ਮਲੇਸ਼ੀਆ ਵਿੱਚ ਜਨਮੀ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੂੰ ਅਕਸਰ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਦੀ ਸਫ਼ਲਤਾ ਦੀ ਇੱਕ ਮਿਸਾਲ ਵਜੋਂ ਦੇਖਿਆ ਜਾਂਦਾ ਹੈ।
ਮਈ ਮਹੀਨੇ ਵਿੱਚ ਸਰਕਾਰ ਬਣਨ ਤੋਂ ਬਾਅਦ, ਪੈਨੀ ਵੋਂਗ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਟੀਚਾ ਆਸਟ੍ਰੇਲੀਆ ਦੇ ਅਕਸ ਨੂੰ ਦੁਨੀਆ ਸਾਹਮਣੇ ਦੁਬਾਰਾ ਬਣਾਉਣ ਦਾ ਹੈ।
ਜੂਨ ਦੇ ਮਹੀਨੇ ਆਪਣੀ ਜਨਮ ਭੂਮੀ ਦੀ ਇੱਕ ਅਧਿਕਾਰਤ ਫੇਰੀ ਦੌਰਾਨ, ਉਨ੍ਹਾਂ ਨੇ ਕੁਆਲਾਲੰਪੁਰ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨ ਵਿੱਚ ਦਿੱਤੇ ਇੱਕ ਭਾਸ਼ਣ ਵਿੱਚ ਆਪਣੇ ਇਸ ਦ੍ਰਿਸ਼ਟੀਕੋਣ ਦਾ ਜ਼ਿਕਰ ਕੀਤਾ ਸੀ।
ਇੰਨ੍ਹਾਂ ਟਿਪਣੀਆਂ ਨੇ ਆਸਟ੍ਰੇਲੀਆ ਦੀ ਵਿਦੇਸ਼ ਨੀਤੀ ਵਿੱਚ ਬਹੁ-ਸੱਭਿਆਚਾਰਵਾਦ ਦੀ ਭੂਮਿਕਾ ਬਾਰੇ ਲੋਵੀ ਇੰਟੀਟਿਊਚ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ।
ਪੈਨਲ ਦੇ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਆਸਟ੍ਰੇਲੀਆ ਦੀਆਂ ਫੈਡਰਲ ਸਰਕਾਰਾਂ ਵੱਲੋਂ 1970 ਦੇ ਦਹਾਕੇ ਵਿੱਚ ਪਹਿਲੀ ਵਾਰ ਇੱਕ ਅਧਿਕਾਰਤ ਬਹੁ-ਸੱਭਿਆਚਾਰਕ ਪਲੇਟਫਾਰਮ ਨੂੰ ਅਪਣਾਉਣ ਤੋਂ ਬਾਅਦ ਆਸਟ੍ਰੇਲੀਆ ਇੱਕ ਲੰਬਾ ਸਫਰ ਤੈਅ ਕਰਦਾ ਹੋਇਆ ਨਸਲਵਾਦੀ ਵਾਈਟ ਆਸਟ੍ਰੇਲੀਆ ਪਾਲਿਸੀ ਤੋਂ ਕਾਫੀ ਦੂਰ ਚਲਾ ਗਿਆ ਹੈ।
ਪੈਨਲ ਦੇ ਮੈਂਬਰਾਂ ਨੇ 47ਵੀਂ ਸੰਸਦ ਵਿੱਚ ਵਿਭਿੰਨਤਾ ਦੇ ਬੇਮਿਸਾਲ ਪੱਧਰ ਦੀ ਸ਼ਲਾਘਾ ਕੀਤੀ ਹੈ।
ਪਰ ਨਾਲ ਹੀ ਉਹਨਾਂ ਇਹ ਵੀ ਇਸ਼ਾਰਾ ਕੀਤਾ ਕਿ ਜ਼ਿਆਦਾਤਰ ਆਸਟ੍ਰੇਲੀਅਨ ਸੰਸਥਾਵਾਂ ਵਿੱਚ ਸੀਨੀਅਰ ਲੀਡਰਸ਼ਿੱਪ ਵਿੱਚ ਗੋਰੇ ਅਤੇ ਮਰਦ ਹੀ ਹਨ ਅਤੇ ਇਹੀ ਰਿਵਾਜ਼ ਏ.ਐਸ.ਐਕਸ. ਸੂਚੀ ਵਾਲੀਆ ਕੰਪਨੀਆਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਮੌਜੂਦ ਹੈ।