ਆਪਣੇ ਪਰਿਵਾਰਕ ਪਿਛੋਕੜਾਂ ਨਾਲ ਦਿਲੋਂ ਜੁੜੇ ਹੋਏ ਆਸਟ੍ਰੇਲੀਆ ਦੇ ਜਨਮੇ ਨੌਜਵਾਨਾਂ ਦਾ ਮੰਨਣਾ ਹੈ ਕਿ ਪੰਜਾਬ ਦਾ ਕਿਸਾਨੀ ਸੰਘਰਸ਼ ਉਹਨਾਂ ਲਈ ਵੀ ਬਹੁਤ ਅਹਿਮ ਹੈ। ਉਹ ਕਹਿੰਦੇ ਹਨ ਭਾਰਤ ਸਰਕਾਰ ਵਲੋਂ ਹਾਲ ਵਿੱਚ ਹੀ ਜਿਹੜੇ ਤਿੰਨ ਬਿੱਲ ਲਾਗੂ ਕੀਤੇ ਗਏ ਹਨ, ਉਹਨਾਂ ਨਾਲ ਕਿਸਾਨਾਂ ਨੂੰ ਘੱਟ ਕੀਮਤ ਉੱਤੇ ਫਸਲ ਵੇਚਣ ‘ਤੇ ਮਜ਼ਬੂਰ ਕੀਤਾ ਜਾ ਸਕਦਾ ਹੈ।
ਪ੍ਰਮੁੱਖ ਨੁਕਤੇ:
- “ਅਸੀਂ ਆਸਟ੍ਰੇਲੀਆ ਵਿੱਚ ਜਨਮੇ ਅਤੇ ਵੱਡੇ ਹੋਏ ਨੌਜਵਾਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਚੱਲ ਰਿਹਾ ਸੰਘਰਸ਼ ਸਾਡੇ ਦਿਲਾਂ ਨਾਲ ਵੀ ਪੂਰੀ ਤਰਾਂ ਜੁੜਿਆ ਹੋਇਆ ਹੈ”।
- “ਭਾਰਤ ਸਰਕਾਰ ਵਲੋਂ ਲਾਗੂ ਕੀਤੇ ਤਿੰਨੋਂ ਨਵੇਂ ਬਿੱਲ ਰੱਦ ਕੀਤੇ ਜਾਣੇ ਚਾਹੀਦੇ ਹਨ”।
- “ਅਸੀਂ ਆਪਣਾ ਸੁਨੇਹਾ ਸਾਰੇ ਸੰਸਾਰ ਵਿੱਚ ਪਹੁੰਚਾਉਣ ਦਾ ਯਤਨ ਕਰਦੇ ਹੋਏ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਨ ਦੀ ਵੀ ਸੋਚ ਰਹੇ ਹਾਂ”।
Movement in Australia to support Punjab farmers Source: Jasjot Kaur
“ਭਾਰਤ ਸਰਕਾਰ ਵਲੋਂ ਲਾਗੂ ਕੀਤੇ ਤਿੰਨੋਂ ਨਵੇਂ ਬਿੱਲ ਕਿਰਸਾਨੀ ਦਾ ਨੁਕਸਾਨ ਕਰਨ ਵਾਲੇ ਹਨ। ਇਹਨਾਂ ਨਾਲ ਕਿਸਾਨੀ ਅਤੇ ਇਸ ਨਾਲ ਜੁੜੇ ਹੋਏ ਅਨੇਕਾਂ ਹੋਰ ਕਿੱਤੇ ਵੀ ਨੁਕਸਾਨੇ ਜਾਣਗੇ। ਘੱਟੋ-ਘੱਟ ਖਰੀਦ ਮੁੱਲ ਨੂੰ ਖਤਮ ਕਰਨ ਨਾਲ ਕਿਸਾਨਾਂ ਨੂੰ ਆਪਣੀ ਫਸਲ ਘਾਟੇ ਵਿੱਚ ਵੀ ਵੇਚਣੀ ਪੈ ਸਕਦੀ ਹੈ”, ਜਰਮਨੀ ਦੀ ਜਨਮੀ ਅਤੇ ਆਸਟ੍ਰੇਲੀਆ ਵੱਡੀ ਹੋਈ ਜਸਜੋਤ ਕੌਰ ਬੇਨੀਪਾਲ ਨੇ ਕਿਹਾ।
ਜਸਜੋਤ ਨੇ ਕਿਹਾ ਕਿ, “ਅਜਿਹਾ ਹੋਣ ਨਾਲ ਪਹਿਲਾਂ ਹੀ ਕਰਜਿਆਂ ਵਿੱਚ ਡੁੱਬੀ ਹੋਈ ਕਿਸਾਨੀ ਮੁੜ ਕਦੇ ਵੀ ਸੰਭਲ ਨਹੀਂ ਸਕੇਗੀ ਅਤੇ ਉਹਨਾਂ ਨਾਲ ਕਦੀ ਨਾ ਮੁੱਕਣ ਵਾਲਾ ਸ਼ੋਸ਼ਣ ਕੀਤਾ ਜਾਵੇਗਾ”।
ਸੁੱਖਦੀਪ ਨੇ ਆਸਟ੍ਰੇਲੀਆ ਵਿੱਚ ਸ਼ੁਰੂ ਕੀਤੇ ਸਮਰਥਨ ਬਾਰੇ ਦਸਦੇ ਹੋਏ ਕਿਹਾ, “ਅਸੀਂ ਆਸਟ੍ਰੇਲੀਆ ਰਹਿੰਦੇ ਸਾਰੇ ਲੋਕਾਂ ਨੂੰ ਇਸ ਸਾਰੇ ਬਾਰੇ ਸਹੀ ਜਾਣਕਾਰੀ ਦੇਣੀ ਹੈ। ਇਸ ਵਾਸਤੇ ਅਸੀਂ ‘ਸਿਡਨੀ ਸਿੱਖ ਯੂਥ ਸੰਗਤ’ ਨਾਮੀ ਸੰਗਠਨ ਤਿਆਰ ਕੀਤਾ ਹੈ ਜੋ ਕਿਸੇ ਵੀ ਸਿਆਸੀ ਜਾਂ ਸਮਾਜੀ ਧਿਰ ਨਾਲ ਜੁੜਿਆ ਹੋਇਆ ਨਹੀਂ ਹੈ”।
“ਹਾਲ ਵਿੱਚ ਹੀ ਅਸੀਂ ਇੱਕ ਇਕੱਠ ਕਰਦੇ ਹੋਏ ਇਸ ਮੁੱਦੇ ਦੀ ਜਾਣਕਾਰੀ ਪ੍ਰਦਾਨ ਕੀਤੀ ਸੀ ਅਤੇ ਅਤੇ ਇੱਕ ਪਟੀਸ਼ਨ ਮੁਹਿੰਮ ਚਲਾਉਂਦੇ ਹੋਏ ਬਹੁਤ ਸਾਰੇ ਲੋਕਾਂ ਕੋਲੋਂ ਦਸਤਖਤ ਵੀ ਲਏ ਹਨ”।
ਸ਼੍ਰੀ ਜੌਹਲ ਨੇ ਕਿਹਾ ਕਿ, “ਬੇਸ਼ਕ ਕੋਵਿਡ-19 ਬੰਦਸ਼ਾਂ ਕਾਰਨ ਅਸੀਂ ਵੱਡੇ ਇਕੱਠ ਤਾਂ ਨਹੀਂ ਕਰ ਪਾ ਰਹੇ, ਪਰ ਯੂ ਐਸ, ਕਨੇਡਾ, ਅਮਰੀਕਾ ਵਸਦੇ ਪੰਜਾਬੀਆਂ ਵਾਂਗ ਅਸੀਂ ਵੀ ਆਪਣੀ ਮੁਹਿੰਮ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਰਹੇ ਹਾਂ। ਅਤੇ ਲੋੜ ਪੈਣ ਤੇ ਅਸੀਂ ਯੂ ਐਨ ਤੱਕ ਵੀ ਪਹੁੰਚ ਕਰਾਂਗੇ”।
“ਅਸੀਂ ਆਪਣੀ ਇਸ ਮੁਹਿੰਮ ਨੂੰ ਲੰਬੇ ਸਮੇਂ ਤੱਕ ਨਿਰੰਤਰ ਜਾਰੀ ਰੱਖਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਖੜ੍ਹੇ ਰਹਾਂਗੇ। ਨਾਲ ਹੀ ਇਹ ਵੀ ਉਮੀਦ ਕਰਦੇ ਹਾਂ ਕਿ ਪੰਜਾਬ ਵਿਚਲੇ ਕਿਸਾਨ ਵੀ ਬਿਨਾਂ ਕਿਸੇ ਦਬਾਅ ਅਤੇ ਲਾਲਚ ਦੇ ਇਸ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਵਧਾਉਂਦੇ ਰਹਿਣਗੇ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।