ਮੌਰਗੇਜ ਤਣਾਵਾਂ ਨਾਲ਼ ਜੂਝ ਰਹੇ ਲਗਭਗ 60 ਲੱਖ ਲੋਕ ਇਸ ਵੇਲੇ ਲੋਨ ਦੀ ਅਦਾਇਗੀ ਕਰਨ ਵਿੱਚ ਸੰਘਰਸ਼ ਕਰ ਰਹੇ ਹਨ। ਪਰ ਫਿਰ ਵੀ ਮਦਦ ਮੰਗਣ ਤੋਂ ਝਿਜਕ ਰਹੇ ਹਨ।
ਮਦਦ ਮੰਗਣ ਤੋਂ ਝਿਜਕ ਰਹੇ ਲੋਕਾਂ ਵਿੱਚੋਂ ਤਕਰੀਬਨ 50 ਪ੍ਰਤੀਸ਼ਤ ਇਹ ਮੰਨਦੇ ਹਨ ਕਿ ਜੇ ਉਹ ਹੁਣ ਕਿਸੇ ਕਿਸਮ ਦੀ ਮੱਦਦ ਲੈਂਦੇ ਹਨ ਤਾਂ ਸ਼ਾਇਦ ਉਨ੍ਹਾਂ ਨੂੰ ਅਗੇ ਜਾ ਕੇ ਵੱਧ ਰਕਮ ਮੋੜਨੀ ਪਵੇਗੀ। 32 ਪ੍ਰਤੀਸ਼ਤ ਲੋਕਾਂ ਨੂੰ ਇਹ ਡਰ ਹੈ ਕਿ ਇਹ ਉਨ੍ਹਾਂ ਦੇ ਕ੍ਰੈਡਿਟ ਸਕੋਰ ਉਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ ਅਤੇ 31 ਪ੍ਰਤੀਸ਼ਤ ਦਾ ਇਹ ਮਨਣਾ ਹੈ ਕਿ ਬੈਂਕਾਂ ਕੋਲੋਂ ਕਿਸੇ ਕਿਸਮ ਦੀ ਮਦਦ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਏ ਐਸ ਆਈ ਸੀ ਦੇ ਕਮਿਸ਼ਨਰ ਐਲਨ ਕਿਰਕਲੈਂਡ ਨੇ ਕਿਹਾ ਕਿ ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਕਰਨਾ ਬੈਂਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਇਸ ਮਸਲੇ 'ਤੇ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਲੋਕ ਬੈਂਕਾਂ ਦੀਆਂ ਕਿਸ਼ਤਾਂ ਦੇਣ ਲਈ ਆਪਣਾ ਨਿੱਜੀ ਸਮਾਨ ਵੇਚਣ ਜਾਂ ਦੂਜੀ ਨੌਕਰੀ ਲਭਣ ਤੇ ਜ਼ਿਆਦਾ ਜ਼ੋਰ ਦੇ ਰਹੇ ਹਨ।
'ਮਨੀਸਮਾਰਟ' ਮੁਫਤ ਅਤੇ ਸੁਤੰਤਰ ਵਿੱਤੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕਰਨ ਲਈ ਇੱਕ ਨਵੀਂ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਿਹਾ ਹੈ ਜਿਸ ਦਾ ਨਾਮ 'ਜਸਟ ਆਸਕ! ਹਾਰਡਸ਼ਿਪ ਹੈਲਪ ਇਸ ਅਵੇਲੇਬਲ' ਹੈ ਜਿਸ ਰਾਹੀਂ ਲੋਕਾਂ ਨੂੰ ਆਪਣੇ ਰਿਣਦਾਤਾ ਨਾਲ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।