Key Points
- ਹਰਜੱਸ ਸਿੰਘ ਇੱਕ ਖੱਬੇ ਹੱਥ ਦਾ ਬੱਲੇਬਾਜ਼ ਹੈ ਜਿਸ ਨੇ ਸੱਤ ਸਾਲ ਦੀ ਉਮਰ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।
- ਹਰਜੱਸ ਸਿੰਘ ਨੇ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਆਪਣੀ ਥਾਂ ਬਣਾਈ।
- ਹਰ ਹਫਤੇ ਕਈ ਕਈ ਦਿਨ ਟਰੇਨਿੰਗ ਕਰਵਾਉਣ ਵਾਲੇ ਹਰਜੱਸ ਦੇ ਮਾਪਿਆਂ ਵਲੋਂ ਕੀਤੀ ਘਾਲਣਾ ਵੀ ਸਰਾਹੁਣਯੋਗ ਹੈ।
ਭਾਰਤੀ ਮੂਲ ਦੇ ਹੋਰਨਾਂ ਲੋਕਾਂ ਵਾਂਗ ਹੀ ਹਰਜੱਸ ਸਿੰਘ ਵੀ ਕੁਰਦਰਤੀ ਤੌਰ ‘ਤੇ ਕਰਿਕਟ ਦੀ ਖੇਡ ਨਾਲ ਬਚਪਨ ਤੋਂ ਹੀ ਜੁੜ ਗਿਆ ਸੀ।
ਆਪਣੇ ਇਸ ਕਰਿਕਟ ਸੰਸਾਰ ਨਾਲ ਜੁੜੇ ਹੋਏ ਸਫਰ ਬਾਰੇ ਗੱਲ ਕਰਦੇ ਹੋਏ ਹਰਜੱਸ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਮੈਂ ਪਹਿਲੀ ਵਾਰ ਕਰਿਕਟ 7 ਜਾਂ 8 ਸਾਲ ਦੀ ਉਮਰ ਵਿੱਚ ਇੱਕ ਲੱਕੜ ਦੀ ਫੱਟੀ ਨੂੰ ਬੈਟ ਵਜੋਂ ਵਰਤਦੇ ਹੋਏ ਹੀ ਖੇਡੀ ਸੀ”।
“ਮੇਰੇ ਵਿੱਚ ਇਸ ਖੇਡ ਪ੍ਰਤੀ ਲਗਨ ਅਤੇ ਜਜ਼ਬਾ ਦੇਖ ਕੇ ਮੇਰੇ ਮਾਤਾ ਪਿਤਾ ਨੇ ਮੈਨੂੰ ਬਕਾਇਦਾ ਕਰਿਕਟ ਦੀ ਕੋਚਿੰਗ ਕਰਵਾਉਣੀ ਸ਼ੁਰੂ ਕਰ ਦਿੱਤੀ ਅਤੇ ਇੰਨੇ ਸਾਲਾਂ ਦੇ ਮਿਹਨਤ ਤੋਂ ਬਾਅਦ ਅੱਜ ਮੈਨੂੰ ਆਸਟ੍ਰੇਲੀਆ ਦੀ ਅੰਡਰ 19 ਕਰਿਕਟ ਟੀਮ ਵਿੱਚ ਸਥਾਨ ਮਿਲ ਸਕਿਆ ਹੈ”।
8 ਸਾਲ ਦੀ ਉਮਰ ਵਿੱਚ ਹੀ ਹਰਜੱਸ ਸਿੰਘ ਨੇ ਇੱਕ ਲੋਕਲ ‘ਰਿਵਸਬੀ ਵਰਕਰਸ ਕਰਿਕਟ ਕਲੱਬ’ ਲਈ ਇੱਕ ਬਦਲ ਵਜੌ ਉਸ ਸਮੇਂ ਖੇਡਣਾਂ ਸ਼ੁਰੂ ਕੀਤਾ ਸੀ ਜਦੋਂ ਇੱਕ ਸਮੇਂ ਇਹਨਾਂ ਦੀ ਟੀਮ ਵਿੱਚ ਖਿਡਾਰੀਆਂ ਦੀ ਘਾਟ ਹੋ ਗਈ ਸੀ।
Harjas Singh with the man's squad. Credit: BRODY GROGAN
ਖੱਬੇ ਹੱਥ ਨਾਲ ਬੈਟਿੰਗ ਕਰਨ ਵਾਲੇ ਹਰਜੱਸ ਸਿੰਘ ਨੂੰ ਇਸ ਵਿਲੱਖਣਤਾ ਦਾ ਵੀ ਕਾਫੀ ਲਾਭ ਮਿਲਿਆ ਹੈ।
ਕਈ ਅੰਤਰਰਾਜੀ, ਦੇਸ਼ ਵਿਆਪੀ ਟੂਰਨਾਮੈਂਟਾਂ ਵਿੱਚ ਭਾਗ ਲੈ ਚੁੱਕੇ ਹਰਜੱਸ ਸਿੰਘ ਦਾ ਕਹਿਣਾ ਹੈ, “ਹਰ ਉੱਚ ਕੋਟੀ ਦੇ ਟੂਰਨਾਮੈਂਟ ਵਿੱਚ ਖੇਡਣ ਨਾਲ ਜਿੱਥੇ ਆਪਣੀ ਖੇਡ ਵਿੱਚ ਨਿਖਾਰ ਹੁੰਦਾ ਹੈ ਉੱਥੇ ਨਾਲ ਹੀ, ਸਲੈਕਟਰਸ ਅਤੇ ਕੋਚ ਵੀ ਖਿਡਾਰੀਆਂ ਨੂੰ ਕਈ ਪ੍ਰਕਾਰ ਦੇ ਗੁਰ ਪ੍ਰਦਾਨ ਕਰਦੇ ਹਨ”।
ਹਰ ਹਫਤੇ ਤਿੰਨ ਚਾਰ ਦਿਨ ਕਰਿਕਟ ਦੀ ਟਰੇਨਿੰਗ ਲਈ ਹਰਜੱਸ ਨੂੰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਲੈ ਕਿ ਜਾਣ ਵਾਲੇ ਉਸ ਦੇ ਮਾਤਾ ਪਿਤਾ ਦਾ ਯੋਗਦਾਨ ਵੀ ਸਰਾਹਣਯੋਗ ਹੈ।
Harjas Singh during a match. Credit: H Singh
“ਮੇਰੀ ਖੇਡ ਨੂੰ ਦੇਖਦੇ ਹੋਏ ਕਰਿਕਟ ਦੇ ਇੱਕ ਕੋਚ ਨੀਲ ਡੀਕੋਸਟਾ ਮੇਰੇ ਰਹਿਬਰ ਬਣੇ ਅਤੇ ਮੇਰੀ ਖੇਡ ਨੂੰ ਚੰਗੀ ਤਰਾਂ ਨਾਲ ਨਿਖਾਰਿਆ ਅਤੇ ਕਰਿਕਟ ਜਗਤ ਵਿੱਚ ਮੇਰਾ ਮਾਰਗ ਦਰਸ਼ਨ ਵੀ ਕੀਤਾ”, ਦੱਸਿਆ ਸ਼੍ਰੀ ਸਿੰਘ ਨੇ।
“ਮੈਂ ਜਦੋਂ ਪੰਜਵੇਂ ਗਰੇਡ ਲਈ ਖੇਡਣਾਂ ਸ਼ੁਰੂ ਕੀਤਾ ਤਾਂ ਮੈਨੂੰ ਕਰਿਕਟ ਦੇ ਨਾਲ ਨਾਲ ਬਹੁਤ ਸਖਤ ਸ਼ਰੀਰਕ ਟਰੇਨਿੰਗ ਵੀ ਕਰਨੀ ਪਈ”।
ਬਹੁਤ ਜਲਦ ਹੀ ਹਰਜੱਸ ਨੇ ਕਾਮਯਾਬੀ ਦੀਆਂ ਪੌੜੀਆਂ ਸਰ ਕਰਦੇ ਹੋਏ ਚੋਟੀ ਦੇ ਪਹਿਲੇ ਗਰੇਡ ਦੀ ਕਰਿਕਟ ਵਿੱਚ ਝੰਡੇ ਗੱਡ ਦਿੱਤੇ।
“ਮੇਰੇ ਸਫਲ ਹੋਣ ਦੀ ਪ੍ਰਵਾਹ ਕੀਤੇ ਬਿਨਾਂ ਮੇਰੇ ਮਾਤਾ ਪਿਤਾ ਦੋਹਾਂ ਨੇ ਹੀ ਆਪਣੇ ਹਰੇਕ ਹਫਤਾਅੰਤ ਨੂੰ ਮੇਰੀ ਖੇਡ ਲਈ ਕਈ ਸਾਲਾਂ ਤੱਕ ਕੁਰਬਾਨ ਕੀਤਾ ਹੈ ਜਿਸ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਾਂਗਾ। ਇਸ ਤੋਂ ਅਲਾਵਾ ਮੇਰੇ ਮਾਪਿਆਂ ਨੇ ਹਰ ਰੋਜ਼ ਕਈ ਕਈ ਘੰਟੇ ਗੇਦਾਂ ਸੁੱਟ ਸੁੱਟ ਕੇ ਆਪਣਾ ਕੀਮਤੀ ਸਮਾਂ ਮੇਰੇ ‘ਤੇ ਲਾਇਆ ਹੈ ਅਤੇ ਬਹੁਤ ਸਾਰੀਆਂ ਫੀਸਾਂ ਅਤੇ ਮਹਿੰਗੇ ਖੇਡਾਂ ਦੇ ਸਮਾਨ ਵੀ ਮੈਨੂੰ ਲੈ ਕੇ ਦਿੰਦੇ ਰਹੇ ਹਨ”।
ਹਰਜੱਸ ਸਿੰਘ ਨੇ ਮੰਨਿਆ ਕਿ ਦਸਤਾਰ ਪਹਿਨ ਕੇ ਕਰਿਕਟ ਖੇਡਣ ਵਾਲੀ ਆਪਣੀ ਨਿਵੇਕਲੀ ਪਹਿਚਾਣ ਨੂੰ ਇਸ ਮੁਕਾਮ ਤੱਕ ਲੈ ਕਿ ਆਉਣ ਲਈ ਇਸ ਨੂੰ ਬਾਕੀਆਂ ਦੇ ਮੁਕਾਬਲੇ ਕੁੱਝ ਜਿਆਦਾ ਮਿਹਨਤ ਕਰਨੀ ਪਈ ਸੀ।
“ਜੇ ਤੁਸੀਂ ਦੂਜਿਆਂ ਨਾਲੋਂ ਵਿਲੱਖਣ ਦਿਸਦੇ ਹੋ, ਤਾਂ ਉਸ ਪਹਿਚਾਣ ਨੂੰ ਬਰਕਾਰ ਰੱਖਣ ਲਈ ਤੁਹਾਨੂੰ ਕੁੱਝ ਵੱਖਰਾ ਅਤੇ ਜਿਆਦਾ ਕਰਨਾ ਪੈਂਦਾ ਹੈ”।
ਆਪਣੇ ਕਰਿਕਟ ਵਾਲੇ ਸਫਰ ਦੇ ਅਗਲੇ ਪੜਾਵਾਂ ਅਤੇ ਮੰਤਵਾਂ ਬਾਰੇ ਕੀਤੀ ਹੋਈ ਹਰਜੱਸ ਸਿੰਘ ਦੀ ਇਸ ਗਲਬਾਤ ਨੂੰ ਉੱਪਰ ਦਿੱਤੇ ਸਪੀਕਰ ਵਾਲੇ ਲਿੰਕ ਤੇ ਕਲਿੱਕ ਕਰਕੇ ਸੁਣ ਸਕਦੇ ਹੋ।