ਬੱਚਿਆਂ ਦੇ ਸਕ੍ਰੀਨ ਸਮੇਂ ਨੂੰ ਕਸਰਤ ਨਾਲ ਘਟਾ ਰਿਹਾ ਹੈ ਵੈਸਟਰਨ ਸਿਡਨੀ ਦਾ ਇਹ ਅਥਲੈਟਿਕਸ ਕਲੱਬ

ATLETICS LEAD ASSET.jpg

Parents, coaches and athletes a part of the Glenwood athletics and sports club.

'ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ' ਦੇ ਕੋਚ ਅਤੇ ਬੱਚੇ ਮਿਲ ਕੇ ਹਰ ਹਫਤੇ ਅਥਲੈਟਿਕਸ, ਸ਼ਾਟਪੁੱਟ, ਜੈਵਲਿਨ ਅਤੇ ਹੋਰਨਾਂ ਖੇਡਾਂ ਦੀ ਕਸਰਤ ਕਰਦੇ ਹਨ। ਇਹ ਕਲੱਬ ਬੱਚਿਆਂ ਨੂੰ ਅਥਲੈਟਿਕਸ ਦੀ ਸਿਖਲਾਈ ਦੇ ਨਾਲ ਨਾਲ ਪੌਸ਼ਟਿਕ ਖਾਣੇ, ਸਕਰੀਨ ਸਮੇਂ ਨੂੰ ਘਟਾਉਣ, ਮਾਨਸਿਕ ਅਤੇ ਸਰੀਰਕ ਸਿਹਤ ਦੀ ਸੰਭਾਲ ਦੇ ਤਰੀਕੇ ਵੀ ਸਿਖਾਉਂਦਾ ਹੈ। ਆਓ ਜਾਣਦੇ ਹਾਂ ਕੇ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਦਾ ਹੈ ਇਹ ਕਲੱਬ ?


2020 ਵਿੱਚ ਗੁਰਸ਼ੇਰ ਸਿੰਘ ਮਾਨ, ਹਰਸੀਨ ਕੌਰ ਮਾਨ ਅਤੇ ਹਰਕੀਰਤ ਸਿੰਘ ਨੇ ਮਿਲ ਕੇ 'ਗਲੈਨਵੁੱਡ ਅਥਲੈਟਿਕਸ ਐਂਡ ਸਪੋਰਟਸ ਕਲੱਬ' ਦੀ ਸ਼ੁਰੂਆਤ ਕੀਤੀ ਸੀ। ਚਾਰ ਸਾਲਾਂ ਵਿੱਚ ਇਸ ਗਰੁੱਪ ਦੇ ਤਕਰੀਬਨ 80 ਮੈਂਬਰ ਹਨ ਜੋ ਅਥਲੈਟਿਕਸ, ਜੈਵਲਿਨ, ਡਿਸਕਸ ਅਤੇ ਸ਼ਾਟਪੁੱਟ, ਦੀ ਹਰ ਹਫ਼ਤੇ ਵਿੱਚ 3-4 ਦਿਨਾਂ ਲਈ ਟ੍ਰੇਨਿੰਗ ਕਰਦੇ ਹਨ।
COACHES.png
R to L: Malkit Singh, Harseen Kaur Maan, Gursher Singh Maan, Mandhir Singh Bajwa.
ਅਥਲੀਟ ਅਤੇ ਕੋਚ ਗੁਰਸ਼ੇਰ ਸਿੰਘ ਮਾਨ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਦੇ ਹਨ ਕੇ “ਬੱਚਿਆਂ ਦੀ ਐਨਰਜੀ ਨੂੰ ਸਹੀ ਦਿਸ਼ਾ ਦਿਖਾਉਣੀ ਬਹੁਤ ਜਰੂਰੀ ਹੈ।  ਬੱਚੇ ਫੋਨ ਉੱਪਰ ਤਾਂ ਹੀ ਸਮਾਂ ਬਿਤਾਉਂਦੇ ਹਨ ਕਿਉਂਕਿ ਉਹਨਾਂ ਅੰਦਰ ਐਨਰਜੀ ਬਹੁਤ ਹੁੰਦੀ ਹੈ, ਪਰ ਸਪੋਰਟਸ ਤੋਂ ਬੇਹਤਰ ਕੋਈ ਤਰੀਕਾ ਨਹੀਂ ਹੈ ਬੱਚਿਆਂ ਦੀ ਐਨਰਜੀ ਵਰਤਣ ਦਾ” ਉਨ੍ਹਾਂ ਦੱਸਿਆ।
2023 ਦੇ ਆਪਣੀ ਕਿਸਮ ਦੇ ਪਹਿਲੇ ਆਸਟਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਔਸਤਨ ਤਿੰਨ ਸਾਲ ਦਾ ਬੱਚਾ ਹਰ ਦਿਨ ਇੱਕ ਸਕ੍ਰੀਨ ਦੇ ਸਾਹਮਣੇ ਤਿੰਨ ਘੰਟੇ ਬਿਤਾ ਸਕਦਾ ਹੈ।

ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ 73 ਪ੍ਰਤੀਸ਼ਤ ਮਾਪਿਆਂ ਲਈ ਆਪਣੇ ਬੱਚੇ ਦੀਆਂ ਸਕ੍ਰੀਨ-ਅਧਾਰਿਤ ਡਿਜੀਟਲ ਆਦਤਾਂ ਨੂੰ ਕੰਟਰੋਲ ਕਰਨਾ ਇੱਕ ਚੁਣੌਤੀ ਬਣ ਗਿਆ ਹੈ।
ਗਲੈਨਵੁਡ ਦੇ ਰਹਿਣ ਵਾਲੇ ਰਾਜਪ੍ਰੀਤ ਕੌਰ ਆਪਣੇ ਬੱਚੇ ਦੇ ਵੱਧ ਰਹੇ ਸਕ੍ਰੀਨ ਸਮੇਂ ਤੋਂ ਚਿੰਤਤ ਸਨ।
PARENTS.png
Parents present at the athletics training.
ਆਪਣੇ ਬੇਟੇ ਨੂੰ ਸਕ੍ਰੀਨ ਤੋਂ ਦੂਰ ਰੱਖਣ ਲਈ, ਰਾਜਪ੍ਰੀਤ ਉਸਨੂੰ ਗਲੇਨਵੁੱਡ ਐਥਲੈਟਿਕਸ ਕਲੱਬ ਵਿੱਚ ਲਿਆਉਂਦੇ ਹਨ।

“ਮੇਰਾ ਬੱਚਾ ਪਹਿਲਾਂ ਬਹੁਤ ਸੰਗਦਾ ਸੀ ਤੇ ਬਾਹਰ ਵੀ ਨਹੀਂ ਜਾਂਦਾ ਸੀ। ਪਰ ਪਿੱਛਲੇ ਦੋ ਮਹੀਨਿਆਂ ਤੋਂ ਉਸ ਵਿੱਚ ਬਹੁਤ ਸੁਧਾਰ ਆਇਆ ਹੈ “ ਰਾਜਪ੍ਰੀਤ ਨੇ ਕਿਹਾ।

“ਮੇਰਾ ਬੱਚਾ ਵੀ ਜ਼ਿਆਦਾਤਰ ਸਮਾਂ ਸਕ੍ਰੀਨ ਤੇ ਹੀ ਬਿਤਾਉਂਦਾ ਸੀ। ਅਸੀਂ ਮਾਂ ਬਾਪ ਬੱਚੇ ਨੂੰ ਫੋਨ ਦੇ ਕੇ ਬੈਠਾ ਦਈ ਦਾ ਤਾਂ ਜੋ ਬੱਚਾ ਇੱਕ ਘੈਂਟਾ ਬੈਠਾ ਰਹੇ ਅਤੇ ਅਸੀਂ ਕੰਮ ਪੂਰੇ ਕਰ ਸਕੀਏ। ਪਰ ਗ੍ਰਾਊਂਡ ਵਿੱਚ ਆ ਕੇ ਲੱਗਿਆ ਕੇ ਹਰ ਬੱਚੇ ਨੂੰ ਖੇਡਾਂ ਵੱਲ ਵੀ ਜਾਣਾ ਚਾਹੀਦਾ ਹੈ” ਉਨ੍ਹਾਂ ਦੱਸਿਆ।

ਕਲੱਬ ਵਿਚ ਸ਼ਾਮਲ ਹੋਣ ਵਾਲੇ ਬੱਚੇ ਵੀ ਖੇਡਾਂ ਭਰੇ ਮਾਹੌਲ ਦਾ ਹਿੱਸਾ ਬਣ ਕੇ ਆਨੰਦ ਲੈਂਦੇ ਹਨ।
TRIPATVEER.png
Tripatveer Singh and Prathamveer Singh, athletes at the club.
ਪਿਛਲੇ ਡੇਢ ਸਾਲ ਤੋਂ ਅਥਲੈਟਿਕਸ ਕਲੱਬ ਵਿੱਚ ਹਿੱਸਾ ਲੈ ਰਹੇ ਤ੍ਰਿਪਤਵੀਰ ਸਿੰਘ 800m ਅਤੇ 1500m ਭੱਜਣ ਵਾਲੇ ਮਿਡ ਡਿਸਟੈਂਸ ਦੌੜਾਕ ਹਨ।

ਤ੍ਰਿਪਤਵੀਰ ਨੇ ਦੱਸਿਆ ਕੇ ਅਥਲੈਟਿਕਸ ਵਿੱਚ ਹਿੱਸਾ ਲੈ ਕੇ ਉਹ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਮਹਿਸੂਸ ਕਰਦੇ ਹਨ।

"ਇੱਥੇ ਆ ਕੇ ਵਧੀਆ ਲੱਗਦਾ ਹੈ ਕਿਓਂਕਿ ਤੁਸੀਂ 'ਮਾਈਂਡ ਫ੍ਰੀ' ਕਰ ਕੇ ਅਥਲੈਟਿਕਸ ਕਰ ਸਕਦੇ ਹੋ" ਉਨ੍ਹਾਂ ਕਿਹਾ।

ਰਾਸ਼ਟਰੀ ਪੱਧਰ ਦੇ ਅਥਲੀਟ ਵੀ ਇਸ ਵਧਦੇ ਖੇਡ ਭਾਈਚਾਰੇ ਦਾ ਹਿੱਸਾ ਹਨ ।
JAVELIN.png
Coach Malkit Singh, Javelin athlete.
ਕਲੱਬ ਦੇ ਇੱਕ ਕੋਚ ਮਲਕੀਤ ਸਿੰਘ, ਜੈਵਲਿਨ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਅਥਲੀਟ ਵੀ ਹਨ।

ਉਹਨਾਂ ਦਾ ਕਹਿਣਾ ਹੈ ਕੇ “ਪੇਰੇਂਟਸ ਨੂੰ ਹਰ ਰੋਜ਼ ਆਪਣੇ ਬੱਚਿਆਂ ਨੂੰ ਅੱਧਾ ਘੈਂਟਾ ਗਰਾਊਂਡ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਜਿਸ ਨਾਲ ਫਿੱਟਨੈੱਸ ਵੱਲ ਧਿਆਨ ਦਿੰਦੇ ਹੋਏ ਉਹ ਸਕ੍ਰੀਨ ਤੋਂ ਦੂਰ ਰਹਿ ਸਕਣ।"

ਕੋਚਾਂ, ਮਾਪਿਆਂ ਅਤੇ ਨੌਜਵਾਨ ਐਥਲੀਟਾਂ ਤੋਂ ਸਕ੍ਰੀਨ ਸਮਾਂ ਘਟਾਉਣ ਅਤੇ ਸਿਹਤ ਦੀ ਤੰਦਰੁਸਤੀ ਲਈ ਹੋਰ ਨੁਕਤੇ ਸੁਨਣ ਲਈ ਆਡੀਓ ਬਟਨ 'ਤੇ ਕਲਿੱਕ ਕਰੋ ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।

Share