ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਨੋਬਲ ਪਾਰਕ ਦੇ ਰਹਿਣ ਵਾਲ਼ੇ ਪੰਜਾਬੀ ਵਿਦਿਆਰਥੀ ਰਮਨਦੀਪ ਸਿੰਘ ਦੀ 12 ਮਈ ਸਵੇਰੇ 4 ਵਜੇ ਇੱਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਮੈਲਬੌਰਨ ਤੋਂ 200 ਕਿਲੋਮੀਟਰ ਉੱਤਰ ਦਿਸ਼ਾ ਵਿੱਚ ਕਿਆਬਰਮ ਇਲਾਕੇ ਵਿੱਚ ਹੋਈ ਇਸ ਘਟਨਾ ਪਿਛਲੇ ਕਾਰਨਾਂ ਦੀ ਪੁਲਿਸ ਤਫਤੀਸ਼ ਕਰ ਰਹੀ ਹੈ।
ਵਿਕਟੋਰੀਆ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਿਕ ਦੁਰਘਟਨਾ ਉਸ ਵੇਲ਼ੇ ਹੋਈ ਜਦੋਂ ਉਹ ਇੱਕ 'ਛੋਟਾ ਟਰੱਕ' ਚਲਾ ਰਿਹਾ ਸੀ।
“ਕਿਆਬਰਮ ਇਲਾਕੇ ਲਾਗੇ ਵੈੱਬ ਰੋਡ ਉੱਤੇ ਉਹ ਟਰੱਕ ਦਾ ਕੰਟਰੋਲ ਗੁਆ ਬੈਠਾ ਅਤੇ ਉਸ ਦਾ ਟਰੱਕ ਸੜ੍ਹਕ ਤੋਂ ਪਾਸੇ ਵੱਲ ਨੂੰ ਉੱਤਰ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।“
ਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਸਾਊਥਬੈਂਕ ਵਿੱਚ ਕੋਰੋਨਰ ਦੀ ਤਫਤੀਸ਼ ਪਿੱਛੋਂ ਪਰਿਵਾਰ ਨੂੰ ਸੌਂਪ ਦਿੱਤੀ ਜਾਏਗੀ।ਇੱਕ ਜਾਣਕਾਰੀ ਮੁਤਾਬਿਕ ਰਮਨਦੀਪ ਭਾਰਤ ਵਿੱਚ ਉੱਤਰਾਖੰਡ ਸੂਬੇ ਨਾਲ ਸਬੰਧ ਰੱਖਦਾ ਸੀ ਅਜੇ ਢਾਈ ਸਾਲ ਪਹਿਲਾਂ ਹੀ ਆਸਟ੍ਰੇਲੀਆ ਪੜ੍ਹਨ ਲਈ ਆਇਆ ਸੀ ਅਤੇ ਆਪਣੇ ਭਰਾ ਨਾਲ਼ ਨੋਬਲ ਪਾਰਕ ਇਲਾਕੇ ਵਿੱਚ ਰਹਿੰਦਾ ਸੀ।
File photos of Ramandeep Singh. Source: Supplied
ਉਸਦੇ ਪਰਿਵਾਰ ਨਾਲ਼ ਨਜ਼ਦੀਕੀ ਰੱਖਣ ਵਾਲ਼ੇ ਮੈਲਬੌਰਨ-ਵਾਸੀ ਜਗਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਮ੍ਰਿਤਕ ਨੌਜਵਾਨ "ਸਾਊ, ਹੱਸਮੁਖ, ਮਿਲਾਪੜ੍ਹਾ ਤੇ ਬਹੁਤ ਮਿਹਨਤੀ" ਸੀ ਜੋ ਇੱਕ ਸੁਨਹਿਰੇ ਭਵਿੱਖ ਦੀ ਆਸ ਵਿੱਚ ਆਸਟ੍ਰੇਲੀਆ ਆਇਆ ਸੀ।
ਉਹ ਹਰ ਕਿਸੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ, ਅਜੇ ਕੁਝ ਦਿਨ ਪਹਿਲਾਂ ਹੀ ਰਮਨਦੀਪ ਨੇ ਕਰੋਨਾਵਾਇਰਸ ਤੋਂ ਪ੍ਰਭਾਵਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ ਲਈ ਆਪਣੀ ਫੇਸਬੁੱਕ ਤੇ ਸੁਨੇਹਾ ਪਾਇਆ ਸੀ।
"ਜੇ ਨੌਕਰੀ ਚਲੀ ਗਈ, ਜਾਂ ਖਾਣਾ ਖਤਮ ਹੋ ਗਿਆ ਜਾਂ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹੋ, ਖਾਲੀ ਪੇਟ ਨਾ ਸੌਂਇਓ, ਮੈਨੂੰ ਨਿੱਜੀ ਸੁਨੇਹਾ ਭੇਜਣ ਤੋਂ ਨਾ ਸੰਗਿਓ ਅਤੇ ਨਾ ਹੀ ਸ਼ਰਮਿੰਦੇ ਹੋਣਾ, ਜੋ ਮੇਰਾ ਹੈ ਉਹ ਤੁਹਾਡਾ ਹੈ, ਮੈਂ ਤੁਹਾਡੀ ਲੋੜ ਦੀ ਚੀਜ਼ ਤੁਹਾਡੇ ਦਰਵਾਜ਼ੇ ਲਿਆਵਾਂਗਾ ਅਤੇ ਪਰਤ ਜਾਵਾਂਗਾ 💕।"
ਇਸ ਦੌਰਾਨ ਸਬੰਧਿਤ ਪਰਿਵਾਰ ਦੀ ਸਹਾਇਤਾ ਲਈ ਭਾਈਚਾਰੇ ਵੱਲੋਂ ਇੱਕ ਫੰਡਰੇਜ਼ਰ ਵਿੱਚ $50,000 ਦਾ ਯੋਗਦਾਨ ਪਾਇਆ ਗਿਆ ਹੈ।
ਸੋਸ਼ਲ ਮੀਡਿਆ ਉੱਤੇ ਪੰਜਾਬੀ ਭਾਈਚਾਰੇ ਨੇ ਮ੍ਰਿਤਕ ਦੇ ਪਰਿਵਾਰ ਨਾਲ਼ ਦੁੱਖ ਵੰਡਾਇਆ ਹੈ।
ਉਹਦੇ ਸਨੇਹੀਆਂ ਨੇ ਉਸਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੰਦਿਆਂ ਹਮਦਰਦੀ ਦੇ ਬੋਲ ਸਾਂਝੇ ਕੀਤੇ ਹਨ - 'ਰੈਸਟ ਇਨ ਪੀਸ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।'
ਜਗਦੀਪ ਸਿੰਘ ਨੇ ਸਾਨੂੰ ਦੱਸਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਸਿਲਸਿਲੇ 'ਚ ਪਰਿਵਾਰ ਵੱਲੋਂ ਭਾਰਤੀ ਹਾਈ ਕਮਿਸ਼ਨ ਨਾਲ ਵੀ ਸੰਪਰਕ ਕੀਤਾ ਗਿਆ ਹੈ।
ਦੱਸਦੇ ਜਾਈਏ ਕਿ ਇਸ ਸਾਲ ਵਿਕਟੋਰੀਆ ਦੀਆਂ ਸੜਕਾਂ 'ਤੇ ਦੁਰਘਟਨਾਵਾਂ ਪਿੱਛੋਂ ਮੌਤਾਂ ਦੀ ਗਿਣਤੀ ਹੁਣ 85 ਤੱਕ ਪਹੁੰਚ ਗਈ ਹੈ, ਪਿਛਲੇ ਸਾਲ ਇਸੇ ਸਮੇਂ ਤੱਕ 112 ਲੋਕਾਂ ਦੀ ਸੜਕ ਦੁਰਘਟਨਾ ‘ਚ ਮੌਤ ਹੋ ਗਈ ਸੀ।
ਵਿਕਟੋਰੀਆ ਪੁਲਿਸ ਵੱਲੋਂ ਹਾਦਸੇ ਪਿਛਲੇ ਕਾਰਨਾਂ ਦੀ ਜਾਂਚ ਜਾਰੀ ਹੈ।
ਉਨ੍ਹਾਂ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਸ ਘਟਨਾ ਨੂੰ ਹੁੰਦੇ ਦੇਖਿਆ ਹੈ ਜਾਂ ਕਿਸੇ ਕੋਲ ਇਸਦੀ ਡੇਸ਼ਕੇਮ ਵੀਡੀਓ ਹੈ ਤਾਂ ਕ੍ਰਾਈਮ ਸਟੋਪਰਜ਼ ਨੂੰ 1800 333 000 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ 'ਤੇ ਜਾਕੇ ਗੁਪਤ ਰੂਪ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਹੋਰ ਜਾਣਕਾਰੀ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ