ਲੁਧਿਆਣਾ ਜਿਲੇ ਦੇ ਪਿੰਡ ਰੁੜਕਾ ਕਲਾਂ ਦੇ ਪਿਛੋਕੜ ਵਾਲ਼ੀ ਬਲਜੀਤ ਕੌਰ ਨੇ ਕਿਸਾਨੀ-ਅੰਦੋਲਨ ਦੇ ਹੱਕ ਚ ਨਾਅਰੇ ਲਿਖੇ ਕੱਪੜੇ ਪਹਿਨਕੇ ਅਸਮਾਨ ਵਿੱਚੋਂ 15,000 ਫੁੱਟ ਤੋਂ 'ਸਕਾਈਡਾਇਵਿੰਗ' ਕਰਕੇ ਖੇਤੀ ਕਾਨੂੰਨਾਂ ਪ੍ਰਤੀ ਆਪਣਾ ਰੋਸ ਜਤਾਇਆ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਉ ਵਿੱਚ ਉਸਨੇ ਦੱਸਿਆ ਕਿ ਉਹ ਇਸ 'ਲੋਕ-ਲਹਿਰ' ਦਾ ਹਿੱਸਾ ਬਣਕੇ ਮਾਣ ਮਹਿਸੂਸ ਕਰ ਰਹੀ ਹੈ।
"ਮੈਂ ਮੈਲਬੌਰਨ ਵਿੱਚ ਰਹਿੰਦਿਆਂ ਦਿੱਲੀ ਸਰਹਦ ‘ਤੇ ਹੁੰਦੇ ਇਸ ਅੰਦੋਲਨ ਦਾ ਹਿੱਸਾ ਨਹੀਂ ਬਣ ਸਕੀ। ਇਸ ਲਈ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਕਿਓਂ ਨਾ ਇਸ ਕਿਸਮ ਦੀ ਪਹਿਲ ਕੀਤੀ ਜਾਵੇ ਤਾਂ ਜੋ ਹੋਰ ਭਾਈਚਾਰਿਆਂ ਅਤੇ ਨਾ-ਜਾਣਕਾਰ ਲੋਕਾਂ ਤੱਕ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਪਹੁੰਚਾਇਆ ਜਾਵੇ," ਉਸਨੇ ਕਿਹਾ।ਬਲਜੀਤ ਕੌਰ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਗੁਜ਼ਾਰਾ ਉਸਦੇ ਪਿਤਾ ਜੀ ਵੱਲੋਂ ਕੀਤੀ ਜਾਂਦੀ ਮੇਹਨਤ-ਮਜਦੂਰੀ ਵਿੱਚੋਂ ਹੁੰਦਾ ਹੈ ਅਤੇ ਉਹ ਮਹਿਸੂਸ ਕਰਦੀ ਹੈ ਕਿ ਸਰਕਾਰ ਦੁਆਰਾ ਲਾਗੂ ਖੇਤੀ ਕਾਨੂੰਨਾਂ ਦਾ ਬੁਰਾ ਅਸਰ ਉਸ ਖਿੱਤੇ ਵਿੱਚ ਰਹਿਣ ਵਾਲ਼ੇ ਹਰ ਪਰਿਵਾਰ ਉੱਤੇ ਪਏਗਾ।
Source: Supplied
"ਮੈਂ ਇੱਕ ਬਹੁਤ ਹੀ ਸਧਾਰਨ ਪਰਿਵਾਰ ਵਿਚੋਂ ਹਾਂ। ਮੈਂ ਕਦੇ ਕਿਸੇ ਵੀ ਸ਼ੌਂਕ ਜਾਂ ਮਨੋਰੰਜਨ 'ਤੇ ਇੰਨੀ ਰਾਸ਼ੀ ਨਹੀਂ ਖਰਚੀ। ਪਰ ਆਪਣੀ ਸੀਮਤ ਕਮਾਈ ਵਿਚੋਂ ਖਰਚੇ ਇਹਨਾਂ ਪੈਸਿਆਂ ਨਾਲ਼ ਮੈਨੂੰ ਸਕੂਨ ਮਿਲਿਆ ਹੈ ਕਿ ਮੈਂ ਇਹ ਆਵਾਜ਼ ਉਠਾਉਣ ਵਿੱਚ ਸ਼ਾਮਿਲ ਲੋਕਾਂ ਦਾ ਹਿੱਸਾ ਬਣ ਸਕੀ," ਉਸਨੇ ਕਿਹਾ।
ਬਲਜੀਤ ਕੌਰ ਨੇ ਮੈਲਬੌਰਨ ਦੇ ਸੇਂਟ ਕਿਲਡਾ ਤੋਂ ਸਕਾਈਡਾਈਵ ਕਰਨ ਪਿੱਛੋਂ ਕਿਹਾ ਕਿ ਉੱਚੀਆਂ ਹਵਾਵਾਂ 'ਚ ਰਹਿਣ ਵਾਲੀਆਂ ਸਰਕਾਰਾਂ ਨੂੰ ਮੈਂ ਆਪਣਾ ਸੁਨੇਹਾ ਹਵਾ ‘ਚ ਵਿਰੋਧ ਕਰ ਕੇ ਦੇਣ ਦਾ ਨਿਰਣਾ ਕੀਤਾ ਸੀ।
“ਭਾਰਤ ਦੀ ਮੋਦੀ ਸਰਕਾਰ ਕਿਸਾਨਾਂ ਦੇ ਹੱਕਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਵੇਚਣ ਜਾ ਰਹੀ ਹੈ ਜੋ ਬਹੁਤ ਹੀ ਮੰਦਭਾਗਾ ਤੇ ਗੈਰ-ਜਮਹੂਰੀ ਵਰਤਾਰਾ ਹੈ। ਸਰਕਾਰ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨਾ ਚਾਹੀਦਾ ਹੈ।"ਬਲਜੀਤ ਕੌਰ ਅਗਸਤ 2017 ਵਿੱਚ ਇੱਕ ਅੰਤਰਰਾਸ਼ਟ੍ਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ।
Baljit Kaur is an international student from India. She hails from Ludhiana district in Punjab. Source: Ms Kaur
ਉਸਨੇ ਹਵਾ ਵਿੱਚ ਪ੍ਰਦਰਸ਼ਨ ਦੌਰਾਨ ਕਿਸਾਨ-ਮਜ਼ਦੂਰ ਏਕਤਾ ਅਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਨਾਹਰੇ ਵੀ ਲਾਏ।
"ਕਿਰਤੀ ਲੋਕਾਂ ਦੇ ਹੱਕ ਵਿੱਚ ਨਾਹਰੇ ਲਾਉਣ ਵੇਲ਼ੇ ਮੈਨੂੰ ਆਪਣੇ ਪਿਤਾ ਜੀ ਦੁਆਰਾ ਕੀਤੀ ਮੇਹਨਤ-ਮੁਸ਼ੱਕਤ ਦੀ ਯਾਦ ਆਈ ਜੋ ਉਨ੍ਹਾਂ ਨੂੰ ਮੇਰੀ ਪੜ੍ਹਾਈ ਦੇ ਖਰਚੇ ਚੁੱਕਣ ਅਤੇ ਬਾਹਰ ਆਸਟ੍ਰੇਲੀਆ ਭੇਜਣ ਲਈ ਕਰਨੀ ਪਈ,” ਉਸਨੇ ਕਿਹਾ।
ਮੈਨੂੰ ਮਾਣ ਹੈ ਕਿ ਮੈਂ ਆਪਣੇ ਪਿਤਾ ਜੀ ਦੀ ਤਰਫ਼ੋਂ ਇਸ ਕਿਸਾਨ ਅੰਦੋਲਨ ਲਈ ਕੁਝ ਬਣਦਾ-ਸਰਦਾ ਕਰ ਸਕੀ।
“ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਿਤਾ ਜੀ ਨੇ ਮਜ਼ਦੂਰੀ ਕਰਕੇ ਸਾਡੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਹੈ। ਉਹ ਸਾਨੂੰ ਹਮੇਸ਼ਾਂ ਕਿਰਤ ਕਰਨ ਅਤੇ ਧੱਕੇਸ਼ਾਹੀ ਖਿਲਾਫ ਖੜ੍ਹਨ ਦਾ ਸਬਕ ਅਤੇ ਹੌਂਸਲਾ ਦਿੰਦੇ ਰਹੇ ਹਨ,” ਉਸਨੇ ਕਿਹਾ।
ਦੱਸਣਯੋਗ ਹੈ ਕਿ ਕਿਸਾਨ-ਅੰਦੋਲਨ, ਜੋ ਹੁਣ ਆਪਣੇ ਸੱਤਵੇਂ ਹਫ਼ਤੇ ਵਿੱਚ ਹੈ, ਦੌਰਾਨ ਹਜ਼ਾਰਾਂ-ਲੱਖਾਂ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਖ਼ਤ ਠੰਡ ਦੇ ਬਾਵਜੂਦ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ ਉਤੇ ਡੇਰੇ ਲਾਏ ਹੋਏ ਹਨ।
ਭਾਰਤ ਦੀ ਮੋਦੀ ਸਰਕਾਰ ਵੱਲੋਂ ਇਹਨਾਂ ਕਾਨੂੰਨਾਂ ਨੂੰ ਵਾਪਿਸ ਲੈਣ ਤੋਂ ਇਨਕਾਰ ਕੀਤਾ ਗਿਆ ਹੈ ਪਰ ਉਨ੍ਹਾਂ ਇਸ ਸਿਲਸਿਲੇ ਵਿੱਚ ਕੁਝ ਸੋਧਾਂ ਕਰਨ ਪ੍ਰਤੀ ਆਪਣੀ ਸਹਿਮਤੀ ਜਤਾਈ ਹੈ।
ਬਲਜੀਤ ਕੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਇਸ ਲਿੰਕ 'ਤੇ ਕ੍ਲਿਕ ਕਰੋ
LISTEN TO
International student skydives from 15,000 ft in Melbourne to show support for Indian farmers’ protest
SBS Punjabi
31/12/202008:16