ਪਾਕਿਸਤਾਨ ਦੇ ਕਿਸੇ ਨਿਊਜ਼ ਚੈਨਲ ਨੇ ਪਹਿਲੀ ਵਾਰ ਕਿਸੇ ਸਿੱਖ ਨੌਜਵਾਨ ਨੂੰ ਨਿਊਜ਼ ਐਂਕਰ ਬਣਾਇਆ ਹੈ।
ਖੈਬਰ ਪਖਤੁਨਖਵਾ ਸੂਬੇ ਦੇ ਚਾਕੇਸਰ ਸ਼ਹਿਰ ਦੇ ਰਹਿਣ ਵਾਲੇ ਹਰਮੀਤ ਸਿੰਘ ਪਬਲਿਕ ਨਿਊਜ਼ ਚੈਨਲ ਵਿੱਚ ਨਿਊਜ਼ ਐਂਕਰ ਬਣ ਕੇ ਬੇਹੱਦ ਖੁਸ਼ ਹਨ।
ਉਨ੍ਹਾਂ ਨੂੰ ਖ਼ਬਰਾਂ ਪੇਸ਼ ਕਰਨ ਦੀ ਜਿੰਮੇਵਾਰੀ ਦੇਣ ਦੀ ਜਾਣਕਾਰੀ ਖੁਦ ਟੀਵੀ ਚੈਨਲ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਜੂਨ 2018 ਵਿੱਚ ਦਿੱਤੀ ਸੀ।
ਚੈਨਲ ਨੇ ਲਿਖਿਆ, ‘ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐਂਕਰ ਹਰਮੀਤ ਸਿੰਘ ਸਿਰਫ ਪਬਲਿਕ ਨਿਊਜ਼ ‘ਤੇ।’
ਨਾਲ ਗੱਲਬਾਤ ਕਰਦਿਆਂ ਹਰਮੀਤ ਸਿੰਘ ਨੇ ਕਿਹਾ, "ਪਕਿਸਤਾਨ 'ਚ ਦਿਨ ਪ੍ਰਤੀਦਿਨ ਉਭਰਦੇ ਮੀਡੀਆ ਉਦਯੋਗ ਦੇ ਪ੍ਰਤੀ ਮੇਰੇ ਮਨ ਵਿੱਚ ਪਹਿਲਾਂ ਤੋਂ ਰੀਝ ਸੀ। ਮੀਡੀਆ ਖੇਤਰ ਵਿਚ ਆਉਣ ਲਈ ਮੈਂ ਕੋਈ ਧਾਰਮਿਕ ਪੱਤਾ ਨਹੀਂ ਖੇਡਿਆ ਮੈਂ ਆਪਣੀ ਅਲਗ ਪਛਾਣ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ।
ਪੱਤਰਕਾਰੀ ਵਿੱਚ ਫੈਡਰਲ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਪੋਸਟ ਗ੍ਰੈਜੂਏਸ਼ਨ ਕਰਨ ਪਿੱਛੋਂ ਉਨ੍ਹਾਂ ਮੀਡੀਆ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਰਿਪੋਰਟਰ ਕੀਤੀ।
ਪਬਲਿਕ ਨਿਊਜ਼ ਚੈਨਲ ਦੇ ਪ੍ਰਮੁੱਖ ਯੁਸੁਫ ਬੇਗ ਮਿਰਜ਼ਾ ਨੇ ਕਿਹਾ ਕਿ ਹਰਮੀਤ ਸਿੰਘ ਨੂੰ ਉਨ੍ਹਾਂ ਦੇ ਬਿਹਤਰੀਨ ਵਿਅਕਤੀਗਤ ਅਤੇ ਸ਼ਾਨਦਾਰ ਅਵਾਜ਼ ਲਈ ਚੁਣਿਆ ਗਿਆ ਹੈ।
ਨਿਊਜ਼ ਐਂਕਰ ਦਾ ਅਹੁਦਾ ਮਿਲਣ ਪਿੱਛੋਂ ਹਰਮੀਤ ਸਿੰਘ ਦੀ ਸੋਸ਼ਲ ਮੀਡੀਆ ਅਤੇ ਟਵਿੱਟਰ ਉੱਤੇ ਵੀ ਸਿਫਤ ਹੋ ਰਹੀ ਹੈ।
ਹਰਮੀਤ ਨੇ ਕਿਹਾ, "ਮੈਨੂੰ ਪਾਕਿਸਤਾਨ ਵਿੱਚ ਲੋਕ ਬਹੁਤ ਵਧੀਆ ਢੰਗ ਨਾਲ ਸਤਿਕਾਰ ਦਿੰਦੇ ਹਨ ਅਤੇ ਮੈਨੂੰ ਕਿਸੇ ਹੋਰ ਆਮ ਨਾਗਰਿਕ ਦੇ ਬਰਾਬਰ ਦਾ ਹੀ ਸਨਮਾਨ ਮਿਲਿਆ ਹੈ। ਪਾਕਿਸਤਾਨ ਵਿਚ ਘੱਟ ਗਿਣਤੀ ਲੋਕਾਂ ਨੂੰ ਕਿਸੇ ਵੀ ਮੁੱਦੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ।“
“ਮੈਂ ਅਸਲਾਮਾ-ਲੇਕੁਮ-ਅਸਲਆਮ ਅਤੇ ਸਤਿ ਸ਼੍ਰੀ ਅਕਾਲ ਦੇ ਸ਼ਬਦਾਂ ਨਾਲ਼ ਆਪਣਾ ਖ਼ਬਰਨਾਮਾ ਸ਼ੁਰੂ ਕਰਦਾ ਹਾਂ ਅਤੇ ਦੁਨੀਆਂ ਭਰ ਦੇ ਲੋਕ ਇਸ ਗੱਲ ਦੀ ਸਿਫਤ ਕਰਦੇ ਹਨ।
ਹਰਮੀਤ ਨੇ ਕਿਹਾ ਕਿ ਉਸ ਦੀ ਇਹ ਦਿਲੀ ਇੱਛਾ ਸੀ ਕਿ ਉਹ ਦਸਤਾਰ ਸਜਾ ਕੇ ਇਸ ਤਰ੍ਹਾਂ ਚੈਨਲ 'ਤੇ ਐਂਕਰਿੰਗ ਕਰੇ ਅਤੇ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ।
“ਜਦੋਂ ਦੁਨੀਆਂ ਭਰ ਵਿੱਚ ਲੋਕ ਮੈਨੂੰ ਪਾਕਿਸਤਾਨੀ ਚੈਨਲ 'ਤੇ ਖ਼ਬਰਾਂ ਪੇਸ਼ ਕਰਨ ਵੇਲ਼ੇ ਪੱਗ ਵਿੱਚ ਦੇਖਦੇ ਹਨ ਤਾਂ ਉਹ ਮੈਨੂੰ ਕਾਫੀ ਪ੍ਰਸ਼ੰਸਾ ਪੱਤਰ ਵੀ ਭੇਜਦੇ ਹਨ ਸਕ੍ਰੀਨ 'ਤੇ ਮੇਰੀ ਹਾਜ਼ਰੀ ਪਾਕਿਸਤਾਨ ਬਾਰੇ ਗਲਤ ਧਾਰਨਾਵਾਂ ਅਤੇ ਅਫਵਾਹਾਂ ਨੂੰ ਵੀ ਦੂਰ ਕਰਦੀ ਹੈ।“
ਉਸ ਨੇ ਇਹ ਵੀ ਕਿਹਾ ਕਿ ਇਸ ਨਾਲ ਪਾਕਿਸਤਾਨ ਦੇ ਹੱਕ ਵਿਚ ਦੁਨੀਆਂ ਭਰ ਵਿਚ ਇਕ ਵੱਡਾ ਸੰਦੇਸ਼ ਜਾਵੇਗਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਪੂਰੀ ਤਰ੍ਹਾਂ ਸੁਰੱਖਿਅਤ ਹਨ, ਉਨ੍ਹਾਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ।