ਪਾਣੀ ਵਿੱਚ ਹੋਣ ਵਾਲੇ ਸਾਰੇ ਹਾਦਸੇ ਬੇਸ਼ਕ ਜਾਨਲੇਵਾ ਨਹੀਂ ਹੁੰਦੇ, ਪਰ ਇਹਨਾਂ ਗੈਰ-ਜਾਨਲੇਵਾ ਹਾਦਸਿਆਂ ਦੇ ਪ੍ਰਭਾਵ ਬਹੁਤ ਜਿਆਦਾ ਗੰਭੀਰ ਅਤੇ ਜਿੰਦਗੀ ਭਰ ਅਸਰ ਕਰਨ ਵਾਲੇ ਹੋ ਸਕਦੇ ਹਨ।
ਜੰਪ ਸਵਿਮ ਸਕੂਲ ਦੀ ਡਾਇਰੈਕਟਰ ਅਤੇ ਓਪਰੇਟਰ ਅਨੂਪ੍ਰੀਤ ਬੇਦੀ ਮੰਨਦੀ ਹੈ ਕਿ ਤੈਰਾਕੀ ਸਿਖਣ ਨਾਲ ਨਾ ਸਿਰਫ ਕੀਮਤੀ ਜਾਨਾਂ ਹੀ ਬਚਾਈਆਂ ਜਾ ਸਕਦੀਆਂ ਹਨ, ਬਲਿਕ ਲਗਾਤਾਰ ਤੈਰਾਕੀ ਕਰਨ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।‘ਜਿਆਦਾਤਰ ਪ੍ਰਵਾਸੀ ਆਪਣੇ ਬੱਚਿਆਂ ਨੂੰ ਤੈਰਾਕੀ ਸਿਖਾਣ ਲਈ ਸਾਡੇ ਕੋਲ ਲਿਆਂਉਂਦੇ ਹੀ ਇਸ ਮੰਤਵ ਨਾਲ ਹਨ ਕਿ ਉਹ ਜਲਦ ਤੋਂ ਵੀ ਪਹਿਲਾਂ ਤੈਰਾਕੀ ਸਿੱਖ ਲੈਣ। ਇਸ ਨਾਲ ਬੱਚਿਆਂ ਉਤੇ ਇੱਕ ਪ੍ਰਕਾਰ ਦਾ ਦਬਾਅ ਬਣ ਜਾਂਦਾ ਹੈ ਅਤੇ ਪਾਣੀ ਤੋਂ ਉਹਨਾਂ ਨੂੰ ਭੈਅ ਆਉਣ ਲਗਦਾ ਹੈ’, ਦਸਦੀ ਹੈ ਅਨੂਪ੍ਰੀਤ ਬੇਦੀ।
Source: Anupreet Bedi
‘ਬੇਸ਼ਕ ਸਾਡੇ ਸਕੂਲ ਵਿੱਚ ਨੋਜਵਾਨਾਂ ਅਤੇ ਵੱਡਿਆਂ ਨੂੰ ਵੀ ਤੈਰਾਕੀ ਸਿਖਾਈ ਜਾਂਦੀ ਹੈ ਪਰ ਸਾਡਾ ਜਿਆਦਾ ਧਿਆਨ ਬੱਚਿਆਂ ਨੂੰ ਤੈਰਾਕੀ ਸਿਖਾਉਣ ਤੇ ਹੀ ਹੁੰਦਾ ਹੈ ਕਿਉਂਕਿ ਛੋਟੀ ਉਮਰ ਵਿੱਚ ਤੈਰਾਕੀ ਸਿਖਣੀ ਅਸਾਨ ਹੁੰਦੀ ਹੈ। ਸਾਡੇ ਸਕੂਲ ਵਿੱਚ ਤਿੰਨ ਮਹੀਨਿਆਂ ਦੇ ਬਾਲ ਵੀ ਤੈਰਾਕੀ ਸਿਖਣ ਲਈ ਆਉਂਦੇ ਹਨ, ਅਤੇ ਉਹ ਬਹੁਤ ਜਲਦ ਇਸ ਲਈ ਸਿਖ ਜਾਂਦੇ ਹਨ ਕਿਉਂਕਿ ਉਹਨਾਂ ਨੇ ਅਪਣੀ ਮਾਂ ਦੇ ਗਰਭ ਵਿੱਚ ਵੀ ਸਾਹ ਲੈਣਾ ਅਤੇ ਪੈਰ ਮਾਰਨੇ ਸਿਖੇ ਹੋਏ ਹੁੰਦੇ ਹਨ’।
ਅਨੂਪ੍ਰੀਤ ਬੇਦੀ ਦਾ ਪਿਛੋਕੜ ਖੇਡਾਂ ਵਾਲਾ ਨਹੀਂ ਰਿਹਾ ਪਰ ਜਦੋਂ ਉਸ ਨੂੰ ਆਪਣੇ ਪਰਿਵਾਰ ਨਾਲ ਹੋਰ ਵੀ ਜਿਆਦਾ ਸਮਾਂ ਬਿਤਾਉਣ ਦੀ ਜਰੂਰਤ ਪਈ ਤਾਂ ਇਸ ਨੇ ਅਜਿਹੇ ਕੰਮ ਦੀ ਚੋਣ ਕੀਤੀ ਜਿਸ ਨਾਲ ਇਹ ਸਮਾਜ ਦੀ ਸੇਵਾ ਵੀ ਨਾਲੋ ਨਾਲ ਕਰ ਸਕਣ।
ਅਨੂਪ੍ਰੀਤ ਮੰਨਦੀ ਹੈ, ‘ਮੇਰਾ ਹਰ ਦਿਨ ਕਿਸੇ ਹੋਰ ਦਿਨ ਨਾਲੋਂ ਵਖਰਾ ਅਤੇ ਚੁਣੋਤੀਆਂ ਭਰਿਆ ਹੁੰਦਾ ਹੈ। ਅਦਾਰੇ ਦੇ ਦਫਤਰ ਨੂੰ ਸੰਭਾਲਣ ਤੋਂ ਲੈ ਕਿ, ਮੈਨੂੰ ਖੁੱਦ ਪੂਲ ਵਿੱਚ ਉਤਰ ਕਿ ਤੈਰਾਕੀ ਸਿਖਾਉਣਾ ਵੀ ਬਹੁਤ ਪਸੰਦ ਹੈ। ਮੈਂ ਆਸਟਸਵਿਮ ਦੀ ਯੋਗਤਾ ਪ੍ਰਾਪਤ ਅਸੈਸਰ ਵੀ ਹਾਂ’।ਚੇਤਾਵਨੀ ਵਜੋਂ ਅਨੂਪ੍ਰੀਤ ਦਸਦੇ ਹਨ ਕਿ, ‘ਪੂਲ ਵਿੱਚ ਤੈਰਾਕੀ ਕਰਨਾ ਸਮੁੰਦਰੀ ਤੱਟਾਂ ਜਾਂ ਦਰਿਆਵਾਂ ਵਿਚ ਤੈਰਾਕੀ ਕਰਨ ਦੇ ਮੁਕਾਬਲੇ ਕਾਫੀ ਸੁਰੱਖਿਅਤ ਹੁੰਦਾ ਹੈ। ਇਸ ਲਈ ਸਾਡਾ ਜਿਆਦਾ ਧਿਆਨ ਸੰਪੂਰਨ ਪਾਣੀ ਦੀ ਸੁਰੱਖਿਆ ਅਤੇ ਜਿੰਦਗੀ ਬਚਾਉਣ ਦੇ ਹੁਨਰ ਸਿਖਾਉਣ ਵਲ ਹੀ ਕੇਂਦਰਤ ਹੁੰਦਾ ਹੈ ਤਾਂ ਕਿ ਕਿਸੇ ਵੀ ਵਾਤਾਵਰਣ ਵਿੱਚ ਜਾ ਕਿ ਤੈਰਾਕੀ ਦਾ ਅਨੰਦ ਮਾਣਿਆ ਜਾ ਸਕੇ’।
Our school go out and teach free water safety techniques in schools, libraries and community centers Source: Anupreet Bedi
‘ਵਿਆਪਕ ਭਾਈਚਾਰੇ ਨੂੰ ਤੈਰਾਕੀ ਅਤੇ ਪਾਣੀਆਂ ਦੀ ਸੁਰੱਖਿਆ ਤੋਂ ਜਾਗਰੂਕ ਕਰਨ ਲਈ ਅਸੀਂ ਲਾਈਬ੍ਰੇਰੀਆਂ, ਕਮਿਊਨਿਟੀ ਸੈਂਟਰਾਂ ਅਤੇ ਹੋਰ ਸਕੂਲਾਂ ਵਿੱਚ ਜਾ ਕੇ ਮੁਫਤ ਜਾਣਕਾਰੀ ਵੀ ਪ੍ਰਦਾਨ ਕਰਦੇ ਰਹਿੰਦੇ ਹਾਂ। ਜਿਆਦਾਤਰ ਭਾਰਤੀ ਖਿੱਤੇ ਤੋਂ ਆਏ ਲੋਕਾਂ ਦੇ ਮਨਾਂ ਵਿੱਚ ਕਪੜਿਆਂ ਨੂੰ ਲੈ ਕਿ ਬਹੁਤ ਪਾਬੰਦੀਆਂ ਹੁੰਦੀਆਂ ਹਨ, ਅਤੇ ਇਸ ਕਾਰਨ ਵੀ ਉਹ ਜਿਆਦਾ ਕਰਕੇ ਪਾਣੀਆਂ ਦੇ ਨੇੜੇ ਨਹੀਂ ਜਾਂਦੇ’।
ਜੰਪ ਸਵਿਮ ਸਕੂਲ ਆਈ ਏ ਬੀ ਸੀ ਏ ਵਲੋਂ ਇਸ ਸਾਲ ਦੇ ਇਨਾਮਾਂ ਲਈ ਫਾਈਨਿਲਸਟ ਤਕ ਪਹੁੰਚ ਗਿਆ ਹੈ।