ਦੋ ਜੂਲਾਈ ਨੂੰ ਮੌਜੂਦਾ ‘ਚਾਈਲਡ ਕੇਅਰ ਬੈਨੇਫਿਟਸ’ ਅਤੇ ‘ਚਾਈਲਡ ਕੇਅਰ ਰਿਬੇਟ’ ਨਾਮੀ ਦੋਵੇਂ ਸਕੀਮਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਇਹਨਾਂ ਦੀ ਥਾਂ ਲਵੇਗੀ ਨਵੀਂ ‘ਚਾਈਲਡ ਕੇਅਰ ਸਬਸਿਡੀ’ ਨਾਮੀ ਸਕੀਮ।
ਇਸ ਸਕੀਮ ਤਹਿਤ ਚਾਈਲਡ ਕੇਅਰ ਦਾ ਭੁਗਤਾਨ, ਚਾਈਲਡ ਕੇਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ਨੂੰ ਸਿੱਧਾ ਹੀ ਕੀਤਾ ਜਾਵੇਗਾ। ਸਾਈਮਨ ਬਰਮਿੰਘਮ ਜੋ ਕਿ ਫੈਡਰਲ ਐਜੂਕੇਸ਼ਨ ਅਤੇ ਟਰੇਨਿੰਗ ਮੰਤਰੀ ਹਨ, ਦਾ ਕਹਿਣਾ ਹੈ ਕਿ ਇਹ ਨਵਾਂ ਸਿਸਟਮ ਮਾਪਿਆਂ ਲਈ ਜਿਆਦਾ ਸਰਲ ਹੋਵੇਗਾ।
ਇਸ ਨਵੀ ਚਾਈਲਡ ਕੇਅਰ ਸਬਸਿਡੀ ਦੇ ਲਾਗੂ ਹੋਣ ਤੋਂ ਬਾਅਦ ਜਿਆਦਾਤਰ ਮਾਪੇ, ਵਧੇਰੇ ਸੋਖਿਆਈ ਮਹਿਸੂਸ ਕਰਨਗੇ। ਹਾਲ ਦੀ ਘੜੀ, ਬਹੁਤ ਸਾਰੇ ਮਾਪਿਆਂ ਲਈ ਚਾਈਲਡ ਕੇਅਰ ਰਿਬੇਟ ਨੂੰ ਪ੍ਰਤੀ ਬੱਚਾ, ਅਤੇ ਪ੍ਰਤੀ ਸਾਲ ਵੱਧ ਤੋਂ ਵੱਧ 7500 ਡਾਲਰਾਂ ਉੱਤੇ ਨੀਯਤ ਕੀਤਾ ਹੋਇਆ ਹੈ।
ਪਰ, ਜੂਲਾਈ ਤੋਂ ਸ਼ੁਰੂ ਹੋਣ ਵਾਲੀ ਇਸ ਚਾਈਲਡ ਕੇਅਰ ਸਬਸਿਡੀ ਨਾਲ ਜਿਆਦਾਤਰ ਪ੍ਰੀਵਾਰਾਂ ਵਾਸਤੇ ਕੋਈ ਵੀ ਹੱਦ ਨੀਯਤ ਨਹੀਂ ਹੋਵੇਗੀ। ਸੇਨੇਟਰ ਬਰਮਿੰਘਮ ਕਹਿੰਦੇ ਹਨ ਕਿ ਸਰਕਾਰ ਚਾਹੁੰਦੀ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਦੇਖਭਾਲ ਕਰਨ ਦੇ ਨਾਲ ਨਾਲ ਨੌਕਰੀ ਕਰਨ ਸਮੇਂ ਕੋਈ ਵੀ ਮੁਸ਼ਕਲ ਦਰਪੇਸ਼ ਨਾ ਆਵੇ। ‘ਅਰਲੀ ਚਾਈਲਡ ਹੁੱਡ ਆਸਟ੍ਰੇਲੀਆ’ ਨਾਮੀ ਸੰਸਥਾ ਦੀ ਮੁਖੀ ਹੈ ਸਮਾਂਥਾ ਪੇਜ। ਇਹਨਾਂ ਦਾ ਮੰਨਣਾ ਹੈ ਕਿ ਇਸ ਨਵੀਂ ਸਕੀਮ ਦਾ ਉਹਨਾਂ ਮਾਪਿਆਂ ਨੂੰ ਜਿਆਦਾ ਫਾਇਦਾ ਹੋਵੇਗਾ, ਜੋ ਕਿ ਦੋਵੇਂ ਜਣੇ ਹੀ ਨੋਕਰੀ ਕਰ ਰਹੇ ਹੋਣਗੇ।
ਇਕ ਪ੍ਰਵਾਰ ਨੂੰ ਇਸ ਨਵੀਂ ਸਕੀਮ ਦੁਆਰਾ ਕਿੰਨੀ ਮਦਦ ਮਿਲਣੀ ਹੈ, ਇਹ ਕਈ ਮਾਪਦੰਡਾਂ ਤੇ ਅਧਾਰਤ ਹੋਵੇਗੀ। ਜਿਵੇਂਕਿ, ਚਾਈਲਡ ਕੇਅਰ ਸਰਵਿਸ ਦੀ ਕਿਸਮ ਕਿਹੋ ਜਿਹੀ ਹੈ, ਪ੍ਰੀਵਾਰ ਦੀ ਕੁੱਲ ਆਮਦਨ ਕਿੰਨੀ ਹੈ ਅਤੇ ਮਾਪਿਆਂ ਦਾ ਰੂਝਾਨ ਕਿੰਨਾ ਕੂ ਹੈ, ਆਦਿ।
ਇਸ ਮਦਦ ਨੂੰ ਜਿਆਦਾ ਮਾਤਰਾ ਵਿੱਚ ਉਹ ਮਾਪੇ ਪ੍ਰਾਪਤ ਕਰ ਸਕਣਗੇ ਜੋ ਕਿ ਹਰੇਕ ਹਫਤੇ ਕਈ ਦਿੰਨ ਕੰਮ ਕਰ ਰਹੇ ਹੋਣਗੇ। ਸੇਨੇਟਰ ਬਰਮਿੰਘਮ ਨੇ ਇਹ ਵੀ ਸਾਫ ਕਿਹਾ ਕਿ ਇਸ ਦਾ ਮਾਪਦੰਡ ਇਹ ਵੀ ਹੋਵੇਗਾ, ਕਿ ਕੀ ਪੜਾਈ ਵੀ ਕੀਤੀ ਜਾ ਰਹੀ ਹੈ, ਵਲੰਟੀਅਰ ਵਜੋਂ ਸੇਵਾ ਕਰਨ ਵਾਲੇ, ਕੰਮ ਦੀ ਭਾਲ ਵਿੱਚ ਲੱਗੇ ਹੋਏ ਹਨ ਅਤੇ ਕੀ ਮਾਪੇ ਪ੍ਰਸੂਤਾ ਛੁੱਟੀ ਤੇ ਚਲ ਰਹੇ ਹਨ, ਆਦਿ।
ਜਿੱਥੇ ਉਹ ਮਾਪੇ ਜਿਨਾਂ ਕੋਲ ਸਥਾਈ ਨੌਕਰੀਆਂ ਹੋਣਗੀਆਂ ਵਧੇਰੇ ਲਾਭ ਲੈ ਸਕਣਗੇ, ਉੱਥੇ ਨਾਲ ਹੀ ਉਹ ਮਾਪੇ ਜਿਨਾਂ ਵਿੱਚੋਂ ਇੱਕ ਕੋਈ ਵੀ ਨੋਕਰੀ ਨਹੀਂ ਕਰ ਰਿਹਾ ਹੋਵੇਗਾ, ਇਸ ਸਬਸਿਡੀ ਦਾ ਪੂਰਾ ਫਾਇਦਾ ਨਹੀਂ ਲੈ ਸਕਣਗੇ।
ਸੇਨੇਟਰ ਬਰਮਿੰਘਮ ਦਾ ਕਹਿਣਾ ਹੈ ਕਿ, ਇਸ ਸਬਸਿਡੀ ਨਾਲ ਤੁਹਾਡੇ ਪ੍ਰਵਾਰ ਉੱਤੇ ਕੀ ਅਸਰ ਪੈ ਸਕਦਾ ਹੈ, ਬਾਬਤ ਜਾਨਣ ਲਈ ਸਰਕਾਰ ਵਲੋਂ ਦਿੱਤੇ ਗਏ ਇੱਕ ਆਨਲਾਈਨ ਐਸਟੀਮੇਟਰ ਦਾ ਸਹਾਰਾ ਲਿਆ ਜਾ ਸਕਦਾ ਹੈ।
ਉਹ ਇਹ ਵੀ ਆਖਦੇ ਹਨ ਕਿ ਮਾਪਿਆਂ ਨੂੰ ਇਸ ਬਾਬਤ ਵਧੇਰੇ ਜਾਣਕਾਰੀ ਜਲਦ ਹੀ ਪ੍ਰਦਾਨ ਕਰ ਦਿੱਤੀ ਜਾਵੇਗੀ।
ਇਹਨਾਂ ਬਦਲਾਵਾਂ ਦਾ ਤੁਹਾਡੇ ਜਾਂ ਤੁਹਾਡੇ ਪ੍ਰਵਾਰ ਤੇ ਕੀ ਅਸਰ ਪੈ ਸਕਦਾ ਹੈ, ਬਾਬਤ ਜਾਨਣ ਲਈ ‘ਐਜੂਕੇਸ਼ਨ ਡਾਟ ਗਵ ਡਾਟ ਏਯੂ ਸਲੈਸ਼ ਚਾਈਲਡਕੇਅਰਪੈਕੇਜ ਉੱਤੇ ਜਾ ਕੇ ਐਸਟੀਮੇਟਰ ਦੇਖ ਸਕਦੇ ਹੋ।