ਆਸਟ੍ਰੇਲੀਆ ਵਿੱਚ ਜਾਬ-ਮਾਰਕਿਟ ਕਾਫੀ ਮੁਕਾਬਲੇ ਵਾਲੀ ਹੈ, ਮਤਲਬ ਕਿ ਇੱਕ ਹੀ ਅਸਾਮੀ ਵਾਸਤੇ ਸੈਂਕੜੇ ਲੋਕਾਂ ਨੇ ਅਰਜੀਆਂ ਭੇਜੀਆਂ ਹੋ ਸਕਦੀਆਂ ਹਨ।
ਪਰ ਜਦੋਂ ਤੁਹਾਨੂੰ ਨੌਕਰੀ ਵਾਸਤੇ ਇੰਟਰਵਿਊ ਲਈ ਸੱਦਿਆਂ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਨੌਕਰੀ ਵਲ ਇੱਕ ਕਦਮ ਸਫਲਤਾ ਨਾਲ ਅੱਗੇ ਵਧਾ ਲਿਆ ਹੈ।
ਏ ਐਮ ਈ ਐਸ ਵਿੱਚ ਕੈਰੀਅਰ ਡਿਵੈਲਪਮੈਂਟ ਅਫਸਰ ਮਾਰਗ ਡੇਵਿਸ ਦਾ ਕਹਿਣਾ ਹੈ ਕਿ ਨੌਕਰੀ ਲਈ ਇੰਟਰਵਿਊ ਵਾਸਤੇ ਪੂਰੀ ਤਿਆਰੀ ਕਰਨੀ ਬਹੁਤ ਹੀ ਜਰੂਰੀ ਹੁੰਦੀ ਹੈ।
ਹੇਅਸ ਅਦਾਰੇ ਦੇ ਸਟੇਟ ਮੈਨੇਜਿੰਗ ਡਾਇਰੇਕਟਰ ਟਿਮ ਜੇਮਸ ਵੀ ਕਹਿੰਦੇ ਹਨ ਕਿ ਜਿਹੜੇ ਅਦਾਰੇ ਤੋਂ ਤੁਹਾਨੂੰ ਇੰਟਰਵਿਊ ਲਈ ਸੱਦਿਆ ਗਿਆ ਹੈ, ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਲਾਹੇਵੰਦ ਹੁੰਦੀ ਹੈ।
ਅਸਾਮੀ ਦੀ ਜਾਬ ਡਿਸਕਰਿਪਸ਼ਨ ਚੰਗੀ ਤਰਾਂ ਨਾਲ ਸਮਝੋ ਅਤੇ ਕੁਝ ਅਜਿਹੇ ਨੁਕਤੇ ਉਸ ਵਿੱਚੋਂ ਹਾਸਲ ਕਰੋ ਜਿਨਾਂ ਨਾਲ ਤੁਸੀਂ ਇੰਟਰਵਿਊ ਦੌਰਾਨ ਅਸਾਨੀ ਮਹਿਸੂਸ ਕਰ ਸਕੋ। ਇਹ ਵੀ ਸਮਝੋ ਕਿ ਰੁਜ਼ਗਾਰਦਾਤ ਤੁਹਾਡੇ ਤੋਂ ਕਿਹੋ ਜਿਹੀ ਉਮੀਦ ਰਖਦਾ ਹੈ ਅਤੇ ਉਸੇ ਅਨੁਸਾਰ ਆਪਣੇ ਜਵਾਬ ਵੀ ਤਿਆਰ ਕਰੋ।
ਕੈਰੀਅਰ ਕੋਚ ਰੇਅ ਪਾਵਰੀ ਦਾ ਕਹਿਣਾ ਹੈ ਕਿ ਕਿਸੇ ਦੋਸਤ ਦੇ ਨਾਲ ਮਿਲ ਕੇ ਇੱਕ ਅਭਿਆਸ ਜਰੂਰ ਹੀ ਕਰੋ।ਇੰਟਰਵਿਊ ਤੇ ਜਾਣ ਲਈ ਕਿਹੋ ਜਿਹੇ ਕਪੜੇ ਪਾਣੇ ਚਾਹੀਦੇ ਹਨ, ਇਹ ਉਸ ਅਦਾਰੇ ਤੇ ਨੌਕਰੀ ਉੱਤੇ ਨਿਰਭਰ ਕਰਦਾ ਹੈ। ਉਸ ਅਦਾਰੇ ਦੇ ਡਰੈੱਸ ਕੋਡ ਬਾਰੇ ਜਾਣਕਾਰੀ ਹਾਸਲ ਕਰ ਲਵੋ, ਕਈ ਅਦਾਰਿਆਂ ਵਿੱਚ ਟਾਈ ਅਤੇ ਸੂਟ ਪਾਉਣੇ ਲਾਜ਼ਮੀ ਹੁੰਦੇ ਹਨ। ਇਸੀ ਪ੍ਰਕਾਰ ਬਾਕੀ ਦੇ ਅਦਾਰਿਆਂ ਵਿੱਚ ਇਹ ਅਲੱਗ-ਅਲੱਗ ਹੋ ਸਕਦਾ ਹੈ।
Business people shaking hands in meeting Source: Getty images
ਇੰਟਰਵਿਊ ਦੀ ਸ਼ੁਰੂਆਤ ਅਕਸਰ ਗੈਰ ਰਸਮੀ ਗੱਲਬਾਤ ਨਾਲ ਹੀ ਹੁੰਦੀ ਹੈ ਜਿਵੇਂ ਤੁਹਾਡਾ ਸਮਾਂ ਕਿਸ ਤਰਾਂ ਨਾਲ ਬੀਤ ਰਿਹਾ ਹੈ, ਤੁਹਾਨੂੰ ਇੱਥੇ ਪਹੁੰਚਣ ਵਿੱਚ ਕੋਈ ਤਕਲੀਫ ਤਾਂ ਨਹੀਂ ਹੋਈ ਆਦਿ। ਇੰਟਰਵਿਊ ਲਈ ਮਿੱਥੇ ਸਮੇਂ ਤੋਂ 10 ਮਿੰਟ ਪਹਿਲਾਂ ਜਰੂਰ ਹੀ ਅਪੜੋ।
ਅਕਸਰ ਇੰਟਰਵਿਊ ਵਿੱਚ ਤੁਹਾਨੂੰ ਆਪਣੇ ਆਪ ਬਾਰੇ ਦਸਣ ਲਈ ਕਿਹਾ ਜਾਂਦਾ ਹੈ, ਅਦਾਰੇ ਬਾਰੇ ਤੁਹਾਨੂੰ ਕਿੰਨੀ ਜਾਣਕਾਰੀ ਹੈ, ਆਦਿ।
ਡੇਵਿਸ ਅਨੁਸਾਰ ਇੰਟਰਵਿਊ ਕਰਨ ਵਾਲੇ ਤੁਹਾਡੇ ਪਿਛੋਕੜ ਬਾਰੇ ਜਾਨਣ ਦੇ ਚਾਹਵਾਨ ਹੁੰਦੇ ਹਨ ਅਤੇ ਇਹ ਵੀ ਕਿ ਤੁਸੀਂ ਉਸ ਅਦਾਰੇ ਵਿੱਚ ਕਿਹੜੀ ਖਾਸ ਕੁਸ਼ਲਤਾ ਲੈ ਕਿ ਆ ਰਹੇ ਹੋ।
ਇਹ ਯਕੀਨੀ ਬਣਾਉ ਕਿ ਤੁਸੀਂ ਇੰਟਵਿਊ ਸਮੇਂ ਬਹੁਤ ਉਤਸਾਹਤ ਨਜ਼ਰ ਆ ਰਹੇ ਹੋਵੋ।ਸਿੱਧਾ ਬੈਠਦੇ ਹੋਏ ਅੱਖਾਂ ਵਿੱਚ ਅੱਖਾਂ ਪਾ ਕੇ ਗਲਬਾਤ ਕਰੋ ਅਤੇ ਅਵਾਜ ਵਿੱਚ ਮਜਬੂਤੀ ਵੀ ਬਹੁਤ ਜਰੂਰੀ ਹੁੰਦੀ ਹੈ।
ਇੰਟਰਵਿਊ ਦੇ ਅਖੀਰ ਵਿੱਚ ਤੁਹਾਨੂੰ ਵੀ ਪੁੱਛਿਆ ਜਾਵੇਗਾ ਕਿ ਤੁਸੀਂ ਵੀ ਕੁਝ ਜਾਨਣਾ ਚਾਹੁੰਦੇ ਹੋ? ਇਸ ਦੀ ਵੀ ਤਿਆਰੀ ਕਰ ਕੇ ਜਾਵੋ।
ਜੇਮਸ ਅਨੁਸਾਰ ਜਿਸ ਨੌਕਰੀ ਲਈ ਤੁਸੀਂ ਜਾ ਰਹੇ ਹੋ ਉਸ ਬਾਰੇ ਚੰਗੀ ਘੋਖ ਕਰ ਲਵੋ ਕਿ ਇਹੋ ਹੀ ਉਹੀ ਨੌਕਰੀ ਹੈ ਜੋ ਤੁਸੀਂ ਕਰਨ ਦੇ ਚਾਹਵਾਨ ਹੋ?
ਇੰਟਰਵਿਊ ਦੇ ਅਖੀਰ ਵਿੱਚ ਪੈਨਲ ਦਾ ਧੰਨਵਾਦ ਕਰਨਾ ਨਾ ਭੁੱਲੋ, ਅਤੇ ਨਾਲ ਹੀ ਜਾਣੋ ਕਿ ਇਸ ਤੋਂ ਬਾਅਦ ਦੇ ਕਦਮ ਕਿਹੜੇ ਹਨ?
ਹੋ ਸਕਦਾ ਹੈ ਕਿ ਤੁਹਾਨੂੰ ਇਹ ਨੌਕਰੀ ਮਿਲ ਹੀ ਜਾਵੇ, ਪਰ ਅਗਰ ਅਜਿਹਾ ਨਹੀਂ ਹੁੰਦਾ ਤਾਂ ਜਿਆਦਾ ਨਿਰਾਸ਼ ਵੀ ਨਾ ਹੋਵੋ। ਅਕਸਰ ਕਈ ਇੰਟਰਵਿਊਆਂ ਦੇਣ ਤੋਂ ਬਾਅਦ ਹੀ ਪਹਿਲੀ ਨੌਕਰੀ ਹਾਸਲ ਹੁੰਦੀ ਹੈ।
ਇਹ ਯਕੀਨੀ ਬਣਾਉ ਕਿ ਹਰ ਇੰਟਰਵਿਊ ਵਿੱਚੋਂ ਤੁਸੀਂ ਕੁੱਝ ਨਾ ਕੁੱਝ ਜਰੂਰ ਹੀ ਸਿਖਿਆ ਹੋਵੇ। ਤੁਸੀਂ ਕੀ ਕੀਤਾ ਸੀ ਅਤੇ ਹੋਰ ਕੀ ਕੁੱਝ ਬਿਹਤਰ ਕਰਨ ਦੀ ਜਰੂਰਤ ਹੈ। ਅਜਿਹਾ ਕਰਨ ਨਾਲ ਤੁਸੀਂ ਅਗਲੀ ਇੰਟਰਵਿਊ ਸਮੇਂ ਹੋਰ ਵੀ ਜਿਆਦਾ ਤਿਆਰੀ ਨਾਲ ਜਾ ਸਕੋਗੇ।