ਇਸ ਸਾਲ 12ਵੀਂ ਜਮਾਤ ਵਿੱਚੋਂ ਪੰਜਾਬੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲ਼ੇ ਸਿਡਨੀ ਨਿਵਾਸੀ ਹਰਕੀਰਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, “ਮੈਂ ਪੰਜਾਬੀ ਵਿਸ਼ੇ ਨੂੰ ਵੀ ਬਾਕੀ ਵਿਸ਼ਿਆਂ ਵਾਂਗ ਪੂਰੀ ਸੰਜੀਦਗੀ ਨਾਲ ਪੜਿਆ ਅਤੇ 100 ਵਿੱਚੋਂ 99 ਅੰਕ ਪ੍ਰਾਪਤ ਕੀਤੇ ਹਨ”।
ਪ੍ਰਮੁੱਖ ਨੁਕਤੇ:
- ਹਰਕੀਰਤ ਨੇ ਪੰਜਾਬੀ ਵਿਸ਼ੇ ਵਿੱਚ ਪ੍ਰਾਪਤ ਕੀਤੀ ਆਪਣੀ ਸ਼ਾਨਦਾਰ ਸਫਲਤਾ ਦਾ ਸਿਹਰਾ ਆਪਣੇ ਅਧਿਆਪਕਾਂ ਦੇ ਸਿਰ ਬੰਨਿਆ ਹੈ।
- ਹਰਕੀਰਤ ਅਨੁਸਾਰ ਪੰਜਾਬੀ ਵਿਸ਼ੇ ਨੂੰ ਵੀ ਬਾਕੀ ਦੇ ਵਿਸ਼ਿਆਂ ਵਾਂਗ ਪੂਰੀ ਗੰਭੀਰਤਾ ਨਾਲ ਪੜਿਆ ਜਾਣਾ ਚਾਹੀਦਾ ਹੈ।
- ਹਰਕੀਰਤ ਇੱਕ ਅਜਿਹੇ ਇਸਾਈ ਸਕੂਲ ਵਿੱਚ ਪੜਿਆ ਜਿਸਨੇ ਉਸਦੇ ਸਭਿਆਚਾਰ, ਵਿਰਸੇ ਅਤੇ ਬੋਲੀ ਨੂੰ ਹਮੇਸ਼ਾਂ ਹੀ ਉਤਸ਼ਾਹਤ ਕੀਤਾ।
ਹਰਕੀਰਤ ਨੇ ਪੰਜਾਬੀ ਵਿੱਚ ਪਹਿਲਾ ਸਥਾਨ ਆਪਣੇ ਪੰਜਾਬੀ ਸਕੂਲ ਦੀ ਹੀ ਇੱਕ ਹੋਰ ਵਿਦਿਆਰਥਣ ਨਾਲ ਸਾਂਝਾ ਕੀਤਾ ਹੈ।
“ਮੇਰੇ ਮਾਤਾ ਪਿਤਾ ਖਾਸ ਤੌਰ 'ਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਕਿਉਂਕਿ ਮੈਂ ਆਪਣੇ ਸਭਿਆਚਾਰ ਅਤੇ ਬੋਲੀ ਵਿੱਚ ਉੱਚ ਸਥਾਨ ਪ੍ਰਾਪਤ ਕਰ ਸਕਿਆ ਹਾਂ, ਜੋ ਕਿ ਉਹਨਾਂ ਦਾ ਸੁਫਨਾ ਸੀ”, ਹਰਕੀਰਤ ਨੇ ਕਿਹਾ।
“ਮੇਰੇ ਮਾਤਾ ਪਿਤਾ ਅਕਸਰ ਕਿਹਾ ਕਰਦੇ ਸਨ ਕਿ ਅੰਗਰੇਜ਼ੀ ਤਾਂ ਆਸਟ੍ਰੇਲੀਆ ਦੀ ਹਵਾ ਵਿੱਚ ਹੀ ਵਗਦੀ ਹੈ ਜੋਕਿ ਸਾਰਿਆਂ ਨੇ ਸਿਖ ਹੀ ਲੈਣੀ ਹੈ ਪਰ ਲੋੜ ਹੈ ਆਪਣੀ ਮਾਂ-ਬੋਲੀ ਪੰਜਾਬੀ ਨਾਲ ਸਾਂਝ ਬਣਾਈ ਰਖਣ ਦੀ।"ਹਰਕੀਰਤ ਨੇ ਪਹਿਲਾਂ ਭਾਈਚਾਰਕ ਸਕੂਲਾਂ ਵਿੱਚ ਪੰਜਾਬੀ ਸਿਖੀ ਅਤੇ ਜਮਾਤ ਨੌਂਵੀ ਤੋਂ ਲੈ ਕਿ ਬਾਰ੍ਹਵੀਂ ਤੱਕ ‘ਸੈਟਰਡੇਅ ਸਕੂਲ ਆਫ ਕਮਿਊਨਿਟੀ ਲੈਂਗੂਏਜਿਸ, ਸੈਵਨ ਹਿੱਲਸ’ ਵਿੱਚ ਲਗਾਤਾਰਤਾ ਬਣਾਈ ਰਖੀ।
Harkirat Singh topped in HSC Punjabi by taking 99 out of 100. Source: Harkirat Singh
“ਜਿੱਥੇ ਮੇਰੇ ਮਾਤਾ ਪਿਤਾ ਨੇ ਇਹ ਯਕੀਨੀ ਬਣਾਇਆ ਕਿ ਮੈਂ ਹਰ ਸ਼ਨੀਵਾਰ ਪੰਜਾਬੀ ਦੀਆਂ ਜਮਾਤਾਂ ਲਗਾ ਸਕਾਂ ਉੱਥੇ ਨਾਲ ਹੀ ਮੇਰੀ ਅਧਿਆਪਕਾ ਜੀਵਨਜੋਤ ਕੌਰ ਨੇ ਵੀ ਤਨਦੇਹੀ ਨਾਲ ਮੇਰੀਆਂ ਕਮਜ਼ੋਰੀਆਂ ਨੂੰ ਪਛਾਣਦੇ ਹੋਏ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ”।
“ਮੇਰੀ ਅਧਿਆਪਕ ਨੇ ਸਾਨੂੰ ਸਾਰਿਆਂ ਵਿਦਿਆਰਥੀਆਂ ਨੂੰ ਹੀ ਪੰਜਾਬੀ ਪ੍ਰਤੀ ਬਹੁਤ ਹੀ ਉਤਸ਼ਾਹਤ ਕੀਤਾ ਅਤੇ ਹਰ ਵੇਲੇ ਸਾਨੂੰ ਪੜਨ ਲਿਖਣ ਲਈ ਪੁਸਤਕਾਂ ਉਪਲਬਧ ਕਰਵਾਈਆਂ।"
ਬੇਸ਼ਕ ਹਰਕੀਰਤ ਸਿੰਘ ਇੱਕ ਇਸਾਈ ਸਕੂਲ ਵਿੱਚ ਪੜਿਆ ਹੈ ਪਰ ਉਸ ਨੂੰ ਆਪਣੀ ਪਹਿਚਾਣ ਜਾਂ ਸਭਿਆਚਾਰ ਨੂੰ ਲੈ ਕਿ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਈ।
ਹਰਕੀਰਤ ਸਿੰਘ ਇੱਕ ਡਾਕਟਰ ਬਨਣ ਦਾ ਚਾਹਵਾਨ ਹੈ ਅਤੇ ਨਾਲ ਹੀ ਹੋਰਨਾਂ ਵਿਦਿਆਰਥੀਆਂ ਨੂੰ ਪੰਜਾਬੀ ਵੀ ਪੜਾਉਣਾ ਚਾਹੁੰਦਾ ਹੈ।
ਆਪਣੀ 12ਵੀਂ ਦੀ ਪੜ੍ਹਾਈ ਦੌਰਾਨ ਉਸਨੇ ਸਕੂਲ ਵਿੱਚ ਕਈ ਗੈਰ-ਪੰਜਾਬੀ ਵਿਦਿਆਰਥੀਆਂ ਨੂੰ ਵੀ ਪੰਜਾਬੀ ਬੋਲੀ ਦੇ ਕਈ ਲਫਜ਼ ਸਿਖਾ ਦਿੱਤੇ ਹਨ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।