ਆਫ ਸਪਿਨਰ ਵਜੋਂ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਸਦਕਾ ਉਹ ਥੋੜ੍ਹੇ ਸਾਲਾਂ ਅੰਦਰ ਹੀ ਵਿਕਟੋਰੀਆ ਸਟੇਟ ਟੀਮ ਵਲੋਂ ਖੇਡ ਚੁੱਕੀ ਹੈ।
ਹੁਣ ਤੱਕ ਅਨੇਕਾਂ ਮਾਣ-ਸਨਮਾਨ ਹਾਸਲ ਕਰ ਚੁੱਕੀ ਰਿਭਿਆ ਸਿਆਨ ਨੂੰ ਟੀਮ ਵਿੱਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੀ ਖਿਡਾਰਨ ਹੋਣ ਕਾਰਨ ਕ੍ਰਿਕਟ ਆਸਟ੍ਰੇਲੀਆ ਵਲੋਂ ਟੀਮ ਆਫ ਦਾ ਟੂਰਨਾਮੈਂਟ ਦਾ ਸਨਮਾਨ ਵੀ ਮਿਲ ਚੁੱਕਾ ਹੈ।
ਰਿਭਿਆ ਸਿਆਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ 13 ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਰਹਿੰਦਿਆਂ ਛੋਟੀ ਉਮਰੇ ਗਲੀਆਂ ਵਿੱਚ ਕ੍ਰਿਕਟ ਖੇਡਣ ਵਾਲੀ ਰਿਭਿਆ ਸਾਲ 2018 ਵਿੱਚ ਪੱਕੇ ਪੈਰੀਂ ਆਸਟ੍ਰੇਲੀਆ ਆਈ ਸੀ। ਇੱਥੇ ਆ ਕੇ ਉਸ ਨੇ ਕ੍ਰਿਕਟ ਦਾ ਸਫਰ ਪਲੈਂਟੀ ਵੈਲੀ ਤੋਂ ਸ਼ੁਰੂ ਕੀਤਾ।
ਰਿਭਿਆ ਸਿਆਨ ਅਤੇ ਉਸਦੇ ਪਿਤਾ ਜਤਿੰਦਰ ਐਸ ਬੀ ਐਸ ਪੰਜਾਬੀ ਦੇ ਮੈਲਬਰਨ ਸਟੂਡੀਓ ਵਿਖੇ।
ਮੌਜੂਦਾ ਸਮੇਂ ਪਰਾਹਨ ਕ੍ਰਿਕਟ ਕਲੱਬ ਵਲੋਂ ਖੇਡ ਰਹੀ ਰਿਭਿਆ ਸਿਆਨ 2018-2019 ਤੋਂ ਲੈ ਕੇ ਹੁਣ ਤੱਕ ਦੇ ਖੇਡ ਸਫ਼ਰ ਵਿੱਚ ਕੁੱਲ 206 ਮੈਚ ਖੇਡ ਚੁੱਕੀ ਹੈ ਅਤੇ ਉਸ ਨੇ ਇਨ੍ਹਾਂ ਮੈਚਾਂ ਵਿੱਚ 170 ਵਿਕਟਾਂ ਹਾਸਲ ਕੀਤੀਆਂ ਹਨ।
ਭਵਿੱਖ ਵਿੱਚ ਮੈਂ ਆਸਟ੍ਰੇਲੀਆ ਅੰਡਰ 19 ਵਰਲਡ ਕੱਪ, ਟੀ-20 ਲੀਗ, ਬਿਗ ਬੈਸ਼ ਵਰਗੇ ਵੱਡੇ ਮੁਕਬਾਲਿਆਂ ਵਿੱਚ ਖੇਡਣਾ ਚਾਹੁੰਦੀ ਹਾਂ।Ribhya Syan
ਕ੍ਰਿਕਟ ਆਸਟ੍ਰੇਲੀਆ ਨੇ ਹਾਲ ਹੀ ਵਿੱਚ ਵਰਲਡ ਕੱਪ ਅਭਿਆਸ ਅਧੀਨ ਤਿਕੋਣੀ ਸੀਰੀਜ਼ ਲਈ ਅੰਡਰ-19 ਟੀਮ ਦੀ ਸੂਚੀ ਜਾਰੀ ਕੀਤੀ ਹੈ।
ਮਾਣ ਵਾਲੀ ਗੱਲ ਹੈ ਕਿ ਵਿਕਟੋਰੀਆ ਤੋਂ 3 ਖਿਡਾਰਨਾਂ ਚੁਣੀਆਂ ਗਈਆਂ ਹਨ ਅਤੇ ਤਿੰਨੋਂ ਹੀ ਭਾਰਤੀ ਮੂਲ ਦੀਆਂ ਹਨ। ਰਿਭਿਆ ਦਾ ਨਾਮ ਵੀ ਉਸ ਵਿੱਚ ਸ਼ਾਮਿਲ ਹੈ।
ਰਿਭਿਆ ਸਿਆਨ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਖੇਡਾਂ ਵਾਲਾ ਰਿਹਾ ਹੈ। ਉਹ ਖੁਦ ਵੀ ਕ੍ਰਿਕਟ ਖੇਡਦੇ ਰਹੇ ਹਨ ਹਾਲਾਂਕਿ ਉਹ ਵੱਡੇ ਮੈਦਾਨਾਂ ਤੱਕ ਨਹੀਂ ਪਹੁੰਚ ਸਕੇ ਪਰ ਉਹ ਰਿਭਿਆ ਦੀ ਖੇਡ ਰਾਹੀਂ ਆਪਣਾ ਸੁਫਨਾ ਸਾਕਾਰ ਹੁੰਦਾ ਦੇਖ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਿਭਿਆ ਦੀ ਛੋਟੀ ਭੈਣ ਅਭਿਆ ਸਿਆਨ ਵੀ ਲੈਗ ਸਪਿਨਰ ਵਜੋਂ ਜੂਨੀਅਰ ਕ੍ਰਿਕਟ ਖੇਡ ਰਹੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।