ਸਿਡਨੀ ਨਿਵਾਸੀ ਹਰਕੀਰਤ ਸਿੰਘ ਸੰਧਰ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਲੇਖਕ ਵਜੋਂ ਪਹਿਚਾਣ ਰੱਖਦੇ ਹਨ।
ਹਰਕੀਰਤ ਨੇ ਕਈ ਅਜਿਹੀਆਂ ਕਿਤਾਬਾਂ ਲਿਖੀਆਂ ਹਨ ਜਿਹਨਾਂ ਵਿੱਚੋਂ ਖੋਜ, ਦਿਲਾਂ ਦੀ ਸਾਂਝ ਅਤੇ ਸੰਘਰਸ਼ ਦੀ ਝਲਕ ਪੈਂਦੀ ਹੈ।
ਐਸ ਬੀ ਐਸ ਪੰਜਾਬੀ ਨਾਲ ਆਪਣੀ ਨਵੀਂ ਪੁਸਤਕ ਮੇਰੇ ਹਿੱਸੇ ਦਾ ਲਾਹੌਰ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ, “ਮੇਰੇ ਲਈ ਲਾਹੌਰ ਸ਼ਬਦ ਕਿਸੇ ਇੱਕ ਸ਼ਹਿਰ ਦਾ ਨਾਮ ਹੀ ਨਹੀਂ ਹੈ, ਬਲਕਿ ਇਹ ਸਾਡੇ ਸਭਿਆਚਾਰ ਨੂੰ ਉਜਾਗਰ ਕਰਨ ਵਾਲਾ ਇੱਕ ਖਾਸ ਸ਼ਬਦ ਵੀ ਹੈ”।
“ਜਿਵੇਂ ਪੰਜਾਬੀ ਭਾਵੇਂ ਪੰਜਾਬ ਜਾਂ ਭਾਰਤ ਤੋਂ ਬਾਹਰ ਹੀ ਕਿਉਂ ਨਾ ਵਸਦੇ ਹੋਣ, ਪੰਜਾਬੀ ਸ਼ਬਦ ਹਮੇਸ਼ਾਂ ਉਹਨਾਂ ਦੇ ਨਾਲ ਜੁੜਿਆ ਰਹੇਗਾ। ਇਸੀ ਤਰਾਂ ਪੰਜਾਬੀ ਸਭਿਆਚਾਰ ਬੇਸ਼ਕ ਇਸ ਸਮੇਂ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ, ਪਰ ਕਿਸੇ ਨਾ ਕਿਸੇ ਤਰਾਂ ਇਸ ਦਾ ਸਬੰਧ ਲਾਹੌਰ ਨਾਲ ਵੀ ਜੁੜਿਆ ਹੋਇਆ ਹੈ”।
Coffee table book with Mere Hisse Da Lahore. Credit: Sandhar
“ਮੈਂ ਪਾਕਿਸਤਾਨ ਦੇ ਕਈ ਸ਼ਹਿਰਾਂ ਅਤੇ ਸਮਾਗਮਾਂ ਵਿੱਚ ਗਿਆ। ਅਜੇ ਵੀ ਬਹੁਤ ਸਾਰੀਆਂ ਰਸਮਾਂ, ਬੋਲੀ, ਵਿਆਹਾਂ ਦੇ ਗੀਤ ਅਤੇ ਹੋਰ ਕਿਰਿਆਵਾਂ ਭਾਰਤੀ ਪੰਜਾਬ ਨਾਲ ਮੇਲ ਰੱਖਣ ਵਾਲੀਆਂ ਹੀ ਹਨ”, ਸ਼੍ਰੀ ਸੰਧਰ ਨੇ ਦੱਸਿਆ।
ਉਨ੍ਹਾਂ ਇਸ ਪੁਸਤਕ ਨੂੰ ਕਈ ਭਾਗਾਂ ਵਿੱਚ ਵੰਡਦੇ ਹੋਏ, ਧਾਰਮਿਕ ਅਸਥਾਨਾਂ, ਸਭਿਆਚਾਰਕ ਕੇਂਦਰਾਂ, ਪੰਜਾਬ ਯੂਨਿਵਰਸਿਟੀ, ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆਂ ਯਾਦਾਂ ਸਮੇਤ, ਪੰਜਾਬੀਆਂ ਦੀਆਂ ਆਪਸੀ ਸਾਂਝ ਨੂੰ ਦਰਸਾਉਂਦੀ ਰੌਚਕ ਜਾਣਕਾਰੀ ਰੰਗੀਨ ਤਸਵੀਰਾਂ ਸਹਿਤ ਇਸ ਕਿਤਾਬ ਵਿੱਚ ਪਰੋਈ ਹੋਈ ਹੈ।
ਇਸ ਤੋਂ ਪਹਿਲਾਂ ਵੀ ਹਰਕੀਰਤ ਸਿੰਘ ਸੰਧਰ ਆਪਣੀਆਂ ਦੋ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ, ਜਿਹਨਾਂ ਦੇ ਨਾਮ ‘ਜਦੋਂ ਤੁਰੇ ਸੀ’ ਅਤੇ ‘ਕਿਸਾਨ ਨਾਮਾ’ ਹਨ।
ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ......