ਜਦੋਂ ਮਾਨਸਿਕ ਸਿਹਤ ਰੁਕਾਵਟਾਂ ਨੂੰ ਪਿੱਛੇ ਛੱਡਦਿਆਂ ਮੈਲਬੌਰਨ ਦੀ ਇਸ ਪੰਜਾਬਣ ਨੇ ਸ਼ੁਰੂ ਕੀਤਾ ਹੱਥ-ਬੁਣਤੀ ਦਾ ਕੰਮਕਾਰ

Melbourne-based Kuldeep Kaur overcame depression and other mental health issues to start her own handknitting business.

Melbourne-based Kuldeep Kaur overcame depression and other mental health issues to start her own handknitting business. Source: Supplied

ਮੈਲਬੌਰਨ ਦੀ ਇੱਕ ਔਰਤ ਅਤੇ ਦੋ ਬੱਚਿਆਂ ਦੀ ਮਾਂ ਕੁਲਦੀਪ ਕੌਰ ਨੇ ਛੋਟੇ ਬੱਚਿਆਂ ਦੇ ਹੱਥ-ਬੁਣਤੀ ਦੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕਰਨ ਪਿੱਛੇ ਦੀ ਆਪਣੀ ਕਹਾਣੀ ਸਾਂਝੀ ਕਰਦਿਆਂ ਉਨ੍ਹਾਂ 'ਅਣਕਿਆਸੇ ਹਾਲਾਤਾਂ’ ਦਾ ਜ਼ਿਕਰ ਕੀਤਾ ਹੈ ਜਿਸ ਕਰਕੇ ਉਸਦੀ ਜ਼ਿੰਦਗੀ ਬੁਰੀ ਤਰਾਂਹ ਪ੍ਰਭਾਵਤ ਹੋਈ।


ਕੁਲਦੀਪ ਕੌਰ ਲਗਭਗ 12 ਸਾਲ ਪਹਿਲਾਂ ਬਿਹਤਰ ਜ਼ਿੰਦਗੀ ਲਈ ਭਾਰਤ ਤੋਂ ਆਸਟ੍ਰੇਲੀਆ ਆ ਗਈ ਸੀ ਪਰ ਇਸ ਸਮੇਂ ਦੌਰਾਨ ਉਸਨੂੰ ਬਹੁਤ ਸਾਰੀਆਂ ਚੁਣੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।

ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ, ਸ਼੍ਰੀਮਤੀ ਕੌਰ ਨੇ ਉਨ੍ਹਾਂ ਹਾਲਾਤਾਂ ਬਾਰੇ ਗੱਲ ਕੀਤੀ ਜਿਨ੍ਹਾਂ ਦੇ ਚਲਦਿਆਂ ਉਸਦੀ ਜ਼ਿੰਦਗੀ ਪ੍ਰਭਾਵਤ ਹੋਈ ਤੇ ਕਿਵੇਂ ਉਸਨੇ ਇਹਨਾਂ ਚੁਣੌਤੀਆਂ ਦਾ ਡਟਕੇ ਮੁਕਾਬਲਾ ਕੀਤਾ।

“ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਕਾਲਾ ਦੌਰ ਸੀ। ਪਰ ਮੈਂ ਇਹ ਚੁਣੌਤੀਆਂ ਨੂੰ ਕਾਬੂ ਕਰਨ ਲਈ ਨਿਰੰਤਰ ਯਤਨਸ਼ੀਲ ਹਾਂ ਅਤੇ ਆਪਣੀ ਜਿੰਦਗੀ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਸਫਲਤਾ ਪ੍ਰਾਪਤ ਕਰਨ ਲਈ ਅੱਗੇ ਵਧ ਰਹੀ ਹਾਂ,” ਉਸਨੇ ਕਿਹਾ।

"ਭਾਵੇ ਮੈਂ ਬਹੁਤ ਹੀ ਭੈੜਾ ਤੇ ਡਰਾਉਣਾ ਸਮਾਂ ਵੀ ਦੇਖਿਆ ਪਰ ਗੁਰੂ ਸਾਹਿਬ ਜੀ ਦੀ ਬਖਸ਼ੀ ਸਿੱਖੀ, ਸਰੂਰ ਅਤੇ ਹਿੰਮਤੀ ਜਜ਼ਬੇ ਨਾਲ ਹਮੇਸ਼ਾਂ ਨਿਵਾਜਦੀ ਰਹੀ ਹੈ।“
Kuldeep Kaur
Source: Supplied
ਸ਼੍ਰੀਮਤੀ ਕੌਰ ਜੋ ਇੱਕ ਸੁਰਖਿਆ ਅਧਿਕਾਰੀ ਅਤੇ ਇੱਕ ਸਿਹਤ ਸੰਭਾਲ ਕਰਮਚਾਰੀ ਵਜੋਂ ਵੀ ਕੰਮ ਕਰ ਚੁੱਕੀ ਹੈ, ਨੇ ਪਿਛਲੇ ਸਾਲ ਹੱਥੀਂ-ਬੁਣੇ ਕਪੜੇ ਦਾ ਕਾਰੋਬਾਰ ਸ਼ੁਰੂ ਕਰਨ ਪਿੱਛੇ ਆਪਣੀ 'ਮਜਬੂਰੀ' ਵੀ ਸਾਂਝੀ ਕੀਤੀ।

ਦੋ ਧੀਆਂ ਦੀ ਮਾਂ ਸ੍ਰੀਮਤੀ ਕੌਰ ਨੇ ਕਿਹਾ ਕਿ ਉਸਨੇ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਆਪਣੀ ਨੌਕਰੀ ਛੱਡ ਦਿੱਤੀ ਸੀ।

“ਮੇਰੀ ਚਾਰ ਮਹੀਨੇ ਦੀ ਛੋਟੀ ਬੱਚੀ ਦੀਆਂ ਕੁਝ ਖਾਸ ਜ਼ਰੂਰਤਾਂ ਹਨ ਜਿਸ ਕਰਕੇ ਮੈਨੂੰ ਹਰ ਪਲ ਘਰ ਰਹਿਣਾ ਪੈਂਦਾ ਹੈ। ਉਸਨੂੰ ਸਿਹਤਯਾਬ ਹੋਣ ਲਈ 1 ਸਾਲ ਦੀ ਉਮਰ ਵਿੱਚ ਸਰਜਰੀ ਕਰਾਉਣ ਦੀ ਜ਼ਰੂਰਤ ਹੋਏਗੀ,” ਉਸਨੇ ਕਿਹਾ।

ਸ੍ਰੀਮਤੀ ਕੌਰ ਦੇ ਪਤੀ ਦਿਲ ਦੇ ਰੋਗ ਦੀ ਇੱਕ ਗੰਭੀਰ ਸਮੱਸਿਆ ਤੋਂ ਪ੍ਰੇਸ਼ਾਨ ਰਹੇ ਹਨ - ਉਨ੍ਹਾਂ ਨੂੰ ਆਪਣੇ ਸਿਹਤ-ਮਸਲਿਆਂ ਕਾਰਨ ਕੰਮ ਤੇ ਵਾਪਸ ਪਰਤਣ ਵਿੱਚ ਮੁਸ਼ਕਿਲ ਆਈ ਅਤੇ ਕੋਵਿਡ-19 ਮਹਾਂਮਾਰੀ ਨਾਲ ਜੁੜੇ ਹਾਲਾਤਾਂ ਦੇ ਚੱਲਦਿਆਂ ਵੀ ਉਹ ਕੰਮ ਤੇ ਵਾਪਸ ਨਾ ਜਾ ਸਕੇ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਚੱਲਦਿਆਂ ਸ੍ਰੀਮਤੀ ਕੌਰ ਨੇ ਹੱਥ-ਬੁਣਤੀ ਦਾ ਇਹ ਕਾਰੋਬਾਰ ਸ਼ੁਰੂ ਕੀਤਾ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਹੈ। 

“ਮੇਰੀ ਜ਼ਿੰਦਗੀ ਦੇ ਔਖੇ ਸਮੇਂ ਵਿੱਚ ਮੇਰੇ ਪਰਿਵਾਰ ਨੇ ਖਾਸ ਕਰ ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ। ਇਹ ਨਵਾਂ ਕਾਰੋਬਾਰ ਮੈਂ ਆਪਣੇ ਭਾਈਚਾਰੇ ਦੇ ਸਹਿਯੋਗ ਨਾਲ ਹੀ ਚਲਾ ਰਹੀ ਹਾਂ। ਬੁਣਤੀ ਦਾ ਇਹ ਗੁਣ ਮੇਰੀ ਮਾਂ ਨੇ ਮੈਨੂੰ ਵਿਰਸੇ ਵਿੱਚ ਸੌਂਪਿਆ ਹੈ,” ਉਸਨੇ ਕਿਹਾ।

“ਮੈਂ ਮਿਹਨਤ ਕਰਨ ਵਿੱਚ ਵਿਸ਼ਵਾਸ ਰੱਖਦੀ ਹਾਂ ਅਤੇ ਸੈਂਟਰਲਿੰਕ ਤੋਂ ਕਿਸੇ ਕਿਸਮ ਦਾ ਸਹਿਯੋਗ ਨਹੀਂ ਚਾਹੁੰਦੀ। ਮੈਂ ਆਪਣੇ ਪਰਿਵਾਰ ਨੂੰ ਇਸ ਔਖੀ ਆਰਥਿਕ ਸਥਿਤੀ ਤੋਂ ਬਾਹਰ ਕੱਢਣ ਲਈ ਆਪਣੀ ਮਿਹਨਤ ਉਤੇ ਭਰੋਸਾ ਕਰਦੀ ਹਾਂ।“
Ms Kaur says she wants to be role model for her daughters.
Ms Kaur says she wants to be role model for her daughters. Source: Supplied
ਸ਼੍ਰੀਮਤੀ ਕੌਰ ਨੇ ਕਿਹਾ ਕਿ ਖੁਸ਼ੀ ਦੇ ਨਵੇਂ ਅਰਥ ਲੱਭਣ ਲਈ ਉਸਨੇ ਜ਼ਿੰਦਗੀ ਨੂੰ ਨਵਾਂ ਮੋੜਾ ਦਿੱਤਾ ਹੈ। 

"ਜ਼ਿੰਦਗੀ ਵਿੱਚ ਚਮਕਣ ਲਈ ਆਪਣੇ ਆਪ ਨੂੰ ਆਪ ਤਰਾਸ਼ਣਾ ਪੈਦਾ ਕਿਉਂਕਿ ਆਪੇ ਤੋਂ ਵੱਧ ਸਾਨੂੰ ਹੋਰ ਕੋਈ ਨਹੀਂ ਜਾਣਦਾ! ਬੁਣਤੀ ਦੀ ਸ਼ੁਰੂਆਤ ਭਾਂਵੇ ਚੰਦ ਕੁ ਘੁਰਿਆਂ ਤੋਂ ਹੁੰਦੀ ਹੈ ਪਰ ਜੋ ਮਿਹਨਤੀ ਜਜ਼ਬਿਆਂ ਨਾ’ ਤਿਆਰ ਹੁੰਦਾ ਹੈ ਉਹਦੀ ਖ਼ੂਬਸੂਰਤੀ ਸਭ ਨੂੰ ਭਾਉਂਦੀ ਹੈ। ਬੁਣਦੇ ਜਾਉ, ਹੌਲੀ ਹੌਲੀ ਸੁਖ ਦੁੱਖ ਨਾਲ ਜ਼ਿੰਦਗੀ, ਯਕੀਨ ਮੰਨਿਓ ਅੰਤ ਬਿਹਤਰੀਨ ਹੀ ਹੋਵੇਗਾ,” ਉਸਨੇ ਕਿਹਾ।

"ਉਧੇੜਣਾ, ਕੱਟਣਾ ਬਹੁਤ ਆਸਾਨ ਤੇ ਹੁੰਦਾ ਪਰ ਵਸਤੂ ਖ਼ਰਾਬ ਕਰ ਦਿੰਦਾ ਹੈ। ਇਸ ਲਈ ਜ਼ਿੰਦਗੀ ਜ਼ਿੰਦਾ-ਦਿਲੀ ਨਾਲ ਬੁਣਦੇ ਜਾਓ ਕਿਓਂਕਿ ਸਕਾਰਾਤਮਿਕ ਸੋਚ ਸਫਲਤਾ ਨੂੰ ਪੈਰ ਚੁੰਮਣ ਲਈ ਮਜਬੂਰ ਕਰ ਦਿੰਦੀ ਹੈ।"
Ms Kaur says she has found a new way of living life that is full of hope and happiness.
Ms Kaur says she has found a new way of living life that is full of hope and happiness. Source: Supplied
ਮਾਨਸਿਕ ਸਿਹਤ ਮਹੀਨਾ ਹਰ ਸਾਲ ਅਕਤੂਬਰ ਵਿੱਚ ਆਉਂਦਾ ਹੈ ਤੇ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਆਤਮ ਹੱਤਿਆ ਰੋਕਥਾਮ ਤੇ ਸਹਾਇਤਾ ਅਤੇ ਜਾਣਕਾਰੀ ਪ੍ਰਾਪਤ ਕਰਨ ਲਈ 13 11 14 ਉੱਤੇ ਲਾਈਫਲਾਈਨ ਨੂੰ ਸੰਪਰਕ ਕੀਤਾ ਜਾ ਸਕਦਾ ਹੈ।

ਮਾਨਸਿਕ ਸਿਹਤ ਬਾਰੇ ਵਧੇਰੇ ਜਾਣਕਾਰੀ ਬੀਜੋਂਡ ਬਲੂ ਉੱਤੇ ਉਪਲਬਧ ਹੈ।

ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 

63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ  ਉੱਤੇ ਉਪਲਬਧ ਹਨ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ

Share