ਸਿਡਨੀ ਨਿਵਾਸੀ ਸਤਿੰਦਰ ਕੌਰ ਜਿਸ ਨੇ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਪਹਿਲਾਂ ਭਾਰਤ ਵਿੱਚ ਰਹਿੰਦੇ ਹੋਏ ਬਾਕਸਿੰਗ ਦੇ ਖੇਤਰ ਵਿੱਚ ਕਈ ਨਾਮਣੇਂ ਖੱਟੇ ਹੋਏ ਹਨ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਮੈਨੇਜਰ ਵਜੋਂ ਹੋਈ ਆਪਣੀ ਨਿਯੁਕਤੀ ਬਾਰੇ ਜਾਣਕਾਰੀ ਸਾਂਝੀ ਕੀਤੀ।
“ਮੈਂ ਹੁਣ ਆਸਟ੍ਰੇਲੀਆ ਦੀ ਬਾਕਸਿੰਗ ਟੀਮ ਦੇ ਪ੍ਰਸ਼ਾਸਕੀ ਕਾਰਜ ਸੰਭਾਲਿਆ ਕਰਾਂਗੀ ਜਿਸ ਵਿੱਚ, ਖਿਡਾਰੀਆਂ ਦੀਆਂ ਟੂਰਨਾਮੈਂਟ ਲਈ ਨਾਮਜ਼ਦਗੀਆਂ, ਮੈਡੀਕਲ ਰਿਪੋਰਟਾਂ, ਯਾਤਰਾਵਾਂ, ਖਾਣਿਆਂ, ਸ਼ਰੀਰਕ ਭਾਰ ਤੋਂ ਲੈ ਕਿ ਟੂਰਨਾਮੈਂਟ ਦੇ ਨਤੀਜਿਆਂ ਤੱਕ ਦੀ ਜਿੰਮੇਵਾਰੀ ਨਿਭਾਉਣੀ ਹੋਵੇਗੀ," ਉਨ੍ਹਾਂ ਕਿਹਾ।
ਭਾਰਤ ਸਥਿੱਤ ਆਪਣੇ ਪਹਿਲੇ ਕੋਚ ਸ਼ਿਵ ਸਿੰਘ ਜਿਹਨਾਂ ਨੂੰ ਦਰੋਣਾਚਾਰਿਆ ਸਨਮਾਨ ਵੀ ਮਿਲ ਚੁੱਕਾ ਹੈ, ਨੂੰ ਮਾਣ ਦਿੰਦੇ ਹੋਏ ਉਨ੍ਹਾਂ ਦੱਸਿਆ, “ਮੈਂ 20 ਸਾਲਾਂ ਦੀ ਉਮਰ ਵਿੱਚ ਬਾਕਸਿੰਗ ਦੀ ਖੇਡ ਖੇਡਣੀ ਸ਼ੁਰੂ ਕੀਤੀ ਸੀ ਅਤੇ ਆਪਣੀ ਮਿਹਨਤ ਅਤੇ ਕੋਚ ਸਾਹਿਬਾਨਾਂ ਦੀ ਮੱਦਦ ਨਾਲ ਸਟੇਟ ‘ਤੇ ਰਾਸ਼ਟਰੀ ਲੈਵਲ ਦੇ ਕਈ ਖਿਤਾਬ ਜਿੱਤੇ”।
Satinder as Assitant Coach with NSW Boxing Credit: Ms Kaur
ਪੰਜਾਬ ਤੋਂ ਮੋਹਾਲੀ ਦੇ ਪਿਛੋਕੜ ਵਾਲੀ ਸਤਿੰਦਰ ਨੇ 2002 ਦੀਆਂ ਨੈਸ਼ਨਲ ਬਾਕਸਿੰਗ ਖੇਡਾਂ ਵਿੱਚ ਚਾਂਦੀ ਦਾ ਤਗਮਾ ਅਤੇ 2003 ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ।
2007 ਵਿੱਚ ਆਸਟ੍ਰੇਲੀਆ ਪ੍ਰਵਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਦੇਸ਼ ਵਿੱਚ ਸਥਾਪਤ ਹੋਣ ਲਈ ਕੀਤੇ ਜਾਣ ਵਾਲੇ ਸੰਘਰਸ਼ ਕਾਰਨ ਕੁੱਝ ਸਾਲ ਬਾਕਸਿੰਗ ਦੇ ਰਿੰਗ ਤੋਂ ਦੂਰ ਰਹਿਣਾ ਪਿਆ।
Credit: Ms Kaur
ਪਰ ਇਸ ਦੌਰਾਨ, ਇੱਕ ਖਿਡਾਰੀ ਵਜੋਂ ਸਤਿੰਦਰ ਨੇ ਬੱਚਿਆਂ ਅਤੇ ਭਾਈਚਾਰੇ ਦੇ ਹੋਰਨਾਂ ਲੋਕਾਂ ਲਈ ਸ਼ਰੀਰਤ ਤੰਦਰੁਸਤੀ ਬਣਾਈ ਰੱਖਣ ਵਾਲੇ ਕਈ ਉਪਰਾਲੇ ਜਾਰੀ ਰੱਖੇ।
ਹੁਣ ਉਸਨੂੰ ਐਨ ਐਸ ਡਬਲਿਊ ਬਾਕਸਿੰਗ ਟੀਮ ਦੀ ਅਸਿਸਟੈਂਟ ਕੋਚ ਵੀ ਨਿਯੁਕਤ ਕਰ ਲਿਆ ਗਿਆ ਹੈ ਜਿਸ ਨਾਲ ਇਹਨਾਂ ਦੀਆਂ ਜਿੰਮੇਵਾਰੀਆਂ ਹੋਰ ਵੀ ਵੱਧ ਗਈਆਂ ਹਨ।
“ਜੂਨੀਅਰ ਅਤੇ ਸੀਨੀਅਰ ਟੀਮਾਂ ਨੂੰ ਟਰੇਨ ਕਰਨ ਤੋਂ ਅਲਾਵਾ, ਖਿਡਾਰੀਆਂ ਨੂੰ ਰਿੰਗ ਟੈਕਨੀਕਸ ਅਤੇ ਹੋਰ ਟੈਕਟਿਕਸ ਸਮਝਾਉਣ ਦੀ ਮੇਰੀ ਜਿੰਮੇਵਾਰੀ ਹੋਵੇਗੀ," ਉਨ੍ਹਾਂ ਕਿਹਾ।
“ਸਾਨੂੰ ਸਾਰਿਆਂ ਨੂੰ, ਉਮਰ ਦੇ ਹਰ ਪੜਾਅ ਤੇ ਰਹਿੰਦੇ ਹੋਏ ਆਪਣੀ ਸ਼ਰੀਰਕ ਤੰਦਰੁਸਤੀ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।"
ਜੇ ਕਿਸੇ ਨੂੰ ਬਾਕਸਿੰਗ ਦੇ ਖੇਤਰ ਵਿੱਚ ਕਿਸੇ ਕਿਸਮ ਦੇ ਸਹਿਯੋਗ ਦੀ ਲੋੜ ਹੋਵੇ ਤਾਂ ਉਹ ਸਤਿੰਦਰ ਕੌਰ ਨਾਲ ਸੰਪਰਕ ਕਰ ਸਕਦੇ ਹਨ, ਜਿਸਦਾ ਵੇਰਵਾ ਪੌਡਕਾਸਟ ਸੁਣਦੇ ਹੋਏ ਲਿਆ ਜਾ ਸਕਦਾ ਹੈ।