ਇਹ ਸਕਾਲਰਸ਼ਿਪ ਚੁਣੇ ਹੋਏ ਵਿਦਵਾਨਾਂ ਨੂੰ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਤਿੰਨ ਸਾਲਾਂ ਤਕ ਪ੍ਰਤੀ ਸਾਲ 70,000 ਡਾਲਰਾਂ ਤੱਕ ਪ੍ਰਦਾਨ ਕਰਦੀ ਹੈ। 2001 ਤੋਂ ਹੁਣ ਤੱਕ ਜੌਨ ਮੋਨੈਸ਼ ਸਕਾਲਰਸ਼ਿਪ ਕੇਵਲ 215 ਨਿਹਾਇਤੀ ਕਾਬਲ ਆਸਟ੍ਰੇਲੀਅਨ ਹੀ ਹਾਸਲ ਕਰ ਸਕੇ ਹਨ।
ਕਪਤਾਨ ਅਮ੍ਰਿੰਦਰ ਸਿੰਘ ਘੁੰਮਣ 2021 ਵਿਚ ਜੌਨ ਮੋਨਾਸ਼ ਫਾਉਂਡੇਸ਼ਨ ਦੁਆਰਾ ਨਾਮਜ਼ਦ 13 ਵਿਅਕਤੀਆਂ ਵਿਚ ਸ਼ਾਮਲ ਹਨ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲ਼ੇ ਪਹਿਲੇ ਆਸਟ੍ਰੇਲੀਅਨ ਸਿੱਖ ਹਨ।
1997 ਵਿੱਚ ਭਾਰਤ ਦੇ ਸੂਬੇ ਪੰਜਾਬ ਤੋਂ ਆਪਣੇ ਮਾਪਿਆਂ ਨਾਲ਼ ਆਸਟ੍ਰੇਲੀਆ ਪ੍ਰਵਾਸੀ ਬਣ ਪਹੁੰਚੇ ਅਮ੍ਰਿੰਦਰ ਨੇ ਆਪਣੀ ਪੜਾਈ ਖ਼ਤਮ ਕਰਣ ਤੋਂ ਬਾਅਦ 2010 ਵਿੱਚ ਆਸਟ੍ਰੇਲੀਅਨ ਰੱਖਿਆ ਫੋਰਸ ਅਕੈਡਮੀ ਜੋਇਨ ਕੀਤੀ। ਉਹ ਛੋਟੇ ਹੁੰਦੇ ਤੋਂ ਹੀ ਸਿੱਖ ਯੂਥ ਆਸਟ੍ਰੇਲੀਆ ਨਾਮਕ ਸੰਸਥਾ ਨਾਲ਼ ਜੁੜੇ ਰਹੇ ਅਤੇ ਕਦੀ ਵੀ ਇਨ੍ਹਾਂ ਵਲੋਂ ਆਯੋਜਿਤ ਸਾਲਾਨਾ ਸਿੱਖ ਨੌਜਵਾਨ ਕੈਂਪ ਵਿੱਚ ਭਾਗ ਲੈਣ ਦਾ ਅਵਸਰ ਨਹੀਂ ਗੁਆਇਆ।
ਕੈਪਟਨ ਘੁੰਮਣ ਨੇ ਆਸਟ੍ਰੇਲੀਆ, ਫਿਜੀ ਅਤੇ ਇਰਾਕ ਅਤੇ ਪਾਪੁਆ ਨਿਊ ਗਿੰਨੀ ਵਰਗੇ ਮੁਲਕਾਂ ਵਿੱਚ ਫ਼ੌਜੀ ਮਿਸ਼ਨਾਂ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਿੱਖ ਵਜੋਂ ਉਨ੍ਹਾਂ ਦੀ ਵੱਖਰੀ ਪਛਾਣ ਉਨ੍ਹਾਂ ਦੀ ਕਾਮਯਾਬੀ ਦਾ ਇੱਕ ਬਹੁਤ ਵੱਡਾ ਕਾਰਣ ਬਣਿਆ।
ਕੈਪਟਨ ਘੁੰਮਣ ਨੇ ਕਿਹਾ ਕਿ ਜੌਨ ਮੋਨਾਸ਼ ਸਕਾਲਰਸ਼ਿਪ ਹਾਸਲ ਕਰਣ ਦਾ ਮਾਣ ਪ੍ਰਾਪਤ ਕਰਣ ਵਾਲ਼ੇ ਪਹਿਲਾ ਸਿੱਖ ਬਣਨ ਤੇ ਉਹ ਬਹੁਤ ਮਾਣ ਮਹਿਸੂਸ ਕਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਕਸ਼ੀ ਵੱਖਰੀ ਪਹਿਚਾਣ ਅਤੇ ਸਿੱਖ ਧਰਮ ਦੇ ਅਮੋਲਕ ਸੂਰਬੀਰਾਂ ਅਤੇ ਯੋਧਿਆਂ ਦਿਆਂ ਜੀਵਨੀਆਂ ਤੋਂ ਮਿਲ਼ੀ ਸੇਧ ਉਨ੍ਹਾਂ ਦੀ ਇਸ ਕਾਮਯਾਬੀ ਦਾ ਸੱਭ ਤੋਂ ਅਣਮੁੱਲਾ ਸਰੋਤ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।