ਮਨਮੀਤ ਅਲੀਸ਼ੇਰ ਜਿਸ ਦੀ ਇਕ ਬਹੁਤ ਹੀ ਦੁਖਦਾਈ ਘਟਨਾਂ ਤਹਿਤ ਪਿਛਲੇ ਸਾਲ 28 ਅਕਤੂਬਰ 2016 ਨੂੰ ਬਰਿਸਬੇਨ ਵਿਚ ਮੌਤ ਹੋ ਗਈ ਸੀ, ਦੀ ਪਹਿਲੀ ਬਰਸੀ ਪਿਛਲੇ ਸ਼ਨੀਵਾਰ ਨੂੰ ਬਰਿਸਬੇਨ ਵਿਚ ਮਨਾਈ ਗਈ। ਇਸ ਮੋਕੇ ਮਨਮੀਤ ਦੇ ਪਿਤਾ, ਭਰਾ ਅਤੇ ਦੋ ਭੈਣਾਂ ਇਸ ਵਿਚ ਸ਼ਰੀਕ ਹੋਣ ਲਈ ਭਾਰਤ ਤੋਂ ਉਚੇਚੇ ਤੋਰ ਤੇ ਪਹੁੰਚੇ। ਮਾਤਾ ਜੀ ਦੀ ਤਬੀਅਤ ਠੀਕ ਨਾਂ ਹੋਣ ਕਾਰਨ ਉਹਨਾਂ ਨੂੰ ਸਫਰ ਨਾਂ ਕਰਨ ਦੀ ਸਲਾਹ ਦਿਤੀ ਗਈ ਸੀ। ਇਨਾਲਾ ਦੇ ਗੁਰੂਦੁਆਰਾ ਸਾਹਿਬ ਵਿਚ ਮਨਮੀਤ ਦੀ ਨੂੰ ਸ਼ਰਧਾਂਜਲੀ ਦੇਣ ਹਿਤ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜਿਸ ਵਿਚ ਕਈ ਪਤਵੰਤੇ ਸਜਣਾਂ ਅਤੇ ਮਨਮੀਤ ਦੇ ਕੰਮ ਵਾਲੇ ਸਾਥੀਆਂ ਨੇ ਸ਼ਰਧਾਂਜਲੀਆਂ ਦਿਤੀਆਂ।
ਮਨਮੀਤ ਦੇ ਇਕ ਹੋਰ ਬਹੁਤ ਹੀ ਨਜ਼ਦੀਕੀ ਦੋਸਤ ਹਰਮੀਤ ਸਿੰਘ ਨੇ ਕਿਹਾ,”ਮਨਮੀਤ ਹਮੇਸ਼ਾਂ ਹੀ ਦੂਜਿਆਂ ਦੀ ਮਦਦ ਲਈ ਤਤਪਰ ਰਹਿੰਦਾ ਸੀ। ਹਮਉਮਰ ਹੋਣ ਕਾਰਨ ਮੇਰਾ ਮਨਮੀਤ ਨਾਲ ਬਹੁਤ ਹੀ ਕਰੀਬੀ ਰਿਸ਼ਤਾ ਬਣਿਆ ਹੋਇਆ ਸੀ। ਮਨਮੀਤ ਨੇ ਮੈਨੂੰ ਸਲਾਹ ਦਿੰਦੇ ਹੋਏ ਕਿਹਾ ਸੀ ਕਿ ਟੈਕਸੀ ਦੀ ਜਾਬ ਛੱਡ ਦੇ ਅਤੇ ਬੱਸ ਦੀ ਡਰਾਈਵਰੀ ਸ਼ੁਰੂ ਕਰ ਦੇ। ਪਰ ਉਸ ਨੂੰ ਕੀ ਪਤਾ ਸੀ ਕਿ ਬੱਸ ਦੀ ਡਰਾਈਵਰੀ ਦੋਰਾਨ ਹੀ ਉਸ ਨਾਲ ਇਹ ਘਟਨਾਂ ਵਾਪਰ ਜਾਵੇਗੀ ਅਤੇ ਜਾਨ ਤੋਂ ਹਥ ਧੋਣੇ ਪੈ ਜਾਣੇ ਨੇ।“ਮਨਮੀਤ ਦੇ ਇਕ ਬਹੁਤ ਨਜ਼ਦੀਕੀ ਦੋਸਤ ਅਤੇ ਸਹਿਯੋਗੀ ਬਲਵਿੰਦਰ ਸਿੰਘ ਨੇ ਕਿਹਾ,”ਇਕ 84 ਭਾਰਤ ਵਿਚ ਵਾਪਰੀ ਸੀ ਅਤੇ ਹੁਣ ਇਕ ਹੋਰ ਆਸਟ੍ਰੇਲੀਆ ਵਿਚ ਵੀ ਵਾਪਰ ਗਈ ਹੈ। ਮਨਮੀਤ ਤਾਂ ਚਲਾ ਗਿਆ ਹੈ ਪਰ ਭਾਈਚਾਰੇ ਦੇ ਹਿਤਾਂ ਵਾਸਤੇ ਲੜਾਈ ਜਾਰੀ ਰਖਣੀ ਚਾਹੀਦੀ ਹੈ।“
Friend of Manmeet Alisher says he was his mentor Source: MPS
ਇਸ ਮੋਕੇ ਭਾਰਤ ਤੋਂ ਸ ਮਨਜਿੰਦਰ ਸਿੰਘ ਸਿਰਸਾ, ਐਮ ਐਲ ਏ ਦਿੱਲੀ ਅਤੇ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵੀ ਪਰਿਵਾਰ ਨਾਲ ਇਥੇ ਆਏ ਹੋਏ ਸਨ। ਮਨਮੀਤ ਨੂੰ ਸ਼ਰਧਾਂਜਲੀਆਂ ਦੇਣ ਮੋਕੇ ਕਈਆਂ ਨੇ ਉਸ ਦੀ ਪਿਆਰ ਤੇ ਸਤਿਕਾਰ ਵਾਲੇ ਮਿਠੇ ਸੁਬਾਉ ਬਾਬਤ ਚਾਨਣਾ ਪਾਇਆ ਅਤੇ ਕਿਹਾ ਕਿ ਕਈਆਂ ਕਿਹਾ ਕਿ ਉਸ ਦੀ ਅਚਨਚੇਤ ਮੋਤ ਕਾਰਨ ਬਰਿਸਬੇਨ ਦੇ ਸਟੇਜੀ ਰੰਗਮੰਚ ਉਤੇ ਇਕ ਠਹਿਰਾਅ ਆ ਗਿਆ ਹੈ। ਮਨਮੀਤ ਦੇ ਪਿਤਾ ਸ੍ਰੀ ਰਾਮ ਸਰੂਪ ਸ਼ਰਮਾਂ ਜੀ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਇਕ ਮਧਮ ਵਰਗ ਤੋਂ ਸਬੰਧ ਰਖਦਾ ਹੈ ਅਤੇ ਮਨਮੀਤ ਦੇ ਆਸਟ੍ਰੇਲੀਆਂ ਵਰਗੇ ਮੁਲਕ ਵਿਚ ਆ ਕੇ ਸੈਟਲ ਹੋ ਜਾਣ ਨਾਲ ਉਹਨਾਂ ਨੂੰ ਬਹੁਤ ਉਮੀਦ ਸੀ ਕਿ ਹੁਣ ਉਹਨਾਂ ਦਾ ਪਰਿਵਾਰ ਕਾਫੀ ਚੰਗੀ ਹਾਲਤ ਵਿਚ ਹੋ ਜਾਵੇਗਾ। ਨਾਲ ਹੀ ਦਸਿਆ ਕਿ ਮਨਮੀਤ ਇਥੇ ਬਹੁਤ ਹੀ ਜਿਆਦਾ ਖੁਸ਼ ਸੀ ਅਤੇ ਇਸ ਮੁਲਕ ਦੀ ਭਰਪੂਰ ਪ੍ਰਸ਼ੰਸਾ ਕਰਦਾ ਰਹਿੰਦਾ ਸੀ। ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਨੇ ਕਿਹਾ ਕਿ, “ਮੇਰੇ ਭਰਾ ਦਾ ਕਤਲ ਹੋਇਆ ਹੈ ਅਤੇ ਸਾਨੂੰ ਇੰਨਸਾਫ ਚਾਹੀਦਾ ਹੈ।“