ਬਜਟ ਦਾ ਸਮ੍ਹਾਂ ਨਜ਼ਦੀਕ ਆ ਰਿਹਾ ਹੈ ਅਤੇ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਦੇ ਮਨ੍ਹਾਂ ਵਿੱਚ ਇਸ ਸਮੇਂ ਰਹਿਣ-ਸਹਿਣ ਦੀ ਲਾਗਤ ਦੇ ਵੱਧਦੇ ਦਬਾਅ ਨੂੰ ਲੈਕੇ ਬਹੁਤ ਸਾਰੇ ਸਵਾਲ ਹਨ।
ਖਜ਼ਾਨਚੀ ਜਿਮ ਚਾਲਮਰਜ਼ ਲਈ ਆਉਣ ਵਾਲਾ ਹਫ਼ਤਾ ਕਾਫੀ ਮੁਸ਼ਕਿਲ ਹੋ ਸਕਦਾ ਹੈ ਕਿਉਂਕਿ ਰਿਜ਼ਰਵ ਬੈਂਕ ਬੋਰਡ ਵਲੋਂ ਹਾਲ ਹੀ ਵਿੱਚ ਦੁਬਾਰਾ 0.25 ਪ੍ਰਤੀਸ਼ਤ ਨਕਦ ਦਰ ਵਧਾਏ ਜਾਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਿੰਗਾਈ ਘਟਣ ਦੇ ਆਸਾਰ ਅਜੇ ਬਹੁਤ ਘੱਟ ਹਨ।
ਡਾਕਟਰ ਚਾਲਮਰਜ਼ ਮੰਗਲਵਾਰ 9 ਮਈ ਨੂੰ ਲਗਭਗ ਸ਼ਾਮ ਦੇ 7:30 ਵਜੇ ਸਾਲ 2023-24 ਦਾ ਬਜਟ ਪੇਸ਼ ਕਰਨਗੇ।
ਫੈਡਰਲ ਸਰਕਾਰ ਦੁਆਰਾ ਪਹਿਲਾਂ ਹੀ ਏਜ਼ਡ ਕੇਅਰ ਵਿੱਚ ਤਨਖ਼ਾਹ ਵਾਧੇ, ਸਸਤੀ ਚਾਈਲਡ ਕੇਅਰ ਅਤੇ ਕੁੱਝ ਕਮਜ਼ੋਰ ਵਰਗ ਦੇ ਆਸਟ੍ਰੇਲੀਅਨਜ਼ ਲਈ ਰਹਿਣ-ਸਹਿਣ ਦੀ ਲਾਗਤ ਨੂੰ ਘੱਟ ਕਰਨ ਦੇ ਟੀਚੇ ਰਖੇ ਗਏ ਹਨ।
ਡਾਕਟਰ ਚਾਲਮਰਜ਼ ਦਾ ਕਹਿਣਾ ਹੈ ਕਿ ਇਸ ਬਜਟ ਵਿੱਚ ਮਹਿੰਗਾਈ ਨੂੰ ਕਿਸੇ ਵੀ ਤਰ੍ਹਾਂ ਦਾ ਵਧਾਵਾ ਦਿੱਤੇ ਬਿਨ੍ਹਾਂ ਜੀਵਨ ਦੀ ਲਾਗਤ ਦੇ ਵਧਦੇ ਦਬਾਅ ਨੂੰ ਘਟਾਉਣਾ ਉਹਨਾਂ ਦੇ ਨਿਸ਼ਾਨੇ ਉੱਤੇ ਰਹੇਗਾ।
ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਹ ਨੌਕਰੀ ਲੱਭਣ ਵਾਲਿਆਂ ਦੇ ਭੁਗਤਾਨ ਨੂੰ ਵਧਾ ਸਕਦੀ ਹੈ, ਪਰ ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਵਧਣ ਦਾ ਕਾਰਨ ਬਣ ਸਕਦਾ ਹੈ।
ਸਰਕਾਰ ਜੁਲਾਈ ਤੋਂ ਚਾਈਲਡ ਕੇਅਰ ਨੂੰ ਹੋਰ ਕਿਫਾਇਤੀ ਬਣਾਉਣ ਲਈ ਅਗਲੇ ਚਾਰ ਸਾਲਾਂ ਵਿੱਚ $55 ਬਿਲੀਅਨ ਤੋਂ ਵੱਧ ਰਾਖਵੇਂ ਰੱਖ ਸਕਦੀ ਹੈ।
ਦਸਤਖਤ ਕੀਤੇ ਗਏ ਚੋਣ ਵਾਅਦੇ ਨਾਲ ਨਿਊ ਸਾਊਥ ਵੇਲਜ਼ ਵਿੱਚ 400,000 ਤੋਂ ਵੱਧ ਪਰਿਵਾਰਾਂ, ਵਿਕਟੋਰੀਆ ਵਿੱਚ 302,000 ਅਤੇ ਕੁਈਨਜ਼ਲੈਂਡ ਵਿੱਚ 284,000 ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਵੇਗਾ।
ਇਹ ਬਜਟ ਕੀ ਕੁੱਝ ਖ਼ਾਸ ਲੈ ਕੇ ਆਵੇਗਾ ਇਸ ਸਭ ਦਾ ਖੁਲਾਸਾ ਆਉਣ ਵਾਲੇ ਮੰਗਲਵਾਰ ਨੂੰ ਹੀ ਹੋ ਸਕੇਗਾ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....