ਆਸਟ੍ਰੇਲੀਆ ਦੌਰੇ 'ਤੇ ਆਏ ਡਾ. ਚਹਿਲ ਨੇ ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਥੇ ਆ ਕੇ ਅਹਿਸਾਸ ਹੋਇਆ ਕਿ ਪੰਜਾਬੀ ਬੜੇ ਚੰਗੇ ਤਰੀਕੇ ਨਾਲ ਅੱਗੇ ਵਧ ਰਹੀ ਹੈ। ਖਾਸ ਤੌਰ ’ਤੇ ਇਥੇ ਹੁੰਦੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਪੰਜਾਬੀ ਭਾਸ਼ਾ-ਪੰਜਾਬੀ ਬੋਲੀ ਦੇ ਪਸਾਰੇ ਵਿੱਚ ਵੱਡਾ ਯੋਗਦਾਨ ਪਾ ਰਹੀਆਂ ਹਨ।
ਦੂਜੇ ਮੁਲਕਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਇਹ ਗੱਲ ਬੜੀ ਤਸੱਲੀ ਦੇਣ ਵਾਲੀ ਹੈ ਕਿ ਇਥੋਂ ਦੇ ਜੰਮ-ਪਲ ਬੱਚੇ ਨਾ ਸਿਰਫ ਪੰਜਾਬੀ ਸਮਝਦੇ ਹਨ ਬਲਕਿ ਆਪਣੇ ਹਾਣੀਆਂ ਨਾਲ ਪੰਜਾਬੀ ਵਿੱਚ ਗੱਲਬਾਤ ਵੀ ਕਰਦੇ ਹਨ।ਡਾ. ਸੁਖਦਰਸ਼ਨ ਸਿੰਘ ਚਹਿਲ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫਸਰ
ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਘੁਸਪੈਠ ਬਾਰੇ ਗੱਲ ਕਰਦਿਆਂ ਡਾ. ਸੁਖਦਰਸ਼ਨ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਪੰਜਾਬੀ ਅਖਬਾਰਾਂ ਅਤੇ ਟੀਵੀ ਚੈਨਲਾਂ ਵੱਲੋਂ ਪੰਜਾਬੀ ਵਿੱਚ ਅੰਗਰੇਜੀ/ਹਿੰਦੀ ਸ਼ਬਦਾਂ ਦਾ ਰਲੇਵਾਂ ਕਰ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ-ਪੰਜਾਬੀ ਭਾਸ਼ਾ ਦਾ ਪਸਾਰ ਘਰ ਤੋਂ ਹੀ ਸ਼ੁਰੂ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਹਮੇਸ਼ਾ ਪੰਜਾਬੀ ਵਿੱਚ ਗੱਲਬਾਤ ਕਰਨ।
ਮਾਤ ਭਾਸ਼ਾ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖਦੀ ਹੈ। ਭਾਸ਼ਾ ਨਾਲ ਹੀ ਤੁਹਾਡਾ ਸੱਭਿਆਚਾਰ ਤੇ ਰਿਸ਼ਤੇ-ਨਾਤੇ ਜਿਉਂਦੇ ਹਨ।ਡਾ. ਸੁਖਦਰਸ਼ਨ ਸਿੰਘ ਚਹਿਲ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫਸਰ
ਡਾ. ਚਹਿਲ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੰਜਾਬੀ ਬੋਲ ਅਤੇ ਪੜ੍ਹ ਰਹੇ ਹਨ ਅਤੇ ਇਮਤਿਹਾਨਾਂ ਵਿਚ ਚੰਗੇ ਅੰਕ ਵੀ ਹਾਸਲ ਕਰ ਰਹੇ ਹਨ।
ਡਾ.ਚਹਿਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬੀ ਕਿਤਾਬਾਂ ਦੀ ਵਿਕਰੀ ਦੇ ਅੰਕੜੇ ਵੀ ਤਸੱਲੀ ਦੇਣ ਵਾਲੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਲੱਗੇ ਬੁੱਕ ਫੇਅਰ (ਪੁਸਤਕ ਮੇਲੇ) ਦੌਰਾਨ ਨੌਜਵਾਨਾਂ ਵਲੋਂ ਹਰ ਸਾਲ ਕਰੋੜਾਂ ਰੁਪਏ ਦੀਆਂ ਕਿਤਾਬਾਂ ਖ੍ਰੀਦੀਆਂ ਜਾਂਦੀਆਂ ਹਨ, ਅਤੇ ਇਹ ਵੱਡੀ ਤਬਦੀਲੀ ਕਿਸਾਨ ਅੰਦੋਲਨ ਤੋਂ ਬਾਅਦ ਆਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।