ਕ੍ਰਿਕੇਟ ਆਸਟ੍ਰੇਲੀਆ ਦੇ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਵਿੱਚ ਕੁੱਲ ਰਜਿਸਟਰਡ ਕਲੱਬ ਕ੍ਰਿਕੇਟਰਾਂ ਵਿੱਚੋਂ 32 ਫੀਸਦੀ ਕ੍ਰਿਕੇਟਰ ਜਾਂ ਤਾਂ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ ਅਤੇ ਜਾਂ ਫਿਰ ਉਹਨਾਂ ਦਾ ਜਨਮ ਆਸਟ੍ਰੇਲੀਆ ਵਿੱਚ ਆਏ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ।
2019 ਦੀ ਫੇਅਰਫੈਕਸ ਮੀਡੀਆ ਦੀ ਇੱਕ ਹੋਰ ਰਿਪੋਰਟ ਵਿੱਚ ਇਹ ਪਾਇਆ ਗਿਆ ਸੀ ਕਿ ਆਸਟ੍ਰੇਲੀਅਨ ਕਲੱਬ ਕ੍ਰਿਕੇਟ ਦੇ ਤਿੰਨ ਸਭ ਤੋਂ ਮਸ਼ਹੂਰ ਨਾਵਾਂ ਵਿੱਚੋਂ ਦੋ ਭਾਰਤੀਆਂ ਦੇ ਸਨ। ਇਸ ਸੂਚੀ ਵਿੱਚ ‘ਸਿੰਘ’ ਉਪਨਾਮ ਸਭ ਤੋਂ ਮਸ਼ਹੂਰ ਸੀ। ‘ਪਟੇਲ’ ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ ਅਤੇ ਚੋਟੀ ਦੇ 30 ਕ੍ਰਿਕੇਟਰਾਂ ਵਿੱਚ ਕੁਮਾਰ, ਸ਼ਰਮਾ ਅਤੇ ਖਾਨ ਵਰਗੇ ਉਪਨਾਮ ਸ਼ਾਮਲ ਸਨ।
ਸਪੋਰਟਸ ਲੇਖਕ ਪੈਟਰਿਕ ਸਕੀਨ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਕ੍ਰਿਕੇਟ ਵਿੱਚ ਇੱਕ 'ਭੂਚਾਲ ਵਰਗਾ ਬਦਲਾਅ' ਆਇਆ ਹੈ ਅਤੇ ਇਸ ਬਦਲਾਅ ਨੇ ਆਸਟ੍ਰੇਲੀਅਨ ਕ੍ਰਿਕੇਟ ਨੂੰ ਬਦਲਣ ਲਈ ਮਜ਼ਬੂਰ ਕਰ ਦਿੱਤਾ ਹੈ।
ਇਸ ਬਦਲਾਵ ਦੇ ਬਾਵਜੂਦ, ਆਸਟ੍ਰੇਲੀਆਈ ਕ੍ਰਿਕੇਟ ਦੇ ਅੰਤਰਾਸ਼ਟਰੀ ਪੱਧਰ 'ਤੇ ਦੱਖਣੀ ਏਸ਼ੀਆ ਦੀ ਵਿਰਾਸਤ ਵਾਲੇ ਕੁੱਝ ਮੁੱਠੀ ਕੁ ਭਰ ਖਿਡਾਰੀਆਂ ਨੂੰ ਹੀ ਆਸਟ੍ਰੇਲੀਆ ਦੀ ਜਰਸੀ ਪਹਿਨਣ ਅਤੇ ਆਸਟ੍ਰੇਲੀਆ ਲਈ ਖੇਡਣ ਦਾ ਮੌਕਾ ਮਿਲਿਆ ਹੈ।
ਲਗਭਗ 470 ਪੁਰਸ਼ ਆਸਟ੍ਰੇਲੀਅਨ ਖਿਡਾਰੀਆਂ ਵਿੱਚੋਂ ਸਿਰਫ਼ ਚਾਰ ਖਿਡਾਰੀ ਹੀ ਦੱਖਣੀ ਏਸ਼ੀਆ ਵਿਰਾਸਤ ਦੇ ਹਨ ਅਤੇ ਮਹਿਲਾ ਕ੍ਰਿਕੇਟ ਵਿੱਚ ਇਹ ਗਿਣਤੀ ਇਸ ਤੋਂ ਵੀ ਘੱਟ ਹੈ।
ਹਾਲ ਹੀ ਦੇ ਸਾਲਾਂ ਵਿੱਚ, ਉਸਮਾਨ ਖ਼ਵਾਜਾ, ਲਿਜ਼ਾ ਸਥਾਲੇਕਰ, ਅਲਾਨਾ ਕਿੰਗ ਅਤੇ ਗੁਰਿੰਦਰ ਸੰਧੂ ਵਰਗੇ ਖਿਡਾਰੀਆਂ ਨੇ ਕ੍ਰਿਕੇਟ ਵਿੱਚ ਆਪਣਾ ਸਿੱਕਾ ਜਮਾਇਆ ਹੈ।
ਤਾਂ ਇਥੇ ਸਵਾਲ ਇਹੀ ਪੈਦਾ ਹੁੰਦਾ ਹੈ ਕਿ ਦੱਖਣ ਏਸ਼ੀਆ ਦੀ ਵਿਰਾਸਤ ਵਾਲੇ ਲੋਕਾਂ ਨੂੰ ਰਾਸ਼ਟਰੀ ਟੀਮ ਵਿੱਚ ਪਹੁੰਚਣ ਲਈ ਕਿਹੜੀ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕੀ ਸਿਸਟਮ ਨੂੰ ਲੈ ਕੇ ਕੋਈ ਮੁੱਦੇ ਹਨ ਜਾਂ ਸਹੀ ਮਾਰਗ ਚੁਣਨ ਲਈ ਜਾਗਰੂਕਤਾ ਦੀ ਘਾਟ ਹੈ? ਕੀ ਕਿਸੇ ਤਰ੍ਹਾਂ ਦੀਆਂ ਆਰਥਿਕ ਜਾਂ ਸੱਭਿਆਚਾਰਕ ਰੁਕਾਵਟਾਂ ਹਨ? ਕੀ ਵਿਤਕਰਾ ਅਤੇ ਨਸਲਵਾਦ ਵੀ ਇਸ ਦਾ ਕਾਰਨ ਹੋ ਸਕਦਾ ਹੈ?
ਇੰਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਉਸਮਾਨ ਖ਼ਵਾਜਾ, ਲਿਜ਼ਾ ਸਥਾਲੇਕਰ, ਗੁਰਿੰਦਰ ਸੰਧੂ, ਅਰਜਨ ਨਾਇਰ, ਕੋਚ ਗਣੇਸ਼ ਮਈਲਵਗਾਨਾਮ ਅਤੇ ਹੋਰ ਮਾਹਰਾਂ ਦੀ ਵਿਸ਼ੇਸ਼ਤਾ ਵਾਲੇ ਦਾ ਪਹਿਲਾ ਐਪੀਸੋਡ ਸੁਣੋ। ਇਹ ਜਾਣਕਾਰੀ ਸੁਣਨ ਤੋਂ ਬਾਅਦ ਕਿਉਂ ਨਾ ਤੁਸੀਂ ਸਾਡੇ ਇੱਕ ਕਵਿਜ਼ ਵਿੱਚ ਹਿੱਸਾ ਲਓ ਅਤੇ ਦੇਖੋ ਕਿ ਤੁਸੀਂ ਕ੍ਰਿਕੇਟ ਦੇ ਕਿੰਨੇ ਕੁ ਮਾਹਰ ਹੋ?
ਐਸ.ਬੀ.ਐਸ. ਰੇਡੀਓ ਐਪ ਜਾਂ ਤੁਹਾਡੇ ਮਨਪਸੰਦ ਪੋਡਕਾਸਟ ਐਪ ਜਿਵੇਂ ਕਿ ਸਪੋਟੀਫਾਈ ਜਾਂ ਐਪਲ ਪੋਡਕਾਸਟ ਵਿੱਚ ਜਾ ਕੇ ਨੂੰ ਫਾਲੋ ਕਰੋ। ਇਸ ਅੱਠ ਭਾਗਾਂ ਵਾਲੀ ਲੜੀ ਦੇ ਨਵੇਂ ਐਪੀਸੋਡ ਹਰ ਹਫ਼ਤੇ ਰਿਲੀਜ਼ ਕੀਤੇ ਜਾਣਗੇ।
ਕਲਰਜ਼ ਆਫ ਕ੍ਰਿਕੇਟ ਐਸ.ਬੀ.ਐਸ. ਰੇਡੀਓ ਦੇ ਦੱਖਣੀ ਏਸ਼ੀਆ ਦੇ ਭਾਸ਼ਾ ਪ੍ਰੋਗਰਾਮਾਂ ਜਿਵੇਂ ਕਿ ਐਸ.ਬੀ.ਐਸ. ਪੰਜਾਬੀ, ਐਸ.ਬੀ.ਐਸ. ਹਿੰਦੀ, ਐਸ.ਬੀ.ਐਸ. ਉਰਦੂ, ਐਸ.ਬੀ.ਐਸ. ਗੁਜਰਾਤੀ, ਐਸ.ਬੀ.ਐਸ. ਬੰਗਲਾ, ਐਸ.ਬੀ.ਐਸ. ਮਲਿਆਲਮ, ਐਸ.ਬੀ.ਐਸ. ਨੇਪਾਲੀ, ਐਸ.ਬੀ.ਐਸ. ਤਮਿਲ ਅਤੇ ਐਸ.ਬੀ.ਐਸ. ਸਿੰਹਾਲਾ ਦਾ ਇੱਕ ਸਾਂਝਾ ਪ੍ਰੋਜੈਕਟ ਹੈ।