ਮੌਜੂਦਾ ਸਾਲ ਦੀ ਆਸਟ੍ਰੇਲੀਆ ਦੀ ਪ੍ਰਵਾਸ ਪਿਛਲੇ ਸਾਲ ਦੀ ਸੰਖਿਆ ਜੋ ਕਿ 183,608 ਸੀ, ਨਾਲੋਂ ਘੱਟ ਰਹਿਣ ਦੀ ਉਮੀਦ ਹੈ; ਜਦਕਿ ਇਸ ਸਾਲ ਦਾ ਮਿਥਿਆ ਹੋਇਆ ਟੀਚਾ ਹੈ 190,000।
‘ਗਾਰਡੀਅਨ’ ਵਲੋਂ ‘ਫਰੀਡਮ ਆਫ ਇਨਫੋਰਮੇਸ਼ਨ’ ਅਧੀਨ ਪ੍ਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ ਪ੍ਰਦਾਨ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਤਕਰੀਬਨ 165,000 ਦੇ ਕਰੀਬ ਹੀ ਰਹੇਗੀ – ਜੋ ਕਿ ਸਾਲ 2009/10 ਦੀ ਗਿਣਤੀ ਦੇ ਨਾਲ ਬਰਾਬਰ ਹੀ ਹੋਵੇਗੀ।
ਇਹ ਗਿਰਾਵਟ, ਇਸ ਸਾਲ ਸਕਿਲਡ ਵੀਜ਼ਿਆਂ ਵਿੱਚ ਕੀਤੀ ਗਈ ਸਖਤਾਈ ਦਾ ਨਤੀਜਾ ਹੀ ਹੈ। ਐਡੀਲੇਡ ਤੋਂ ਯਥਾਰਥ ਭਾਰਦਵਾਜ ਇੱਕ ਮਾਈਗ੍ਰੇਸ਼ਨ ਕੰਸਲਟੈਂਟ ਹਨ ਅਤੇ ਕਹਿੰਦੇ ਹਨ ਕਿ ਉਹਨਾਂ ਦੇ ਕਈ ਗਾਹਕਾਂ ਨੂੰ ਵੀਜ਼ਿਆਂ ਦੀ ਪ੍ਰਾਪਤੀ ਲਈ ਮਹੀਨਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ।ਉਹਨਾਂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, ‘ਵਿਭਾਗ ਨੇ ਪਿਛਲੇ ਕਈ ਮਹੀਨਿਆਂ ਤੋਂ ਬਹੁਤ ਹੀ ਸਖਤਾਈ ਵਾਲਾ ਰੁੱਖ ਕੀਤਾ ਹੋਇਆ ਹੈ’।
Source: AAP
ਇੰਡੀਪੈਂਡੇਂਟ ਸਕਿਲਡ ਵੀਜ਼ਾ ਵਾਲੇ ਬਿਨੇਕਾਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਕੋਲ ਇੱਕ ‘ਐਕਸਪ੍ਰੈਸ਼ਨ ਆਫ ਇੰਨਟਰੇਸਟ’ ਦਾਖਲ ਕਰਦੇ ਹਨ ਅਤੇ ਉਸ ਤੋਂ ਬਾਅਦ ਵਿਭਾਗ ਉਹਨਾਂ ਵਿੱਚੋਂ ਸਿਖਰਲੀਆਂ ਅਰਜੀਆਂ ਨੂੰ ਯੋਗ ਵੀਜ਼ੇ ਲਈ ਸੱਦਾ ਭੇਜਦਾ ਹੈ।
ਜੇਕਰ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਜਾਂਚੀ ਜਾਵੇ ਤਾਂ, ਇਹ ਪਤਾ ਚਲਦਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਭੇਜੇ ਗਏ ਸੱਦਿਆਂ ਵਿੱਚ ਇੱਕ ਤਿਹਾਈ ਦੀ ਕਮੀ ਹੋਈ ਹੈ। ਇਹ ਸੰਖਿਆ ਉਸ ਤੋਂ ਵੀ ਪਿਛਲੇ ਛੇ ਮਹੀਨਿਆਂ ਦੇ ਮੁਕਾਬਲੇ ਜੋ ਕਿ 12,026 ਸੀ, ਤੋਂ ਘੱਟ ਕੇ ਇਸ ਛਿਮਾਹੀ ਦੌਰਾਨ 3,355 ਹੀ ਰਹੀ ਹੈ। ਅਤੇ ਮਈ ਮਹੀਨੇ ਵਿੱਚ ਤਾਂ ਸਿਰਫ 305 ਸੱਦੇ ਹੀ ਭੇਜੇ ਗਏ ਸਨ।
ਬੇਸ਼ਕ ਸਕਿਲਡ ਮਾਈਗ੍ਰੈਂਟਸ ਵਾਸਤੇ ਲੌੜੀਂਦੇ ਅੰਕ 60 ਹੁੰਦੇ ਹਨ ਪਰ ਫੇਰ ਵੀ ਉਹਨਾਂ ਬਿਨੇਕਾਰਾਂ ਨੂੰ ਜਿਆਦਾ ਤਰਜੀਹ ਮਿਲਦੀ ਹੈ ਜਿਨਾਂ ਕੋਲ 70 ਤੋਂ ਲੈ ਕੇ 75 ਅੰਕ ਹੁੰਦੇ ਹਨ। ਅਤੇ ਕਈ ਕੇਸਾਂ ਵਿੱਚ ਤਾਂ ਇਹ 80 ਵੀ ਹੋ ਸਕਦੇ ਹਨ।
ਸ਼੍ਰੀ ਭਾਰਦਵਾਜ ਅਨੁਸਾਰ ਕਈ ਬਿਨੇਕਾਰਾਂ ਲਈ ਲੌੜੀਂਦੇ ਅੰਕ ਇੰਨੇ ਜਿਆਦਾ ਹਨ ਕਿ ਉਹਨਾਂ ਵਿੱਚੋਂ ਕਿਸੇ ਵਿਰਲੇ ਨੂੰ ਹੀ ਆਪਣੇ ਲੌੜੀਂਦੇ ਕਿੱਤੇ ਵਿੱਚ ਵੀਜ਼ਾ ਪ੍ਰਾਪਤ ਹੁੰਦਾ ਹੈ।ਭਾਰਤੀ ਮੂਲ ਦੇ ਲੋਕ ਜਿਆਦਾਤਰ ਆਈ ਟੀ ਅਤੇ ਅਕਾਂਉਂਟਿੰਗ ਲਈ ਹੀ ਅਪਲਾਈ ਕਰਦੇ ਹਨ। ਪਰ ਪਿਛਲੇ ਕਈ ਮਹੀਨਿਆਂ ਦੌਰਾਨ, ਅਕਾਂਉਂਟਿੰਗ ਵਿੱਚ ਤਾਂ ਇੱਕ ਵੀ ਸੱਦਾ ਨਹੀਂ ਸੀ ਜਾਰੀ ਕੀਤਾ ਗਿਆ।
Minister for Home Affairs Peter Dutton at a press conference at Parliament House in Canberra. Source: AAP
ਸ਼ਕਿਲਡ ਮਾਈਗ੍ਰੇਸ਼ਨ ਵੀਜ਼ੇ ਲਈ ਜਨਰਲ ਪੂਆਇੰਟ ਟੈਸਟ ਦੌਰਾਨ ਉਮਰ, ਪੜਾਈ, ਕੰਮ ਦਾ ਤਜਰਬਾ ਅਤੇ ਅੰਗਰੇਜੀ ਵਿੱਚ ਮਹਾਰਤ ਜਾਂਚੀ ਜਾਂਦੀ ਹੈ। ਇਸ ਦੇ ਨਾਲ ਜੇ ਕਿਸੇ ਬਿਨੇਕਾਰ ਨੂੰ ਸਟੇਟ ਜਾਂ ਟੈਰੀਟੋਰੀ ਵਲੋਂ ਨਾਮਜ਼ਦ ਕੀਤਾ ਗਿਆ ਹੋਵੇ ਤਾਂ ਹੋਰ ਵੀ ਵਧੇਰੇ ਅੰਕ ਮਿਲ ਸਕਦੇ ਹਨ।
ਵਿਭਾਗ ਦੇ ਇੱਕ ਅਧਿਕਾਰੀ ਨੇ ਸੇਨੇਟ ਐਸਟੀਮੇਟਸ ਕਮੇਟੀ ਨੂੰ ਦੱਸਿਆ ਸੀ ਕਿ ਇਸ ਸਾਲ 30 ਅਪ੍ਰੈਲ ਤੱਕ ਪ੍ਰਦਾਨ ਕੀਤੇ ਗਏ ਵੀਜ਼ਿਆਂ ਦੀ ਕੁੱਲ ਸੰਖਿਆ 138,086 ਸੀ।
ਪ੍ਰਵਾਸ ਵਿੱਚ ਚੁੱਪ ਚੁਪੀਤੇ ਲਗਾਇਆ ਗਿਆ ਘਾਪਾ
ਇਸ ਸਾਲ ਦੇ ਸ਼ੁਰੂ ਵਿੱਚ ਹੋਮ ਮਨਿਸਟਰ ਨੇ ਕੁੱਝ ਵੀਜ਼ਿਆਂ ਨੂੰ ਆਪਸ ਰਲਗੱਡ ਕਰਦੇ ਹੋਏ ਨਿਊਜ਼ੀਲੈਂਡ ਦੇ ਤਕਰੀਬਨ 10,000 ਉਹਨਾਂ ਵੀਜ਼ਿਆਂ ਨੂੰ, ਜੋ ਕਿ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ, ਸਕਿਲਡ ਵੀਜ਼ਿਆਂ ਵਿੱਚ ਬਿਨਾ ਕੁੱਲ ਸੰਖਿਆਂ ਨੂੰ ਵਧਾਇਆਂ, ਮਿਲਾ ਦਿੱਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਇਸ ਕਾਰਨ ਵਿਦੇਸ਼ਾਂ ਵਿੱਚੋਂ ਆਣ ਵਾਲੇ ਕਈ ਪ੍ਰਵਾਸੀਆਂ ਦੀ ਉਮੀਦ ਤੇ ਪਾਣੀ ਫਿਰ ਗਿਆ ਸੀ।
ਇਮੀਗ੍ਰੇਸ਼ਨ ਵਿਭਾਗ ਦੇ ਇੱਕ ਭੂਤਪੂਰਵ ਡਿਪਟੀ ਸੈਕਟਰੀ ਅਬੁਲ ਰਿਜ਼ਵੀ ਆਖਦੇ ਹਨ, ‘ਅਜਿਹਾ ਕਰਨ ਨਾਲ ਪ੍ਰਵਾਸ ਨੂੰ ਬਹੁਤ ਢਾਹ ਲੱਗੀ ਸੀ’।
ਭਾਰਤ ਤੋਂ ਆਉਣ ਵਾਲੇ ਪ੍ਰਵਾਸੀਆਂ ਉੱਤੇ ਇਸ ਦਾ ਜਿਆਦਾ ਅਸਰ
ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਅਨੁਸਾਰ ਨਿਊਜ਼ੀਲੈਂਡ ਸਟਰੀਮ ਅਧੀਨ, ਇਸ ਸਾਲ ਦੇ ਪਿਛਲੇ ਸੱਤਾਂ ਮਹੀਨਿਆਂ ਦੌਰਾਨ ਹੀ ਕੁੱਲ 8,517 ਅਰਜੀਆਂ ਪਰਮਾਨੈਂਟ ਰੈਜ਼ੀਡੈਂਸੀ ਲਈ ਪ੍ਰਾਪਤ ਹੋਈਆਂ ਹਨ।ਇਸ ਸਾਰੇ ਦਾ ਸਿੱਧਾ ਮਤਲਬ ਇਹ ਹੈ ਕਿ ਪ੍ਰਵਾਸੀਆਂ ਦੇ ਨੰਬਰਾਂ ਵਿੱਚ ਹੋਵੇਗੀ ਕਟੋਤੀ।
ਅਤੇ ਇਸ ਕਾਰਨ ਜਿਆਦਾ ਨੁਕਸਾਨ ਭੁਗਤਣਾ ਪਵੇਗਾ ਭਾਰਤੀ ਬਿਨੇਕਾਰਾਂ ਨੂੰ। ਸਾਲ 2016-17 ਦੌਰਾਨ ਜਨਰਲ ਸਕਿਲਡ ਵੀਜ਼ਾ ਸਟਰੀਮ ਅਧੀਨ ਪ੍ਰਾਪਤ ਹੋਣ ਵਾਲੀਆਂ ਕੁੱਲ 42,422 ਅਰਜ਼ੀਆਂ ਵਿੱਚੋਂ ਇਕੱਲੇ ਭਾਰਤੀਆਂ ਦੀਆਂ ਹੀ 14,484 ਅਰਜੀਆਂ ਸਨ।
ਸਾਲ 2012 ਤੋਂ ਲੈ ਕੇ ਹੁਣ ਤੱਕ ਸਭ ਤੋਂ ਜਿਆਦਾ ਵੀਜ਼ੇ ਭਾਰਤੀ ਮੂਲ ਦੇ ਬਿਨੇਕਾਰਾਂ ਨੂੰ ਹੀ ਪ੍ਰਦਾਨ ਕੀਤੇ ਗਏ ਸਨ। ਸਾਲ 2016-17 ਦੌਰਾਨ 38,854 ਵੀਜ਼ੇ ਭਾਰਤੀਆਂ ਨੂੰ ਦਿੱਤੇ ਗਏ ਸਨ, ਜਦਕਿ ਸਾਲ 2015-16 ਵਿੱਚ ਇਹ ਸੰਖਿਆ 40,145 ਸੀ।