ਸਿਹਤ ਮਾਹਰਾਂ ਦੀ ਸਲਾਹ ਬਿਨਾਂ ਲਈਆਂ 'ਰਵਾਇਤੀ ਦਵਾਈਆਂ' ਪੈਦਾ ਕਰ ਸਕਦੀਆਂ ਹਨ ਗੰਭੀਰ ਸਿਹਤ ਸਮੱਸਿਆਵਾਂ: ਡਾ ਨਵੀਨ ਸ਼ੁੱਕਲਾ

Dr Naveen Shukla

Ayurveda is gaining popularity in Australia Source: Naveen Shukla

ਆਸਟ੍ਰੇਲੀਆ ਵਿੱਚ ਰਵਾਇਤੀ ਦਵਾਈਆਂ ਨੂੰ ‘ਕੰਪਲੀਮੈਂਟਰੀ ਮੈਡੀਸਨਸ’ ਵਜੋਂ ਸ਼੍ਰੇਣੀਬੱਧ ਕੀਤਾ ਹੋਇਆ ਹੈ ਅਤੇ ਥੈਰੇਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ (ਟੀਜੀਏ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਦੀ ਵਰਤੋਂ ਕੇਵਲ ਇੱਕ ਪ੍ਰਵਾਨਿਤ ਸਿਹਤ ਮਾਹਰ ਦੀ ਸਲਾਹ ਤੋਂ ਬਾਅਦ ਹੀ ਕੀਤੀ ਜਾਣੀ ਚਾਹੀਦੀ ਹੈ।


ਸਿਡਨੀ ਦੇ ਰਹਿਣ ਵਾਲੇ ਆਯੁਰਵੇਦ ਦੇ ਮਾਹਰ ਡਾਕਟਰ ਨਵੀਨ ਸ਼ੁੱਕਲਾ ਆਸਟ੍ਰਲਏਸ਼ੀਅਨ ਐਸੋਸ਼ੀਏਸ਼ਨ ਆਫ ਆਯੁਰਵੇਦਾ ਦੇ ਮੈਂਬਰ ਹਨ ਅਤੇ ਥੈਰੇਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਰਜਿਸਟਰਡ ਹਨ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਸ਼ੁੱਕਲਾ ਨੇ ਸਮਝਾਇਆ ਕਿ ਆਯੁਰਵੇਦ ਨੂੰ ਆਸਟ੍ਰੇਲੀਆ ਵਿੱਚ ਕਿਸ ਤਰਾਂ ਨਾਲ ਨਿਯੰਤਰਣ ਕੀਤਾ ਜਾ ਰਿਹਾ ਹੈ।

ਡਾ ਸ਼ੁੱਕਲਾ ਅਨੁਸਾਰ, “ਸੰਸਾਰ ਦੇ ਕਈ ਹੋਰ ਦੇਸ਼ਾਂ ਦੇ ਮੁਕਾਬਲੇ ਜਿੱਥੇ ਆਯੁਰਵੇਦ ਦੀਆਂ ਦਵਾਈਆਂ ਨੂੰ ਫੂਡ ਸਪਲੀਮੈਂਟਸ ਮੰਨਿਆ ਜਾਂਦਾ ਹੈ, ਆਸਟ੍ਰੇਲੀਆ ਵਿੱਚ ਇਹਨਾਂ ਨੂੰ ਕੰਪਲੀਮੈਂਟਰੀ ਮੈਡੀਸਨਸ ਵਜੋਂ ਸ਼੍ਰਣੀਬੱਧ ਕੀਤਾ ਹੋਇਆ ਹੈ”।

ਸਾਰੀਆਂ ਆਯੁਰਵੇਦ ਦੀਆਂ ਆਸਟ੍ਰੇਲੀਆ ਵਿੱਚ ਬਨਣ ਵਾਲੀਆਂ ਦਵਾਈਆਂ ਦੀ ਥੈਰੇਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਵਲੋਂ ਗੁਣਵੱਤਾ ਅਤੇ ਸੁਰੱਖਿਆ ਜਾਂਚੀ ਜਾਂਦੀ ਹੈ।

ਪਰ ਇਸ ਦੇ ਨਾਲ ਹੀ ਆਸਟ੍ਰੇਲੀਆ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਆਪਣੇ ਨਾਲ ਇਹਨਾਂ ਰਵਾਇਤੀ ਦਵਾਈਆਂ ਨੂੰ ਨਿਜੀ ਸੇਵਨ ਵਜੋਂ ਵੀ ਲਿਆ ਸਕਦਾ ਹੈ।
ਡਾ ਸ਼ੁੱਕਲਾ ਅਨੁਸਾਰ, “ਥੈਰੇਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਦੀਆਂ ਹਦਾਇਤਾਂ ਅਨੁਸਾਰ ਬੇਸ਼ਕ ਕੋਈ ਵੀ ਆਪਣੇ ਨਾਲ ਰਵਾਇਤੀ ਦਵਾਈਆਂ ਲਿਆ ਤਾਂ ਸਕਦਾ ਹੈ, ਪਰ ਉਸ ਨੂੰ ਆਸਟ੍ਰੇਲੀਆ ਦੇ ਕਿਸੇ ਸਿਹਤ ਮਾਹਰ ਤੋਂ ਸਲਾਹ ਵੀ ਲੈਣੀ ਚਾਹੀਦੀ ਹੈ ਕਿ ਇਹਨਾਂ ਦਵਾਈਆਂ ਦਾ ਸੇਵਨ ਆਸਟ੍ਰੇਲੀਆ ਦੇ ਵਾਤਾਵਰਣ ਅਨੁਸਾਰ ਠੀਕ ਵੀ ਹੈ ਜਾਂ ਨਹੀਂ”।

"ਮੁਸ਼ਕਲ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਇਹਨਾਂ ਰਵਾਇਤੀ ਦਵਾਈਆਂ ਨੂੰ ਥੋਕ ਵਿੱਚ ਆਸਟ੍ਰੇਲੀਆ ਲਿਆ ਕੇ ਪ੍ਰਚੂਨ ਦੀਆਂ ਦੁਕਾਨਾਂ ਵਿੱਚ ਆਮ ਹੀ ਉਪਲਬਧ ਕਰਵਾਇਆ ਜਾਂਦਾ ਹੈ। ਇੱਥੋਂ ਕੋਈ ਵੀ ਵਿਅਕਤੀ ਇਹਨਾਂ ਨੂੰ ਬੇ-ਰੋਕ ਟੋਕ ਖਰੀਦ ਕੇ ਸੇਵਨ ਕਰ ਸਕਦਾ ਹੈ, ਜੋ ਕਿ ਹਾਨੀਕਾਰਕ ਹੋ ਸਕਦਾ ਹੈ।"

ਚਿਤਾਵਨੀ ਦਿੰਦੇ ਹੋਏ ਡਾ ਸ਼ੁੱਕਲਾ ਨੇ ਕਿਹਾ, “ਕਿਸੇ ਵੀ ਆਮ ਜਿਹੀ ਜੜੀ ਬੂਟੀ ਦਾ ਜਿਆਦਾ ਮਾਤਰਾ ਵਿੱਚ ਕੀਤਾ ਜਾਣ ਵਾਲਾ ਇਸਤੇਮਾਲ ਵੀ ਕਈ ਪ੍ਰਕਾਰ ਦੇ ਸਿਹਤ ਮਸਲੇ ਪੈਦਾ ਕਰ ਸਕਦਾ ਹੈ”।

“ਕਦੀ ਵੀ ਸੋਹਣੀਆਂ ਦਿਖਣ ਵਾਲੀਆਂ ਅਤੇ ਲੁਭਾਊ ਕਿਸਮ ਦੇ ਸਿਰਲੇਖਾਂ ਵਾਲੀਆਂ ਦਵਾਈਆਂ ਵੱਲ ਨਾ ਖਿੱਚੇ ਜਾਓ, ਬਲਕਿ ਗੁਣਵੱਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਵਾਲੀਆਂ ਮਿਆਰੀ ਦਵਾਈਆਂ ਦਾ ਹੀ ਸੇਵਨ ਕਰੋ”।

ਨਾਲ ਹੀ ਡਾ ਸ਼ੁੱਕਲਾ ਨੇ ਸਲਾਹ ਦਿੱਤੀ ਕਿ ਆਮ ਸ਼ਹਿਰੀਆਂ ਨੂੰ ਕਿਸੇ ਵੀ ਰਿਵਾਈਤੀ ਦਵਾਈ ਦੇ ਨਾਮ ਹੇਠ ਵੇਚੀ ਜਾ ਰਹੀ ਚੀਜ਼ ਦੀ ਸਿਹਤ ਵਿਭਾਗ ਅਤੇ ਥੈਰੇਪਿਊਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਲਈ ਇਸ ਲਿੰਕ ਉੱਤੇ ਕਲਿਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ

Share