ਨਿਊ ਸਾਊਥ ਵੇਲਜ਼ ਤੋਂ ਭਾਰਤੀ ਮੂਲ ਦੇ ਹਰਫਨਮੌਲਾ ਆਸਟ੍ਰੇਲੀਅਨ ਕ੍ਰਿਕਟਰ ਜੇਸਨ ਸੰਘਾ ਅਗਲੇ ਮਹੀਨੇ ਨਿਊਜ਼ੀਲੈਂਡ 'ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਲਈ ਆਸਟਰੇਲੀਆਈ ਟੀਮ ਦੀ ਅਗਵਾਈ ਕਰਨਗੇ।
ਆਸਟਰੇਲੀਆਈ ਟੀਮ ਦੀ ਅਗਵਾਈ ਕਰਨ ਵਾਲੇ 18 ਸਾਲਾ ਸੰਘਾ ਪੰਜਾਬੀ ਮੂਲ ਦੇ ਪਹਿਲੇ ਕ੍ਰਿਕਟਰ ਹਨ। ਸੰਘਾ ਤੋਂ ਇਲਵਾ ਭਾਰਤੀ ਮੂਲ ਦੇ ਪਰਮ ਉਪਲ ਨੂੰ ਵੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਸੰਘਾ ਨੇ ਕਿਹਾ ਕਿ ਟੀਮ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ।
“ਇਹ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਮੈਂ ਪਿਛਲੇ ਸਾਲ ਵਿਸ਼ਵ ਕੱਪ 'ਚ ਅੰਡਰ-19 ਆਸਟਰੇਲੀਆ ਟੀਮ 'ਚ ਸ਼ਾਮਲ ਸੀ। ਮੈਨੂੰ ਉਮੀਦ ਹੈ ਕਿ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ ਅਤੇ ਖਿਤਾਬ ਜਿੱਤਾਂਗੇ।“
13 ਜਨਵਰੀ ਤੋਂ 3 ਫਰਵਰੀ ਤੱਕ ਹੋਣ ਵਾਲੇ ਆਈਸੀਸੀ ਅੰਡਰ -19 ਵਿਸ਼ਵ ਕੱਪ ਚ 16 ਟੀਮਾਂ ਹਿੱਸਾ ਲੈ ਰਹੀਆਂ ਹਨ।
ਟੂਰਨਾਮੈਂਟ ਚ ਆਸਟ੍ਰੇਲੀਆ ਨੂੰ ਪੂਲ-ਬੀ ਵਿਚ ਰੱਖਿਆ ਗਿਆ ਹੈ ਅਤੇ ਉਹ ਆਪਣਾ ਪਹਿਲਾ ਮੈਚ 14 ਜਨਵਰੀ ਨੂੰ ਭਾਰਤ ਖਿਲਾਫ ਖੇਡੇਗਾ|
ਆਸਟ੍ਰੇਲੀਆ ਅਤੇ ਭਾਰਤ ਅੰਡਰ-19 ਵਿਸ਼ਵ ਕੱਪ ਚ ਸਭ ਤੋਂ ਸਫਲ ਟੀਮਾਂ ਹਨ, ਜਿਨ੍ਹਾਂ ਨੇ ਤਿੰਨ-ਤਿੰਨ ਵਾਰ ਖਿਤਾਬ ਜਿੱਤੇ ਹਨ|
ਹਾਲ ਹੀ ਵਿੱਚ ਸੰਘਾ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੂਲਕਰ ਤੋਂ ਬਾਅਦ ਇੰਗਲੈਂਡ ਖਿਲਾਫ਼ 18 ਸਾਲ ਦੀ ਉਮਰ 'ਚ ਫਰਸਟ ਕਲਾਸ ਸੈਂਚੁਰੀ ਬਣਾਉਣ ਵਾਲਾ ਕ੍ਰਿਕਟ ਖਿਡਾਰੀ ਬਣਿਆ ਸੀ।
ਜੇਸਨ ਸੰਘਾ ਦਾ ਜਨਮ 8 ਸਤੰਬਰ 1999 ਨੂੰ ਰੈਂਡਵਿਕ, ਨਿਊ ਸਾਊਥ ਵੇਲਜ਼ 'ਚ ਹੋਇਆ। ਜੇਸਨ ਦੇ ਪਿਤਾ ਕੁਲਦੀਪ ਸੰਘਾ ਪੰਜਾਬ ਦੇ ਬਠਿੰਡਾ ਜਿਲ੍ਹੇ ਤੋਂ ਹਨ। ਉਹ 1980ਵਿਆਂ 'ਚ ਪੜ੍ਹਾਈ ਲਈ ਆਸਟ੍ਰੇਲੀਆ ਚਲੇ ਗਏ ਤੇ ਉੱਥੇ ਹੀ ਵਸ ਗਏ। ਸੰਘਾ ਪਰਿਵਾਰ ਅੱਜਕੱਲ ਨਿਊ ਕਾਸਲ ਦਾ ਨਿਵਾਸੀ ਹੈ।
ਪੰਜਾਬ ਦੇ ਫਰੀਦਕੋਟ ਤੋਂ ਸਬੰਧ ਰੱਖਣ ਵਾਲੇ ਗੁਰਿੰਦਰ ਸੰਧੂ ਪਹਿਲੇ ਭਾਰਤੀ ਮੂਲ ਦੇ ਕ੍ਰਿਕਟਰ ਹਨ ਜੋ ਆਸਟ੍ਰੇਲੀਆ ਲਈ ਪਹਿਲੀ ਵਾਰ ਖੇਡੇ।