ਰੁਜ਼ਗਾਰ ਦੀ ਭਾਲ ਕਰ ਰਹੇ ਲੋਕਾਂ ਨਾਲ ਘਰ ਬੈਠੇ ਪੈਸੇ ਕਮਾਉਣ ਦੇ ਤਰੀਕਿਆਂ ਨਾਲ ਜੁੜੇ ਫਰਜ਼ੀ ਮਾਮਲੇ ਹੁਣ ਵੱਧਦੇ ਜਾ ਰਹੇ ਹਨ। ਵਿਕਟੋਰੀਆ ਪੁਲਿਸ ਮੁਤਾਬਕ ਇਸ ਸਾਲ ਦਰਜਨਾਂ ਪੀੜਤਾਂ ਨੂੰ ਨੌਕਰੀਆਂ ਦਾ ਝਾਂਸਾ ਦੇ ਕੇ $1 ਮਿਲੀਅਨ ਤੋਂ ਵੱਧ ਦਾ ਘਪਲਾ ਕੀਤਾ ਜਾ ਚੁੱਕਿਆ ਹੈ।
ਪਿਛਲੇ ਤਿੰਨ ਮਹੀਨਿਆਂ ਵਿੱਚ ਪੁਲਿਸ ਦੀਆਂ ਰਿਪੋਰਟਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਜਿਸ ਵਿੱਚ 15 ਪੀੜਤਾਂ ਨੇ ਅੱਗੇ ਆਕੇ ਆਪਣੀ ਰਿਪੋਰਟ ਦਰਜ ਕਰਵਾਈ ਹੈ।
ਭਾਰੀ ਮਨ ਨਾਲ ਆਪਣੀ ਕਹਾਣੀ ਦੱਸਣ ਵਾਲੀ ਇਹ ਔਰਤ ਉਹਨਾਂ ਪੀੜਿਤਾਂ ਵਿੱਚੋਂ ਇੱਕ ਹੈ ਜੋ ਘਰ ਤੋਂ ਕਮਿਸ਼ਨ-ਅਧਾਰਿਤ ਨੌਕਰੀ ਦੀ ਜਾਅਲੀ ਪੇਸ਼ਕਸ਼ ਕਰਨ ਵਾਲਿਆਂ ਦੇ ਧੋਖੇ ਦਾ ਸ਼ਿਕਾਰ ਹੋਈ ਹੈ।
ਇਹ ਸਾਰਾ ਪੈਸਾ ਮੇਰੇ ਬੱਚੇ ਲਈ ਸੀ। ਮੈਂ ਇਹ ਪੈਸਾ ਆਪਣੇ ਪਰਿਵਾਰ ਲਈ ਜੋੜਿਆ ਸੀ। ਸਿਰਫ ਮੇਰਾ ਹੀ ਨਹੀਂ ਮੈਂ ਆਪਣੇ ਦੋਸਤਾਂ ਦਾ ਪੈਸਾ ਵੀ ਗੁਆ ਚੁਕੀ ਹਾਂ।ਕਮੀਸ਼ਨ ਅਧਾਰਿਤ ਆਨਲਾਈਨ ਨੌਕਰੀ ਦੀ ਧੋਖਾਧੜੀ ਦੀ ਸ਼ਿਕਾਰ
ਇਸ ਔਰਤ, ਜਿਸ ਦੀ ਪਹਿਚਾਣ ਉਸ ਦੀ ਬੇਨਤੀ 'ਤੇ ਗੁਪਤ ਰੱਖੀ ਜਾ ਰਹੀ ਹੈ, ਮੁਤਾਬਕ ਇਸ ਨੂੰ ਵੀ ਅਜਿਹੀ ਇੱਕ ਪੇਸ਼ਕਸ਼ ਆਨਲਾਈਨ ਦਿੱਤੀ ਗਈ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਸ਼ੁਰੂਆਤ ਵਿੱਚ ਉਸਨੇ ਇਸ ਪੇਸ਼ਕਸ਼ ਵੱਲ ਧਿਆਨ ਨਹੀਂ ਦਿੱਤਾ ਪਰ ਬਾਰ ਬਾਰ ਲਾਲਚ ਦੇ ਕੇ ਉਸ ਨੂੰ ਝਾਂਸੇ ਵਿੱਚ ਲੈ ਲਿਆ ਗਿਆ।
ਇਸ ਮਹਿਲਾ ਅਨੁਸਾਰ ਇਸ ਨੂੰ ਬਕਾਇਦਾ ਇੱਕ ਨਾਮਵਰ ਕੰਪਨੀ ਵੱਲੋਂ ਨੌਕਰੀ ਦਾ ਆਫ਼ਰ ਲੈਟਰ ਵੀ ਦਿੱਤਾ ਗਿਆ।
ਆਨਲਾਈਨ ਜਾਲੀ ਅਕਾਊਂਟ ਬਣਾਉਣ ਅਤੇ ਕੁਝ ਪੈਸੇ ਜਮਾਂ ਕਰਵਾਉਣ ਤੋਂ ਬਾਅਦ ਇਸ ਨੂੰ ਸਕੈਮ ਕਰਨ ਵਾਲਿਆਂ ਵਲੋਂ ਪੈਸੇ ਵਧਾ ਕੇ ਮੋੜੇ ਗਏ। ਇਹ ਸਿਲਸਿਲਾ ਹੋਰ ਲੋਕਾਂ ਨਾਲ ਵੀ ਇਸੇ ਤਰਾਂ ਜਾਰੀ ਸੀ ਜਿਹਨਾਂ ਦੇ ਸੰਪਰਕ ਵਿੱਚ ਇਹ ਮਹਿਲਾ ਵੀ ਸੀ।
ਪੈਸੇ ਕਿੰਨੂੰ ਚੰਗੇ ਨਹੀਂ ਲੱਗਦੇ ! ਮੈਂ ਸੋਚਿਆ ਜੇ ਮੇਰੇ ਨਾਲ ਦੇ ਲੋਗ ਕਮਾ ਸਕਦੇ ਨੇ ਤਾਂ ਮੈਂ ਕਿਉਂ ਨਹੀਂ?
ਲਾਲਚ ਵਿੱਚ ਪੈ ਕੇ ਇਸ ਮਹਿਲਾ ਨੇ ਹੋਰ ਪੈਸੇ ਜਮਾ ਕਰਵਾ ਦਿੱਤੇ, ਪਰ ਕੰਪਨੀ ਨੇ ਕਿਹਾ ਕਿ ਕੁੱਝ ਸਮਾਂ ਹੋਰ ਕੰਮ ਕਰਨ ਤੋਂ ਬਾਅਦ ਇਸਦੇ ਪੈਸੇ ਵਿੱਚ ਵਾਧਾ ਕਰਦੇ ਹੋਏ, ਅਤੇ ਕਮੀਸ਼ਨ ਮਿਲਾ ਕੇ ਮਹਿਲਾ ਨੂੰ ਮੋੜ ਦਿੱਤਾ ਜਾਵੇਗਾ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਇਸ ਪੂਰੀ ਪ੍ਰਕ੍ਰਿਆ ਦੌਰਾਨ ਉਸ ਨੇ ਜਿੱਥੇ ਆਪਣੀ ਸਾਰੀ ਜਮਾਂਪੂੰਜੀ ਤਾਂ ਵਰਤੀ ਹੀ, ਨਾਲ ਹੀ ਆਪਣੇ ਦੋਸਤਾਂ ਅਤੇ ਜਾਣਕਾਰਾਂ ਤੋਂ ਉਧਾਰ ਪੈਸੇ ਚੁੱਕ ਕੇ ਵੀ ਇਸ ਵਿੱਚ ਲਾਉਂਦੀ ਰਹੀ।
ਜਦੋਂ ਇਹ ਰਾਸ਼ੀ ਕਾਫੀ ਵੱਧ ਗਈ ਤਾਂ ਮਹਿਲਾ ਵੱਲੋਂ ਇਨਕਾਰ ਕਰਨ ਅਤੇ ਉਸਦੇ ਪੈਸੇ ਵਾਪਸ ਕਰਨ ਤੇ ਜ਼ੋਰ ਪਾਉਣ ਤੇ ਕਥਿਤ ਦੋਸ਼ੀਆਂ ਨੇ ਸੰਚਾਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਨਾ ਹੀ ਕੋਈ ਫੋਨ, ਈ ਮੇਲ ਜਾਂ ਕੋਈ ਮੈਸਜ ਆਉਣ 'ਤੇ ਇਸ ਮਹਿਲਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋ ਗਿਆ ਹੈ।
ਮੈਂ ਖੁਸ਼ਕਿਸਮਤ ਸੀ ਕਿ ਮੇਰਾ ਪਤੀ ਮੇਰੇ ਨਾਲ ਖੜਾ ਰਿਹਾ ਸੀ। ਮੇਰੇ ਆਲੇ ਦੁਆਲੇ ਇੱਕ ਵੱਡਾ ਪਰਿਵਾਰ ਰਹਿੰਦਾ ਹੈ ਪਰ ਮੇਰੇ ਪਤੀ ਤੋਂ ਇਲਾਵਾ ਕਿਸੇ ਨੇ ਮੇਰਾ ਹਾਲ ਵੀ ਨਹੀਂ ਪੁੱਛਿਆ।
ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਾਉਣ ਤਕ ਮਹਿਲਾ $225,000 ਦੀ ਰਾਸ਼ੀ ਗਵਾ ਚੁੱਕੀ ਸੀ।
ਇਸ ਵੇਲੇ ਮਹਿਲਾ ਅਤੇ ਉਸਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਕਿਉਂਕਿ ਇਹ ਨੁਕਸਾਨ ਸਿਰਫ ਆਰਥਿਕ ਹੀ ਨਹੀਂ, ਬਲਕਿ ਮਾਨਸਿਕ ਅਤੇ ਸਮਾਜਿਕ ਵੀ ਹੈ।
ਇਹ ਕਹਾਣੀ ਸਿਰਫ ਇੱਕ ਪੀੜਿਤ ਦੀ ਹੈ ਜਿਸਨੇ ਅੱਗੇ ਆ ਕੇ ਐਸ ਬੀ ਐਸ ਰਾਹੀਂ ਸਾਰਿਆਂ ਨਾਲ ਸਾਂਝੀ ਕਰਨ ਦਾ ਫੈਸਲਾ ਕੀਤਾ। ਵਿਕਟੋਰੀਆ ਪੁਲਿਸ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਇਸ ਤਰਾਂ ਦੇ ਮਾਮਲਿਆਂ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕਦੇ ਕੋਈ ਆਨਲਾਈਨ ਲਿੰਕ ਨਾ ਖੋਲੋ , ਪੈਸੇ ਦੇ ਮਾਮਲੇ ਵਿੱਚ ਕਿਸੇ ਵੀ ਅਣਜਾਣ ਦਾ ਭਰੋਸਾ ਨਾ ਕਰੋ, ਪੈਸੇ ਕਮਾਉਣ ਦਾ ਕੋਈ ਸ਼ੋਰਟਕਟ ਨਹੀਂ ਹੁੰਦਾਵਿਕਟੋਰੀਆ ਪੁਲਿਸ
ਵਿਕਟੋਰੀਆ ਪੁਲਿਸ ਨੇ ਘਰ ਤੋਂ ਕਮਿਸ਼ਨ-ਅਧਾਰਿਤ ਨੌਕਰੀ ਦੀ ਜਾਅਲੀ ਪੇਸ਼ਕਸ਼ ਕਰਨ ਵਾਲਿਆਂ ਤੋਂ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਸਾਲ ਦਰਜਨਾਂ ਪੀੜਤਾਂ ਨਾਲ ਨੌਕਰੀਆਂ ਦਾ ਝਾਂਸਾ ਦੇ ਕੇ $1 ਮਿਲੀਅਨ ਤੋਂ ਵੱਧ ਦਾ ਘਪਲਾ ਕੀਤਾ ਜਾ ਚੁੱਕਿਆ ਹੈ।
ਪਿਛਲੇ ਤਿੰਨ ਮਹੀਨਿਆਂ ਵਿੱਚ ਪੁਲਿਸ ਦੀਆਂ ਰਿਪੋਰਟਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ, ਅਤੇ 15 ਪੀੜਤਾਂ ਨੇ ਅੱਗੇ ਆ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਤਰਾਂ ਦੇ ਘਪਲਿਆਂ ਵਿੱਚ ਪੀੜਿਤਾਂ ਨੇ ਕੁਲ $400,000 ਤੋਂ ਵੱਧ ਦੀ ਰਾਸ਼ੀ ਗੁਆਉਣ ਦੀ ਰਿਪੋਰਟ ਕੀਤੀ ਜਿਸ ਵਿੱਚ ਹਰੇਕ ਨੂੰ $2,000 ਤੋਂ $200,000 ਤੱਕ ਦਾ ਨੁਕਸਾਨ ਝੱਲਣਾ ਪਿਆ ਹੈ।
ਵੱਧ ਰਹੀ ਆਨਲਾਈਨ ਧੋਖਾਧੜੀ ਤੋਂ ਸੁਚੇਤ ਰਹਿਣ ਦੀ ਲੋੜ। Source: Pixabay
ਅਸੀਂ ਕਮਿਊਨਿਟੀ ਵਿੱਚ ਹਰ ਕਿਸੇ ਨੂੰ ਸਾਵਧਾਨ ਕਰ ਰਹੇ ਹਾਂ - ਖਾਸ ਤੌਰ 'ਤੇ ਉਹਨਾਂ ਨੂੰ ਜਿਹੜੇ ਘਰ ਤੋਂ ਰੁਜ਼ਗਾਰ ਦੀ ਭਾਲ ਕਰ ਰਹੇ ਹਨ ਕਿ ਇਸ ਤਰ੍ਹਾਂ ਦੇ ਘੁਟਾਲਿਆਂ ਤੌ ਪੂਰੀ ਚੌਕਸੀ ਰੱਖੋ।ਸੀਨ ਬੈਟਸ ,ਡਿਟੈਕਟਿਵ ਸੀਨੀਅਰ ਕਾਂਸਟੇਬਲ (ਵਿੰਡਹੈਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ)
ਇੱਕ ਵਾਰ ਪੀੜਤ ਦੁਆਰਾ ਭੁਗਤਾਨ ਕੀਤੇ ਜਾਣ ਤੋਂ ਬਾਅਦ ਘੁਟਾਲਾ ਕਰਨ ਵਾਲੇ ਦੋਸ਼ੀ ਸੰਪਰਕ ਕਰਨ ਦੇ ਸਾਰੇ ਰਸਤੇ ਬੰਦ ਕਰ ਦਿੰਦੇ ਹਨ।
ਵਿਕਟੋਰੀਆ ਵਿਖੇ ਵਿੰਡਹੈਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਇਸ ਕਿਸਮ ਦੀਆਂ 10 ਰਿਪੋਰਟਾਂ ਦੀ ਜਾਂਚ ਕਰ ਰਿਹਾ ਹੈ।
ਆਪਣੇ ਬੈਂਕ, ਪੇਆਈਡੀ ਜਾਂ ਹੋਰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰੋ। Credit: PA/Alamy
ਵਿੰਡਹੈਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵ ਸੀਨੀਅਰ ਕਾਂਸਟੇਬਲ ਸੀਨ ਬੈਟਸ ਨੇ ਇੱਕ ਮੀਡਿਆ ਸਟੇਟਮੈਂਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ।
ਕਦੇ ਵੀ ਕਿਸੇ ਕੰਪਨੀ ਨਾਲ ਔਨਲਾਈਨ ਕੋਈ ਪ੍ਰਬੰਧ ਨਾ ਕਰੋ ਜਿੱਥੇ ਤੁਹਾਨੂੰ ਪੈਸੇ ਕਮਾਉਣ ਲਈ ਅਗਾਊਂ ਪੈਸੇ ਦੇਣੇ ਪੈਂਦੇ ਹੋਣ। ਆਪਣੇ ਵੇਰਵੇ ਦੇਣ ,ਬੈਂਕ ਟ੍ਰਾਂਸਫਰ, ਪੇ ਆਈਡੀ ਜਾਂ ਕ੍ਰਿਪਟੋਕੁਰੰਸੀ ਦੁਆਰਾ ਭੁਗਤਾਨ ਕਰਨ ਤੋਂ ਪਹਿਲਾਂ ਹਰ ਪ੍ਰਕਾਰ ਦੇ ਸਵਾਲ ਜ਼ਰੂਰ ਪੁੱਛੋ।ਸੀਨ ਬੈਟਸ
ਆਨਲਾਈਨ ਖਰੀਦਦਾਰੀ ਕਰਨ ਸਮੇਂ ਪੂਰੀ ਸਾਵਧਾਨੀ ਵਰਤੋ। Source: Pixabay
• ਇਸ਼ਤਿਹਾਰੀ ਨੌਕਰੀਆਂ ਜਿਹਨਾਂ ਲਈ ਤੁਹਾਨੂੰ ਪੈਸੇ ਕਮਾਉਣ ਲਈ ਅਗਾਊਂ ਪੈਸੇ ਦੇਣੇ ਪੈਂਦੇ ਹਨ।
• ਔਨਲਾਈਨ ਕੰਪਨੀ ਜੋ ਬਿਨਾ ਸ਼ਰਤਾਂ, ABN ਜਾਂ ਵੈੱਬਸਾਈਟ ਤੋਂ ਹੁੰਦੀਆਂ ਹਨ।
• ਬੈਂਕ ਟ੍ਰਾਂਸਫਰ, ਪੇ ਆਈਡੀ ਜਾਂ ਕ੍ਰਿਪਟੋਕਰੰਸੀ ਰਾਹੀਂ ਅੱਗੇ ਭੁਗਤਾਨ ਦੀ ਮੰਗ ਕਰਨ ਵਾਲੇ ਔਨਲਾਈਨ ਪ੍ਰਬੰਧ।
• ਭੁਗਤਾਨ ਕਰਨ ਵਾਲੇ ਵਿਅਕਤੀ ਜਾਂ ਕਾਰੋਬਾਰ ਨਾਲ ਮੇਲ ਨਾ ਖਾਂਦਾ ਖਾਤਾ ਧਾਰਕ।
ਪੁਲਿਸ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਘੁਟਾਲੇ ਦੀ ਗਤੀਵਿਧੀ ਬਾਰੇ ਕੋਈ ਵੀ ਜਾਣਕਾਰੀ ਦੇਣੀ ਹੋਵੇ ਤਾਂ ਕਰਾਈਮ ਸਟੌਪਰਜ਼ ਨਾਲ ਇਸ ਨੰਬਰ ਤੇ 1800 333 000 'ਤੇ ਸੰਪਰਕ ਕਰੋ ਜਾਂ ਫੇਰ www.crimestoppersvic.com.au 'ਤੇ ਗੁਪਤ ਰਿਪੋਰਟ ਵੀ ਦਰਜ ਕਰਵਾਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।