ ਤਕਰੀਬਨ ਡੇਢ ਲੱਖ ਡਾਲਰ ਦੀ ਇਮਦਾਦ

ਸ਼੍ਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕ ਧਰਮਵੀਰ ਸਿੰਘ ਅਤੇ ਉਸ ਦੇ ਪਿਤਾ ਗੁਰਜਿੰਦਰ ਸਿੰਘ ਦੋਵਾਂ ਦਾ ਅੰਤਿਮ ਸਸਕਾਰ ਸਪਰਿੰਗਵੇਲ ਵਿੱਚ ਐਤਵਾਰ ਨੂੰ ਹੋਵੇਗਾ। ਬੁੱਧਵਾਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਵਿਛੜੀਆਂ ਰੂਹਾਂ ਦੇ ਨਮਿੱਤ ਅੰਤਿਮ ਅਰਦਾਸ ਹੋਵੇਗੀ।

ਉਨ੍ਹਾਂ ਦੱਸਿਆ ਕਿ ਹਾਦਸੇ ਦੇ ਤੁਰੰਤ ਬਾਅਦ ਪੀੜਿਤ ਪਰਿਵਾਰ ਲਈ ਫੰਡਰੇਜ਼ਰ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਦੁਪਹਿਰ ਤੱਕ ਪਰਿਵਾਰ ਲਈ 1 ਲੱਖ 45 ਹਜ਼ਾਰ ਡਾਲਰ ਤੋਂ ਵੱਧ ਦੀ ਮਾਲੀ ਇਮਦਾਦ ਇਕੱਠੀ ਹੋਈ ਹੈ।

ਸ਼੍ਰੀ ਬੋਪਾਰਾਏ ਨੇ ਇਸ ਦੁੱਖ ਦੀ ਘੜੀ ਵਿੱਚ ਪੀੜਿਤ ਪਰਿਵਾਰ ਦਾ ਭਾਵਨਾਤਮਕ ਅਤੇ ਮਾਲੀ ਤੌਰ ਉਤੇ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਆਫੀਸਰ ਗੁਰਦਆਰਾ ਸਾਹਿਬ ਵਿਖੇ ਅਰਦਾਸ ਸਮਾਗਮ

ਵਿਕਟੋਰੀਆ ਸੂਬੇ ਦੇ ਸਾਊਥ-ਈਸਟ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਆਫੀਸਰ ਵਿਖੇ ਭਾਈਚਾਰੇ ਵਲੋਂ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਨਮਿਤ ਅਰਦਾਸ ਸਮਾਗਮ ਕਰਵਾਇਆ ਗਿਆ।
Ardas Smagam in Gurdwara Sri Guru Nanak Darbar
ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਆਫੀਸਰ ਵਿਖੇ ਕਰਵਾਏ ਅਰਦਾਸ ਸਮਾਗਮ ਦੀ ਤਸਵੀਰ।
ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅਰਦਾਸ ਸਮਾਗਮ ਉਪਰੰਤ ਭਾਈਚਾਰੇ ਨੂੰ ਇੱਕ ਵੀਡੀਓ ਰਾਹੀਂ ਪਾਣੀ ਵਿੱਚ ਡੁੱਬਣ ਕਾਰਨ ਵਾਪਰਦੇ ਹਾਦਸਿਆਂ ਬਾਰੇ ਅਤੇ ਆਸਟ੍ਰੇਲੀਆ ਵਿੱਚ ਤੈਰਾਕੀ ਦੀ ਅਹਿਮੀਅਤ ਸਬੰਧੀ ਵੀ ਜਾਗਰੂਕ ਕੀਤਾ ਗਿਆ।
Ardas Smagam in Gurdwara Sri Guru Nanak Darbar2
ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਆਫੀਸਰ ਵਿਖੇ ਕਰਵਾਏ ਅਰਦਾਸ ਸਮਾਗਮ ਦੀ ਤਸਵੀਰ।
ਰੋਇਲ ਲਾਈਫ ਸੇਵਿੰਗ ਆਸਟ੍ਰੇਲੀਆ ਮੁਤਾਬਕ ਗਰਮੀਆਂ ਵਿੱਚ 99 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ ਤੋਂ ਬਾਅਦ ਸਿਰਫ ਮਾਰਚ ਮਹੀਨੇ ਵਿੱਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹਨਾਂ ਅੰਕੜਿਆਂ ਵਿੱਚ ਹਾਲ ਹੀ ਵਿੱਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਦੋ ਸਾਲਾ ਬੱਚੀ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਉਤਰੇ ਪਿਤਾ ਅਤੇ ਦਾਦੇ ਦੀ ਮੌਤ ਦੇ ਅੰਕੜੇ ਵੀ ਸ਼ਾਮਲ ਹਨ।

ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ:

Share