ਮਾਰਚ ਦੇ ਅੰਤ ਤੱਕ ਪ੍ਰਾਪਤ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਲਗਭੱਗ 360,000 ਪ੍ਰਵਾਸੀ ਬ੍ਰਿਜਿੰਗ ਵੀਜ਼ਾ 'ਤੇ ਸਨ ਅਤੇ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 100,000 ਵਧੀ ਹੈ। ਇਸ ਵਰਤਾਰੇ ਦੇ ਚਲਦਿਆਂ ਮਾਹਿਰਾਂ ਵੱਲੋਂ ਸਰਕਾਰ ਤੋਂ 'ਪੀ ਆਰ' ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਗਈ ਹੈ।
ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਨਿਰੰਤਰ ਵਧਦੀ ਗਿਣਤੀ ਪਿਛਲੇ ਕਾਰਣ - ਪ੍ਰਕਿਰਿਆ ਪੂਰਾ ਹੋਣ ਵਿੱਚ ਲਗ ਰਿਹਾ ਵੱਧ ਸਮਾਂ, ਮਾਈਗ੍ਰੇਸ਼ਨ ਕੋਰਟ ਵਿੱਚ ਫ਼ੈਸਲਾ ਉਡੀਕਦੀਆਂ ਅਪੀਲਾਂ ਅਤੇ ਆਸਟ੍ਰੇਲੀਆ ਦੀ ਸਰਹੱਦਾਂ ਬੰਦ ਹੋਣਾ ਦੱਸਿਆ ਜਾ ਰਿਹਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਮਾਰਚ 2020 ਵਿਚ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ 256,529 ਸੀ ਜੋਕਿ ਇਸ ਸਾਲ ਵਧਕੇ 359,981 ਹੋ ਗਈ ਹੈ। ਇਹ ਆਂਕੜੇ ਆਸਟ੍ਰੇਲੀਆ ਵਿੱਚ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲੇ।
ਇਸ ਸਾਲ ਮਾਰਚ ਦੇ ਅਖੀਰ ਤੱਕ ਆਸਟ੍ਰੇਲੀਆ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 34,000 ਜ਼ਿਆਦਾ ਭਾਰਤੀ ਬ੍ਰਿਜਿੰਗ ਵੀਜ਼ਾ ਧਾਰਕ ਹਨ ਜੋ ਕਿ ਆਪਣੀ ਅਰਜ਼ੀ ਉਤੇ ਫ਼ੈਸਲਾ ਉਡੀਕ ਰਹੇ ਹਨ।
ਗ੍ਰਹਿ ਮਾਮਲਿਆਂ ਵਿਭਾਗ ਦੇ ਇਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਮੌਜੂਦਾ ਕੋਵਿਡ ਹਾਲਾਤਾਂ ਅਤੇ ਸਰਹੱਦੀ ਪਾਬੰਦੀਆਂ ਕਾਰਣ ਇਹ ਕਤਾਰ ਹੋਰ ਲੰਬੀ ਹੋ ਗਈ ਹੈ।
ਪਰ ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਡਿਪਟੀ ਸੈਕਟਰੀ ਅਬੁਲ ਰਿਜ਼ਵੀ ਨੇ ਕਿਹਾ ਕਿ ਮੌਜੂਦਾ ਨੀਤੀ “ਗੰਭੀਰ ਪ੍ਰਬੰਧਕੀ ਸਮੱਸਿਆਵਾਂ” ਦਾ ਸੂਚਕ ਹੈ।
ਇਸ ਦੌਰਾਨ ਹਜ਼ਾਰਾਂ ਪ੍ਰਵਾਸੀ ਅਜਿਹੇ ਵੀ ਹਨ ਜੋ ਮਹਾਂਮਾਰੀ ਦੇ ਪ੍ਰਭਾਵ ਤੋਂ ਪਹਿਲਾਂ ਦੇਸ਼ ਤੋਂ ਬਾਹਰ ਗਏ ਹੋਏ ਸਨ ਅਤੇ ਅਸਥਾਈ ਵੀਜ਼ਾ ਧਾਰਕਾਂ 'ਤੇ ਮੌਜੂਦਾ ਸਰਹੱਦੀ ਪਾਬੰਦੀ ਦੇ ਕਾਰਨ ਹੁਣ ਉਹ ਵਿਦੇਸ਼ਾਂ ਵਿੱਚ ਫਸੇ ਹੋਏ ਮਹਿਸੂਸ ਕਰ ਰਹੇ ਹਨ।
ਗ੍ਰਹਿ ਵਿਭਾਗ ਦੇ ਅੰਕੜਿਆਂ ਅਨੁਸਾਰ 7,315 ਬ੍ਰਿਜਿੰਗ ਵੀਜ਼ਾ ਬੀ (ਬੀ ਵੀ ਬੀ) ਧਾਰਕ ਹਨ, ਜਿਨ੍ਹਾਂ ਦਾ ਵੀਜ਼ਾ 1 ਫਰਵਰੀ 2020 ਤੋਂ 30 ਅਪ੍ਰੈਲ 2021 ਦੇ ਵਿਚਕਾਰ ਬੰਦ ਹੋਇਆ ਸੀ, ਜੋ ਇਸ ਸਮੇਂ ਦੂਜੇ ਮੁਲਕਾਂ ਵਿੱਚ ਹਨ।
ਇਸ ਆਂਕੜੇ ਵਿੱਚ 642 ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਛੱਡਣ ਤੋਂ ਬਾਅਦ ਵੀਜ਼ਾ ਅਰਜ਼ੀ ਦਾਖਲ ਕੀਤੀ ਹੈ।ਬ੍ਰਿਜਿੰਗ ਵੀਜ਼ਾ ਬੀ ਧਾਰਕ ਦੀਪਕ ਸ਼ਰਮਾ ਨੇ ਆਪਣੇ 11 ਸਾਲ ਆਸਟ੍ਰੇਲੀਆ ਵਿੱਚ ਬਿਤਾਓਂਦਿਆਂ ਨਾ-ਸਿਰਫ ਸਖ਼ਤ ਮੇਹਨਤ ਕੀਤੀ ਬਲਕਿ ਕਾਰੋਬਾਰਾਂ ਵਿੱਚ ਹਜ਼ਾਰਾਂ ਡਾਲਰ ਵੀ ਨਿਵੇਸ਼ ਕੀਤੇ।
Deepak Sharma at his pizza and kebab joint in Melbourne. Source: Supplied by Deepak Sharma
ਉਹ ਅੱਜਕੱਲ ਆਪਣੇ ਪਰਿਵਾਰ ਸਮੇਤ ਆਪਣੇ ਜੱਦੀ ਸ਼ਹਿਰ ਅਮ੍ਰਿਤਸਰ ਵਿੱਚ ਹਨ ਅਤੇ ਆਸਟ੍ਰੇਲੀਆ ਮੁੜ ਪਰਤਣ ਦਾ ਇੰਤਜ਼ਾਰ ਕਰ ਰਹੇ ਹਨ।
ਫਰਵਰੀ 2020 ਵਿੱਚ ਉਹ ਆਪਣੀ ਪਤਨੀ ਅਤੇ ਛੋਟੀ ਬਚੀ ਨਾਲ ਆਪਣੇ ਪਰਿਵਾਰ ਨੂੰ ਮਿਲਣ ਲਈ ਅੰਮ੍ਰਿਤਸਰ ਗਏ ਸਨ ਅਤੇ ਹੁਣ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਉਥੇ ਹੀ ਫਸੇ ਹੋਏ ਹਨ।
ਮੈਲਬੌਰਨ ਦੇ ਉੱਤਰ ਵਿੱਚ ਇੱਕ ਪੀਜ਼ਾ ਅਤੇ ਕਬਾਬ ਸ਼ਾਪ ਚਲਾ ਰਹੇ ਸ੍ਰੀ ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਤੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ ਤਦ ਤੋਂ ਉਨ੍ਹਾਂ ਦਾ 100,000 ਡਾਲਰ ਤੋਂ ਵੀ ਵੱਧ ਦਾ ਨੁਕਸਾਨ ਹੋਇਆ ਹੈ।
ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।