ਆਸਟ੍ਰੇਲੀਆ ਵਿੱਚ ਘੱਟੋ-ਘੱਟ ਤਨਖਾਹ ਦੀ ਦਰ ਨੂੰ ਨਿਸ਼ਚਤ ਕਰਦਾ ਹੈ ‘ਫੇਅਰ ਵਰਕ ਓਮਬੁਡਸਮਨ’। ਕਰਮਚਾਰੀਆਂ ਨੂੰ ਇਸ ਨਿਸ਼ਚਿਤ ਕੀਤੀ ਹੋਈ ਤਨਖਾਹ ਤੋਂ ਘੱਟ ਤਨਖਾਹ ਨਹੀਂ ਦਿੱਤੀ ਜਾ ਸਕਦੀ, ਬੇਸ਼ਕ ਕਰਮਚਾਰੀ ਇਸ ਵਾਸਤੇ ਰਾਜ਼ੀ ਹੀ ਕਿਉਂ ਨਾ ਹੋਣ। ਇਹਨਾਂ ਸਖਤ ਨਿਯਮਾਂ ਦੇ ਬਾਵਜੂਦ, ਕਈ ਅਦਾਰੇ ਫੇਰ ਵੀ ਆਪਣੇ ਕਰਮਚਾਰੀਆਂ ਦਾ ਸ਼ੋਸ਼ਣ ਕਰਦੇ ਹਨ, ਖਾਸ ਕਰਕੇ ਅਗਰ ਉਹ ਵਿਦੇਸ਼ਾਂ ਤੋਂ ਪੜਨ ਆਏ ਸਿਖਿਆਰਥੀ ਹੋਣ ਜਾਂ ਫੇਰ ਬੈਕ-ਪੈਕਰਸ।
ਕੀ ਤੁਹਾਨੂੰ ਯਕੀਨ ਹੈ ਕਿ ਤੁਹਾਨੂੰ ਵਾਜਬ ਤੇ ਬਣਦੀ ਤਨਖਾਹ ਮਿਲ ਰਹੀ ਹੈ? ਆਸਟ੍ਰੇਲੀਆ ਦੀ ਦੇਸ਼ ਵਿਆਪੀ ਤਨਖਾਹ ਦਰ ਇਸ ਸਮੇਂ 18.29 ਡਾਲਰ ਪ੍ਰਤੀ ਘੰਟਾ ਨਿਯਤ ਕੀਤੀ ਹੋਈ ਹੈ। ਜੋ ਕਿ, ਟੈਕਸ ਕਟੌਤੀ ਤੋਂ ਪਹਿਲਾਂ, ਹਫਤੇ ਦੀ ਤਕਰੀਬਨ 695 ਡਾਲਰ ਬਣਦੀ ਹੈ। ਫੇਅਰ ਵਰਕ ਓਮਬੁਡਸਮਨ ਵਿਭਾਗ ਦੇ ਮੀਡੀਆ ਡਾਇਰੈਕਟਰ ਹਨ, ਮਾਰਕ ਲੀਅ ਅਤੇ ਆਖਦੇ ਹਨ ਕਿ ਇਸ ਤੋਂ ਅਲਾਵਾ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਨਾਂ ਨਾਲ ਤੁਹਾਨੂੰ ਹੋਰ ਵੀ ਜਿਆਦਾ ਪੈਸਿਆਂ ਦਾ ਭੁਗਤਾਨ ਹੋ ਸਕਦਾ ਹੈ।
ਜੇ ਕਰ ਤੁਸੀਂ ਆਰਜ਼ੀ ਕਾਮੇਂ ਹੋ ਤਾਂ, ਤੁਹਾਨੂੰ ਆਰਜ਼ੀ ਭੱਤੇ ਮਿਲਾਉਂਦੇ ਹੋਏ ਘੱਟੋ-ਘੱਟ ਤਨਖਾਹ ਵਾਲੀ ਦਰ ਤੋਂ ਜਿਆਦਾ ਮਿਲਣੇ ਚਾਹੀਦੇ ਹਨ।
ਇਸੀ ਤਰਾਂ ਅਗਰ ਤੁਸੀਂ ਹਫਤਾ-ਅੰਤ, ਪਬਲਿਕ ਹੋਲੀਡੇਜ਼ ਜਾਂ ਰਾਤ ਸਮੇਂ ਕੰਮ ਕਰਦੇ ਹੋ ਤਾਂ ਵੀ ਤੁਹਾਨੂੰ ਜਿਆਦਾ ਤਨਖਾਹ ਮਿਲਣੀ ਚਾਹੀਦੀ ਹੈ।
ਤੇ ਜੇ ਕਿਸੇ ਕਾਰਨ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਹੀ ਭੁਗਤਾਨ ਨਹੀਂ ਮਿਲ ਰਿਹਾ, ਤਾਂ ਫੇਅਰ ਵਰਕ ਓਮਬੁਡਸਮਨ ਦੀ ਵੈਬਸਈਟ ਤੇ ਇੱਕ ਕੈਲਕੂਲੇਟਰ ਉਪਲਬਧ ਹੈ ਜੋ ਤੁਹਾਡੀ ਮਦਦ ਕਰ ਸਕਦਾ ਹੈ।ਯੂਨਿਵਰਸਿਟੀ ਆਫ ਟੈਕਨੋਲੋਜੀ ਸਿਡਨੀ ਦੇ ਕਾਨੂੰਨ ਵਿਭਾਗ ਵਿੱਚ, ਲੋਰੀ ਬਰਗ ਇੱਕ ਸੀਨੀਅਰ ਲੈਕਚਰਾਰ ਹਨ। ਪਿਛਲੇ ਸਾਲ ਉਹਨਾਂ ਨੇ ਆਪਣੇ ਇੱਕ ਸਹਿਯੋਗੀ ਨਾਲ ਮਿਲ ਕੇ ਘੱਟ ਤਨਖਾਹਾਂ ਦਿਤੇ ਜਾਣ ਬਾਬਤ ਇੱਕ ਸਰਵੇਖਣ ਕੀਤਾ ਸੀ। ਅਤੇ ਇਸ ਤੋਂ ਜੋ ਆਂਕੜੇ ਸਾਹਮਣੇ ਆਏ ਸਨ, ਉਹ ਵਿਦੇਸ਼ੀ ਸਿਖਿਆਰਥੀਆਂ ਅਤੇ ਬੈਕਪੈਕਰਾਂ ਲਈ ਕੋਈ ਜਿਆਦਾ ਚੰਗੇ ਨਹੀਂ ਸਨ।
ਇਸ ਖੋਜ ਤੋਂ ਪਤਾ ਚਲਿਆ ਸੀ ਕਿ ਜਿਆਦਾਤਰ ਵਿਦਿਆਰਥੀਆਂ ਅਤੇ ਬੈਕਪੈਕਰਾਂ ਨੂੰ ਪਤਾ ਸੀ ਕਿ ਘੱਟੋ-ਘੱਟ ਤਨਖਾਹ ਦੀ ਦਰ ਕੀ ਹੈ, ਪਰ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਆਸਪਾਸ ਦੇ ਲੋਕਾਂ ਨੂੰ ਵੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਉਹਨਾਂ ਨੇ ਵੀ ਇਸ ਗੱਲ ਉੱਤੇ ਸਹਿਜੇ ਹੀ ਯਕੀਨ ਕਰ ਲਿਆ ਕਿ ਉਹਨਾਂ ਨੂੰ ਵੀ ਸ਼ਾਇਦ, ਪੂਰੀ ਤਨਖਾਹ ਦੇਣ ਵਾਲੀ ਨੌਕਰੀ ਮਿਲਣੀ ਮੁਸ਼ਕਲ ਹੀ ਹੋਵੇਗੀ। ਬੇਸ਼ਕ ਕਈ ਅਦਾਰੇ ਅਜਿਹਾ ਕਰ ਰਹੇ ਸਨ ਪਰ ਬਹੁਤਿਆਂ ਵਿੱਚ ਦਾ ਤਾਂ ਬਹੁਤ ਹੀ ਮਾੜਾ ਹਾਲ ਸੀ।
ਬਰਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਬਹੁਤ ਹੈਰਾਨੀ ਹੋਈ ਕਿ ਕਾਫੀ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਅਤੇ ਬੈਕ-ਪੈਕਰਾਂ ਨੂੰ ਘੱਟ ਤਨਖਾਹ ਮਿਲ ਰਹੀ ਸੀ।ਮਾਰਕ ਲੀਅ ਆਖਦੇ ਹਨ ਕਿ ਬੇਸ਼ਕ ਫੇਅਰ ਵਰਕ ਓਮਬਡਸਮਨ ਨੇ ਪੂਰੀਆਂ ਤਨਖਾਹਾਂ ਦੇ ਭੁਗਤਾਨ ਵਾਸਤੇ ਕਈ ਨਿਯਮ ਬਣਾਏ ਹੋਏ ਹਨ, ਪਰ ਫੇਰ ਵੀ ਇਸ ਨੂੰ ਪੂਰੀ ਤਰਾਂ ਨਾਲ ਸੁਧਾਰਨ ਲਈ, ਬਹੁਤ ਸਾਰੇ ਸਰਕਾਰੀ ਤੇ ਨਿਜੀ ਅਦਾਰਿਆਂ ਨੂੰ ਹੋਰ ਵੀ ਬਹੁਤ ਕੁੱਝ ਕਰਨ ਦੀ ਲੋੜ ਹੈ।
ਤੇ ਜੇਕਰ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਤੁਹਾਡਾ ਰੁਜਗਾਰ-ਦਾਤਾ ਤੁਹਾਡਾ ਵੀਜ਼ਾ ਰੱਦ ਕਰਵਾ ਸਕਦਾ ਹੈ ਜਾਂ ਕੋਈ ਹੋਰ ਮੁਸ਼ਕਲ ਖੜੀ ਕਰ ਸਕਦਾ ਹੈ, ਤਾਂ ਫੇਅਰ ਵਰਕ ਓਮਬੁਡਸਮਨ ਤੁਹਾਡੀ ਮਦਦ ਲਈ ਅੱਗੇ ਆ ਸਕਦਾ ਹੈ।
ਇਹ ਪਤਾ ਕਰਨ ਲਈ ਕਿ, ਕੀ ਤੁਹਾਨੂੰ ਸਹੀ ਤਨਕਾਹ ਮਿਲ ਰਹੀ ਹੈ ਜਾਂ ਨਹੀਂ, ਜਾਂ ਜੇ ਕਰ ਤੁਸੀਂ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਵੀ ਫੇਅਰ ਵਰਕ ਓਮਬੁਡਸਮਨ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਵੈਬਸਾਈਟ ਹੈ, ‘ਫੇਅਰਵਰਕ.ਗੋਵ.ਏਯੂ’ ਅਤੇ ਫੋਨ ਨੰਬਰ ਹੈ 13 13 94