ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਕੀਤਾ ਜਾਵੇਗਾ ਡਿਪੋਰਟ

PUN_PerthSacrilege.jpg

ਪਰਥ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਵੀਜ਼ਾ ਰੱਦ, ਦੇਸ਼ ਨਿਕਾਲੇ ਦੇ ਹੁਕਮ Credit: SBS

ਪ੍ਰਵਾਸ ਅਤੇ ਮਲਟੀਕਲਚਰਲ ਅਫੇਅਰਸ ਮੰਤਰੀ ਟੋਨੀ ਬਰਕ ਵਲੋਂ ਪਰਥ ਦੇ ਕੈਨਿੰਗਵੇਲ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਇਹ ਵਿਅਕਤੀ ਇਸ ਸਮੇਂ ਜੇਲ ਵਿੱਚ ਬੰਦ ਹੈ ਅਤੇ ਜਲਦ ਹੀ ਇਸ ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢ ਦਿੱਤਾ ਜਾਵੇਗਾ।


Key Points
  • 27 ਅਗਸਤ 2024 ਨੂੰ ਪਰਥ ਦੇ ਕੈਨਿੰਗਵੇਲ ਗੁਰੂਦੁਆਰਾ ਸਾਹਿਬ ਦੇ ਬਾਹਰ ਹੋਈ ਸੀ ਬੇਅਦਬੀ ।
  • ਬੇਅਦਬੀ ਕਰਨ ਵਾਲੇ ਵਿਆਕਤੀ ਨੇ ਇਸ ਘਟਨਾ ਦਾ ਵੀਡੀਓ ਟਿਕ-ਟਾਕ ‘ਤੇ ਅਪਲੋਡ ਕੀਤਾ ਸੀ ।
  • ਇਸ ਘਟਨਾ ਦੇ ਵਿਰੋਧ 'ਚ ਪੂਰੇ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ ।
ਪਰਥ ਦੇ ਕੈਨਿੰਗਵੇਲ ਗੁਰਦੁਆਰਾ ਸਾਹਿਬ ਦੇ ਬਾਹਰ 27 ਅਗਸਤ 2024 ਨੂੰ ਇੱਕ 20 ਸਾਲਾ ਨੌਜਵਾਨ ਨੇ ਸਿੱਖਾਂ ਦੇ ਪਵਿੱਤਰ ਗ੍ਰੰਥ 'ਗੁਟਕਾ ਸਾਹਿਬ' ਦੀ ਬੇਅਦਬੀ ਕਰ, ਇਸਦੀ ਵੀਡੀਓ ਬਣਾ ਕੇ ਆਨਲਾਈਨ ਪਲੇਟਫਾਰਮ ਟਿਕ-ਟਾਕ ਤੇ ਪੋਸਟ ਕੀਤੀ ਸੀ।

'ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ' (SAWA) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ SAWA ਵਲੋਂ ਟੈਗਨੇ ਦੇ ਫੈਡਰਲ ਮੈਂਬਰ ਦੇ ਹਵਾਲੇ ਨਾਲ ਦਿੱਤੀ ਇਸ ਜਾਣਕਾਰੀ ਅਨੁਸਾਰ ਛੇਤੀ ਹੀ ਇਸਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ।
27 ਅਗਸਤ ਨੂੰ ਵਾਪਰੀ ਇਸ ਘਟਨਾ ਦੀ ਕਾਰਵਾਈ ਕਰਦੇ ਹੋਏ ਵੈਸਟਰਨ ਆਸਟ੍ਰੇਲੀਆ ਪੁਲਿਸ ਫੋਰਸ ਨੇ 6 ਸਤੰਬਰ 2024 ਨੂੰ ਇਸ 20 ਸਾਲਾ ਵਿਆਕਤੀ ਉੱਤੇ 'ਨਸਲੀ ਤੌਰ 'ਤੇ ਪਰੇਸ਼ਾਨ ਕਰਨ ਦੇ ਇਰਾਦੇ' ਦੇ ਦੋਸ਼ ਆਇਦ ਕੀਤੇ ਸਨ ।
ਇਸ ਬੇਅਦਬੀ ਦੀ ਘਟਨਾ ਦੇ ਖਿਲਾਫ ਸਿੱਖ ਭਾਈਚਾਰੇ ਵੱਲੋਂ ਪਰਥ ਤੋਂ ਇਲਾਵਾ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਵਿੱਚ ਸ਼ਾਂਤੀਮਈ ਰੋਸ ਪ੍ਰਦਰਸ਼ਨ ਕੀਤੇ ਗਏ ਸਨ। 10 ਸਤੰਬਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਐਰ ਵਿਖੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਹੋਬਾਰਟ, ਤਸਮਾਨੀਆ ਵਿੱਚ ਪਾਰਲੀਮੈਂਟ ਦੇ ਬਾਹਰ ਵੀ ਇੱਕ 'ਜਾਗਰੂਕਤਾ ਇਕੱਠ' ਕੀਤਾ ਗਿਆ ਸੀ ।
ਇਹਨਾਂ ਰੋਸ ਪ੍ਰਦਰਸ਼ਨਾਂ ਅਤੇ ਭਾਈਚਾਰੇ ਦੇ ਯਤਨਾ ਸਦਕਾ ਫੈਡਰੇਲ ਆਗੂਆਂ ਵੱਲੋਂ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਦੇ ਨਾਮ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ ਗਿਆ ਸੀ ।
Statement.jpg
Statement regarding the desecration of shri Gutka Sahib Credit: Facebook/Sikh Assoc of WA, Perth
ਸਤੰਬਰ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵੱਲੋਂ ਆਪਣਾ ਦੋਸ਼ ਮੰਨ ਲਿਆ ਗਿਆ ਸੀ ਅਤੇ ਉਸਨੂੰ ਕਮਿਊਨਿਟੀ ਸੇਵਾ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ । ਹਾਲਾਂਕਿ ਭਾਈਚਾਰੇ ਅਤੇ 'ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ' ਨੇ ਚਿੰਤਾ ਜਤਾਈ ਸੀ ਕਿ ਇੰਨੇ ਵੱਡੇ ਅਪਰਾਧ ਲਈ ਸਜ਼ਾ ਦੇ ਤੌਰ ‘ਤੇ ਸਿਰਫ ਜੁਰਮਾਨਾ ਕਾਫੀ ਨਹੀਂ ਹੈ ।
'ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ' ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਅਨੁਸਾਰ 'ਸਾਵਾ' ਅਤੇ ਸਿੱਖ ਭਾਈਚਾਰੇ ਵੱਲੋਂ ਚੁੱਕੇ ਗਏ ਕਦਮਾਂ ਸਦਕਾ ਹੁਣ 6 ਦਸੰਬਰ 2024 ਨੂੰ ਗ੍ਰਹਿ ਮਾਮਲਿਆਂ ਦੇ ਮਾਣਯੋਗ ਮੰਤਰੀ ਟੋਨੀ ਬਰਕ ਅਤੇ ਟੈਂਗਨੀ ਇਲਾਕੇ ਦੇ ਫੈਡਰੇਲ ਮੰਤਰੀ ਐਪੀ ਸ਼੍ਰੀ ਸੈਮ ਲਿਮ ਨੇ ਪਰਥ ਵਿੱਚ ਬੇਅਦਬੀ ਦੀ ਘਟਨਾ ਕਰਨ ਵਾਲੇ ਵਿਆਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਹੈ, ਅਤੇ ਇਸ ਫੈਸਲੇ ਦਾ ਭਾਈਚਾਰੇ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ। ਇਸੇ ਜਾਣਕਾਰੀ ਨੂੰ ਲੈ ਕੇ ਪੇਸ਼ ਹੈ SBS Punjabi ਦੀ 'SAWA' ਦੇ ਪ੍ਰਧਾਨ ਅਮਰਜੀਤ ਸਿੰਘ ਨਾਲ ਖਾਸ ਗੱਲਬਾਤ:
LISTEN TO
Punjabi_11122024_PerthInterviewOnly.mp3 image

ਫੈਡਰਲ ਸਰਕਾਰ ਦੇ ਬੇਅਦਬੀ ਕਰਨ ਵਾਲੇ ਵਿਆਕਤੀ ਦਾ ਵੀਜਾ ਰੱਦ ਕਰਨ ਬਾਰੇ SAWA ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਨਾਲ ਗੱਲਬਾਤ

08:36

Share

Recommended for you