ਐਨ ਐਸ ਡਬਲਿਊ ਮਾਸਟਰਸ ਅਥਲੈਟਿਕਸ ਚੈਂਪਿਅਨਸ਼ਿਪ ਵਿੱਚ ਪੰਜਾਬੀਆਂ ਨੇ ਮਾਰੀਆਂ ਮੱਲਾਂ

Large number of Punjabi athletes took part in the Championship.jpeg

Large number of Punjabi athletes took part in the athletics hampionship. Credit: Gursher Maan

ਸਿਡਨੀ ਦੇ ਕੈਂਪਬੈਲਟਾਊਨ ਵਿੱਚ ਹੋਈਆਂ ਸਲਾਨਾ ਐਨ ਐਸ ਡਬਲਿਊ ਮਾਸਟਰਸ ਅਥਲੈਟਿਕਸ ਵਿੱਚ ਤਕਰੀਬਨ 500 ਤੋਂ ਵੀ ਜਿਆਦਾ ਅਥਲੀਟਾਂ ਨੇ 44 ਕਿਸਮ ਦੀਆਂ ਖੇਡਾਂ ਅਤੇ ਦੌੜਾਂ ਵਿੱਚ ਭਾਗ ਲਿਆ। ਇਹਨਾਂ ਵਿੱਚ ਬਹੁਤ ਸਾਰੇ ਪੰਜਾਬੀ ਖਿਡਾਰੀ ਅਜਿਹੇ ਵੀ ਸਨ ਜੋ ਕਿ ਪਹਿਲੀ ਵਾਰ ਮੈਦਾਨ ਵਿੱਚ ਨਿੱਤਰੇ ਸੀ ਅਤੇ ਉਨ੍ਹਾਂ ਨੇ ਕਈ ਮੈਡਲ ਜਿੱਤੇ।


ਸਿਡਨੀ ਦੇ ਉੱਘੇ ਅਥਲੀਟ ਅਤੇ ਹੁਣ ਕੋਚ, ਗੁਰਸ਼ੇਰ ਸਿੰਘ ਮਾਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ, “ਇਸ ਵਾਰ ਦੀ ਮਾਸਟਰਸ ਚੈਂਪੀਅਨਸ਼ਿਪ ਵਿੱਚ 75 ਤੋਂ 80 ਦੇ ਕਰੀਬ ਕਲੱਬਾਂ ਤੋਂ ਆਏ 500 ਤੋਂ ਵੀ ਜਿਆਦਾ ਖਿਡਾਰੀਆਂ ਨੇ ਭਾਗ ਲਿਆ, ਅਤੇ ਇਹਨਾਂ ਵਿੱਚ ਪੰਜਾਬੀਆਂ ਦਾ ਗਲੈੱਨਵੁੱਡ ਅਥਲੈਟਿਕਸ ਕਲੱਬ ਵੀ ਸ਼ਾਮਲ ਸੀ”।

ਸਿਡਨੀ ਦੇ ਬਹੁਤ ਸਾਰੇ ਪੰਜਾਬੀ ਖਿਡਾਰੀਆਂ ਨੇ ਵਿਆਪਕ ਭਾਈਚਾਰੇ ਤੋਂ ਆਏ ਖਿਡਾਰੀਆਂ ਦੇ ਨਾਲ ਮੁਕਾਬਲੇ ਕਰਦੇ ਹੋਏ ਅਨੇਕਾਂ ਖੇਡਾਂ ਅਤੇ ਦੌੜਾਂ ਵਿੱਚ ਭਾਗ ਲਿਆ।

“ਸਿਡਨੀ ਦੇ ਗਲੈੱਨਵੁੱਡ ਅਥਲੈਟਿਕਸ ਕਲੱਬ ਦੇ ਹੀ 11 ਮੈਂਬਰਾਂ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ, ਜਿਹਨਾਂ ਵਿੱਚੋਂ 9 ਖਿਡਾਰੀ ਪਹਿਲੀ ਵਾਰ ਮੈਦਾਨ ਵਿੱਚ ਉੱਤਰੇ ਸਨ ਅਤੇ ਬਹੁਤ ਸਾਰਿਆਂ ਨੇ ਮੈਡਲ ਵੀ ਜਿੱਤੇ”, ਸ਼੍ਰੀ ਮਾਨ ਨੇ ਦੱਸਿਆ।

ਐਨ ਐਸ ਡਬਲਿਊ ਮਾਸਟਰਸ ਚੈਂਪਿਅਨਸ਼ਿੱਪ ਵਿੱਚ 30 ਸਾਲਾਂ ਤੋਂ ਉੱਪਰ ਦੀ ਉਮਰ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ।

ਇਸ ਚੈਂਪਿਅਨਸ਼ਿੱਪ ਵਿੱਚ 44 ਕਿਸਮ ਦੀਆਂ ਖੇਡਾਂ ਅਤੇ ਦੌੜਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜਿਹਨਾਂ ਵਿੱਚ 100 ਮੀਟਰ, 400 ਮੀਟਰ, 1500 ਮੀਟਰ ਅਤੇ 5000 ਮੀਟਰ ਦੀਆਂ ਦੌੜਾਂ ਦੇ ਨਾਲ ਨਾਲ, ਲਾਂਗ ਜੰਪ, ਹਾਈ ਜੰਪ, ਡਿਸਕਸ ਥਰੋ, ਜੈਵਲਿਨ ਥਰੋ ਆਦਿ ਹੁੰਦੀਆਂ ਹਨ।
Gursher Singh competing in Championship
Credit: Gursher Maan
ਸ਼੍ਰੀ ਮਾਨ, ਜਿਨ੍ਹਾਂ ਨੇ 14 ਸਾਲਾਂ ਦੀ ਉਮਰ ਤੋਂ ਹੀ ਸਕੂਲੀ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਨੇ ਕਿਹਾ, “ਮੈਂ ਆਪਣੇ ਸਪੋਰਟਸ ਕੈਰੀਅਰ ਦੌਰਾਨ ਭਾਰਤ ਦੀਆਂ 10 ਨੈਸ਼ਨਲ ਲੈਵਲ ਦੀਆਂ ਖੇਡਾਂ ਵਿੱਚ ਭਾਗ ਲਿਆ ਅਤੇ ਮੈਨੂੰ ਸਪੋਰਟਸ ਕੋਟੇ ਅਧੀਨ ਭਾਰਤੀ ਫੌਜ ਵਿੱਚ ਪਹਿਲ ਦੇ ਅਧਾਰ ਤੇ ਨੌਕਰੀ ਮਿਲੀ ਸੀ”।

ਇਸ ਤੋਂ ਬਾਅਦ ਸ਼੍ਰੀ ਮਾਨ ਨੂੰ ਸਪੋਰਟਸ ਸਕੋਲਸ਼ਿੱਪ ‘ਤੇ ਆਸਟ੍ਰੇਲੀਆ ਆਉਣ ਦਾ ਮੌਕਾ ਮਿਲਿਆ।

ਆਸਟ੍ਰੇਲੀਆ ਆਕੇ ਜਿਥੇ ਉਨ੍ਹਾਂ ਆਪਣੀ ਖੇਡ ਨੂੰ ਜਾਰੀ ਰੱਖਿਆ ਉੱਥੇ ਦੂਜਿਆਂ ਨੂੰ ਵੀ ਖੇਡਾਂ ਨਾਲ ਜੋੜਨ ਦਾ ਉਪਰਾਲਾ ਕੀਤਾ।

ਉਨ੍ਹਾਂ ਸਾਲ 2020 ਵਿੱਚ ਗਲੈੱਨਵੁੱਡ ਅਥਲੈਟਿਕਸ ਕਲੱਬ ਦੀ ਸਥਾਪਨਾ ਵਿੱਚ ਮਦਦ ਕੀਤੀ, ਜਿਸ ਵਿੱਚ ਹੁਣ ਹਰ ਉਮਰ ਦੇ ਵਿਅਕਤੀਆਂ ਨੂੰ ਖੇਡਣ ਲਈ ਪ੍ਰੇਰਿਆ ਜਾਂਦਾ ਹੈ।

Share