2024 ਦੀਆਂ ਕੌਂਸਿਲ ਅਤੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਵਲੋਂ ਜ਼ਬਰਦਸਤ ਸ਼ਮੂਲੀਅਤ

MP's Trials  (Presentation) (1).jpg

2024 ਦੀਆਂ ਕੌਂਸਿਲ ਅਤੇ ਵਿਧਾਨ ਸਭਾ ਚੋਣਾਂ ਵਿੱਚ ਭਾਈਚਾਰੇ ਨੂੰ ਸੂਝ-ਬੂਝ ਨਾਲ ਵੋਟ ਪਾਉਣ ਦੀ ਅਪੀਲ। Credit: Supplied

ਪੂਰੇ ਆਸਟ੍ਰੇਲੀਆ ਵਿੱਚ 500 ਤੋਂ ਵੱਧ ਸਥਾਨਕ ਸਰਕਾਰਾਂ ਹਨ। ਉਹਨਾਂ ਨੂੰ ਅਕਸਰ ਕੌਂਸਿਲਾਂ, ਨਗਰਪਾਲਿਕਾਵਾਂ ਜਾਂ ਸ਼ਾਇਰ ਕਿਹਾ ਜਾਂਦਾ ਹੈ। ਔਸਤਨ ਹਰੇਕ ਕੌਂਸਿਲ ਵਿੱਚ ਚੁਣੇ ਗਏ 9 ਮੈਂਬਰ ਹੁੰਦੇ ਹਨ ਜਿਨ੍ਹਾਂ ਨੂੰ ਆਮ ਤੌਰ 'ਤੇ ਕੌਂਸਿਲਰ ਜਾਂ ਐਲਡਰਮੈਨ ਕਿਹਾ ਜਾਂਦਾ ਹੈ। ਇਸ ਸਾਲ ਦੀਆਂ ਚੋਣਾਂ ਦੌਰਾਨ ਬਹੁਤ ਸਾਰੇ ਪੰਜਾਬੀ ਵੀ ਭਾਈਚਾਰੇ ਦੀ ਸੇਵਾ ਕਰਨ ਲਈ ਮੈਦਾਨ ਵਿੱਚ ਨਿੱਤਰੇ ਹਨ।


ਐਸ ਬੀ ਐਸ ਪੰਜਾਬੀ ਵਲੋਂ ਅਸੀਂ ਜੇ ਸਾਰੇ ਨਹੀਂ, ਤਾਂ ਬਹੁਤ ਸਾਰੇ ਉਹਨਾਂ ਪੰਜਾਬੀਆਂ ਤੱਕ ਪਹੁੰਚ ਬਣਾਈ ਹੈ ਜੋ ਕਿ ਇਸ ਸਾਲ 2024 ਦੀਆਂ ਸਥਾਨਕ / ਵਿਧਾਨ ਸਭਾ (ਏਸੀਟੀ) ਚੋਣਾਂ ਵਿੱਚ ਭਾਗ ਲੈ ਰਹੇ ਹਨ। ਅਸੀਂ ਸਾਰਿਆਂ ਕੋਲੋਂ ਇੱਕ ਹੀ ਪ੍ਰਸ਼ਨ ਪੁੱਛਿਆ - ਕਿ ਜੇ ਕਰ ਉਹ ਆਪਣੀ ਚੋਣ ਜਿੱਤ ਜਾਂਦੇ ਹਨ ਤਾਂ ਕਿਹੜੇ ਖਾਸ ਕਾਰਜ ਉਹ ਪਹਿਲ ਦੇ ਅਧਾਰ ਤੇ ਕਰਨੇ ਚਾਹੁਣਗੇ?

ਨਿਊ ਸਾਊਥ ਵੇਲਜ਼

ਲੇਬਰ ਪਾਰਟੀ ਵਲੋਂ ਡਾ ਮੋਨਿੰਦਰਜੀਤ ਸਿੰਘ ਅਤੇ ਕੁਸ਼ਪਿੰਦਰ ਕੌਰ ਸਿਡਨੀ ਦੇ ਪੰਜਾਬੀਆਂ ਨਾਲ ਘੁੱਗ ਵਸਦੇ ਬਲੈਕਟਾਊਨ ਤੋਂ ਮੁੜ ਚੋਣਾਂ ਲੜ ਰਹੇ ਹਨ।

ਡਾ ਸਿੰਘ ਦੇ ਅਨੁਸਾਰ, "ਮੈਂ ਸਾਲ 2016 ਤੋਂ ਲਗਾਤਾਰ ਕੌਂਸਿਲਰ ਵਜੋਂ ਸੇਵਾ ਨਿਭਾ ਰਿਹਾ ਹਾਂ ਅਤੇ ਜੇ ਕਰ ਮੈਂ ਇਸ ਸਾਲ ਵੀ ਚੋਣਾਂ ਜਿੱਤ ਜਾਂਦਾ ਹਾਂ ਤਾਂ, ਐਬੋਰੀਜਨਲ ਭਾਈਚਾਰੇ ਲਈ ਆਰਟ ਸੈਂਟਰ ਬਨਾਉਣ ਦੇ ਨਾਲ ਬਲੈਕਟਾਊਨ ਦੇ ਅਕੂਐਟਿਕ ਸੈਂਟਰ ਦਾ ਵਿਸਤਾਰ ਅਤੇ ਸੈਵਨ ਹਿੱਲਜ਼ ਵਿੱਚ ਇੱਕ ਨਵੀਂ ਲਾਈਬ੍ਰੇਰੀ ਵੀ ਸਥਾਪਿਤ ਕਰਵਾਉਣੀ ਚਾਹਾਂਗਾ"।

ਇਸੇ ਤਰਾਂ ਕੁਸ਼ਪਿੰਦਰ ਕੌਰ ਵੀ ਆਪਣੇ ਵਾਰਡ ਵਿਚਲੇ ਮੋਰਗਨ ਪਾਵਰ ਰਿਜ਼ਰਵ ਦਾ ਵਿਸਥਾਰ ਅਤੇ ਕਈ ਨਵੇਂ ਪਾਰਕਾਂ ਦੇ ਨਿਰਮਾਣ ਦੇ ਨਾਲ-ਨਾਲ ਹਾਲੀਆ ਪਾਰਕਾਂ ਵਿੱਚ ਫਿੱਟਨੈੱਸ ਯੰਤਰ ਲਗਵਾਉਣ ਦੇ ਇਛੁੱਕ ਹਨ।

ਸਿਡਨੀ ਦੇ ਪੈਨਰਿਥ ਤੋਂ ਪਹਿਲੀ ਵਾਰ ਲੇਬਰ ਪਾਰਟੀ ਵਲੋਂ ਕਿਸਮਤ ਅਜ਼ਮਾ ਰਹੇ ਮਹਿੰਦਰ ਸਿੰਘ ਨੇ ਕਿਹਾ, "ਮੈਂ ਆਪਣੇ ਵਾਰਡ ਦੇ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਬਿਹਤਰ ਬਣਾਉਣ ਲਈ ਯਤਨ ਕਰਾਂਗਾ। ਇਸ ਦੇ ਨਾਲ ਹੀ ਪਾਰਕਾਂ ਵਿੱਚ ਜਰੂਰੀ ਵਸਤਾਂ ਸਥਾਪਿਤ ਕਰਨਾ ਵੀ ਮੇਰੀ ਪਹਿਲ ਹੋਵੇਗੀ"।

ਬਜ਼ੁਰਗਾਂ ਲਈ ਢੁੱਕਵੀਂ ਟਰਾਂਸਪੋਰਟ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਾਂਗਾ।
ਮਹਿੰਦਰ ਸਿੰਘ

ਜੁਗਨਦੀਪ ਸਿੰਘ ਵੀ ਸਿਡਨੀ ਦੇ ਬਲੈਕਟਾਊਨ ਤੋਂ ਹੀ ਲਿਬਰਲ ਪਾਰਟੀ ਵਲੋਂ ਚੋਣ ਲੜ ਰਹੇ ਹਨ। ਇਹ ਵੀ ਟਰੈਫਿਕ ਤੇ ਟਰਾਂਸਪੋਰਟ ਦੇ ਨਾਲ ਭਾਈਚਾਰੇ ਵਿੱਚ ਵਧੇਰੇ ਤਾਲਮੇਲ ਕਾਇਮ ਕਰਨ ਦੇ ਚਾਹਵਾਨ ਹਨ।

ਬਲੈਕਟਾਊਨ ਤੋਂ ਗਰੀਨਜ਼ ਪਾਰਟੀ ਵਲੋਂ ਦੋ ਪੰਜਾਬੀ ਉਮੀਦਵਾਰ ਤਲਵਿੰਦਰ ਸਿੰਘ ਅਤੇ ਸ਼ਬੀਰ ਸਿੰਘ ਵੀ ਮੈਦਾਨ ਵਿੱਚ ਕਿਸਮਤ ਅਜ਼ਮਾ ਰਹੇ ਹਨ।

ਤਲਵਿੰਦਰ ਸਿੰਘ ਨੇ ਕਿਹਾ, "ਮੇਰੀ ਕੋਸ਼ਿਸ਼ ਰਹੇਗੀ ਕਿ ਕੌਂਸਿਲ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਜ਼ਰੂਰ ਲਵੇ। ਇਸ ਦੇ ਨਾਲ ਹੀ ਜੇ ਕਿਸੇ ਥਾਂ ਤੇ ਵਾਰ-ਵਾਰ ਸੜਕੀ ਹਾਦਸੇ ਵਾਪਰ ਰਹੇ ਹਨ ਤਾਂ ਉਹਨਾਂ ਨੂੰ ਰੋਕਣ ਲਈ ਹਰ ਢੁੱਕਵਾਂ ਉਪਾਅ ਅਮਲ ਵਿੱਚ ਲਿਆਉਣਾ ਚਾਹਾਂਗਾ। ਚਾਈਲਡ ਕੇਅਰ ਦੀਆਂ ਕੀਮਤਾਂ ਉੱਤੇ ਵੀ ਕੰਮ ਕਰਨ ਦਾ ਇੱਛੁਕ ਹਾਂ"।

ਏਸੀਟੀ ਵਿੱਚ ਵਿੱਚ ਵਿਧਾਨ ਸਭਾ ਚੋਣਾਂ

ਏਸੀਟੀ ਵਿੱਚ ਜਿੱਥੇ ਕੌਂਸਿਲ ਦੀਆਂ ਚੋਣਾਂ ਦੀ ਬਜਾਏ ਵਿਧਾਨ ਸਭਾ ਦੀਆਂ ਚੋਣਾਂ ਹੀ ਹੁੰਦੀਆਂ ਹਨ, ਤੋਂ ਲਿਬਰਲ ਪਾਰਟੀ ਵਲੋਂ ਮੁੜ ਐਮ ਐਲ ਦੇ ਦੀ ਚੋਣ ਲੜ ਰਹੇ ਅਮਰਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਭੇਜੇ ਸੁਨੇਹੇ ਵਿੱਚ ਕਿਹਾ, "ਮੈਂ ਸ਼ਾਸਨ ਦੇ ਵਿੱਚ ਇਮਾਨਦਾਰੀ ਅਤੇ ਪਾਰਦ੍ਰਸ਼ਿਤਾ ਨੂੰ ਪਹਿਲ ਦੇਣਾ ਚਾਹਾਂਗਾ। ਇਸ ਦੇ ਨਾਲ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਠੱਲ ਪਾਉਣਾ ਅਤੇ ਕਾਨੂੰਨੀ ਵਿਵਸਥਾ ਨੂੰ ਬਿਹਤਰ ਬਣਾਉਣਾ ਵੀ ਮੇਰੀਆਂ ਤਰਜੀਹਾਂ ਹੋਣਗੀਆਂ"।

ਵਿਕਟੋਰੀਆ

ਹੁਣ ਜੇ ਰੁਖ ਕਰੀਏ ਵਿਕਟੋਰੀਆ ਸੂਬੇ ਦਾ ਤਾਂ ਉੱਥੇ ਵੀ ਬਹੁਤ ਸਾਰੇ ਪੰਜਾਬੀ ਚਿਹਰੇ ਇਹਨਾਂ ਸਥਾਨਕ ਚੋਣਾਂ ਲਈ ਉਮੀਦਵਾਰ ਹਨ।

ਪਰੀਤ ਸਿੰਘ ਵਿਨਧਮ ਸਿਟੀ ਕੌਂਸਿਲ ਤੋਂ ਲਿਬਰਲ ਪਾਰਟੀ ਵਲੋਂ ਉਮੀਦਵਾਰ ਹਨ ਅਤੇ ਆਪਣੀਆਂ ਭਾਈਚਾਰੇ ਪ੍ਰਤੀ ਕੀਤੀਆਂ ਪਿਛਲੀਆਂ ਸੇਵਾਵਾਂ ਨੂੰ ਹੋਰ ਅੱਗੇ ਤੋਰਨ ਦੇ ਇੱਛੁਕ ਹਨ।

“ਮੈਂ ਸੁਰੱਖਿਆ ਨੂੰ ਸੁਧਾਰਨ ਦੇ ਨਾਲ-ਨਾਲ, ਮਹਿੰਗਾਈ ਅਤੇ ਹੋਰਨਾਂ ਲੋਕਲ ਕੌਂਸਿਲ ਵਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਵਧੀਆ ਤਰੀਕੇ ਨਾਲ ਕੀਤੇ ਜਾਣ ਨੂੰ ਪਹਿਲ ਦੇਵਾਂਗਾ”।
ਪਰੀਤ ਸਿੰਘ

ਪਰੀਤ ਸਿੰਘ ਕਹਿੰਦੇ ਹਨ ਕਿ ਉਹ ਸਟੇਸ਼ਨਾਂ ਉੱਤੇ ਜਿਆਦਾ ਪਾਰਕਿੰਗ ਦੇ ਬਣਵਾਉਣ ਲਈ ਕੋਸ਼ਿਸ਼ ਕਰਨਗੇ। ਵਧ ਰਹੀ ਅਬਾਦੀ ਦੇ ਮੱਦੇਨਜ਼ਰ ਵਧੀਆ ਇਨਫਰਾਸਟਰੱਕਚਰ ਨਿਰਮਿਤ ਕਰਵਾਉਣ ਦੇ ਨਾਲ-ਨਾਲ ਲੋਕਲ ਵਪਾਰਾਂ ਨੂੰ ਵੀ ਹੁਲਾਰਾ ਦੇਣ ਦੇ ਚਾਹਵਾਨ ਹਨ।

ਇਸ ਵਾਰ ਦੀਆਂ ਕੌਂਸਿਲ ਚੋਣਾਂ ਲਈ ਮੈਲਬੌਰਨ ਵਿੱਚ ਪੰਜਾਬੀ ਮਹਿਲਾਵਾਂ ਦੀ ਗਿਣਤੀ ਕਾਫੀ ਵੱਧ ਦਿਖ ਰਹੀ ਹੈ।

ਮਿਚੇਲ ਸ਼ਾਇਰ ਦੀ ਗਿੰਨੀ ਕੋਛੜ ਛੋਟੇ ਵਪਾਰਾਂ ਲਈ ਸਹਿਯੋਗ ਪ੍ਰਦਾਨ ਕਰਨ ਦੇ ਨਾਲ, ਇਨਫਰਾਸਟਰੱਕਚਰ ਅਤੇ ਵਾਤਾਵਰਣ ਸੰਭਾਲ ਵਰਗੇ ਅਹਿਮ ਮੁੱਦੇ ਲਈ ਕੰਮ ਕਰਨਾ ਚਾਹੁੰਦੇ ਹਨ।

ਮੈਲਬਰਨ ਦੇ ਰੋਬਿਨਸਨ ਤੋਂ ਕੁਲਜੀਤ ਕੌਰ ਗਜ਼ਲ ਪੰਜਾਬੀ ਸਾਹਿਤ ਪ੍ਰਤੀ ਕਾਰਜਸ਼ੀਲ ਰਹੇ ਹਨ ਅਤੇ ਹੁਣ ਲੋਕਲ ਕੌਂਸਿਲ ਚੋਣਾਂ ਵਿੱਚ ਭਾਗ ਲੈ ਕੇ ਭਾਈਚਾਰਿਆਂ ਵਿਚਲੀ ਸਾਂਝ ਨੂੰ ਹੋਰ ਪੀਢਾ ਕਰਨ ਦੇ ਚਾਹਵਾਨ ਹਨ।

ਕੁਲਦੀਪ ਕੌਰ, ਕੈਸੀ ਕੌਂਸਿਲ ਤੋਂ ਉਮੀਦਵਾਰ ਹਨ ਅਤੇ ਕਹਿੰਦੇ ਹਨ, "ਮੈਂ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਸਿਹਤ ਸੁਧਾਰਨ ਪ੍ਰਤੀ ਕਾਰਜਾਂ ਦੇ ਨਾਲ ਨਾਲ, ਸੁਰੱਖਿਆ ਅਤੇ ਟਰੈਫਿਕ/ਟਰਾਂਸਪੋਰਟ ਪ੍ਰਤੀ ਪੇਸ਼ ਆਉਂਦੀਆਂ ਮੁਸ਼ਕਲਾਂ ਨੂੰ ਸਹਿਜ ਬਣਾਉਣਾ ਚਾਹਾਂਗੀ"।

ਇਸੀ ਤਰਾਂ ਸੰਤੋਸ਼ ਕੌਰ ਸਿਟੀ ਆਫ ਵ੍ਹਿਟਲਸੀਅ ਤੋਂ ਖੇਡਾਂ ਦੇ ਪ੍ਰਬੰਧਾਂ ਵੱਲ ਧਿਆਨ ਦੇਣ ਦੇ ਨਾਲ ਨਾਲ ਰੇਲ ਤੇ ਟਰਾਂਸਪੋਰਟ ਵਿੱਚ ਸੁਧਾਰ ਗੈਰਕਾਨੂੰਨੀ ਕੂੜਾ ਕਰਕਟ ਸੁੱਟੇ ਜਾਣ ਤੇ ਵੀ ਠੱਲ ਪਾਉਣਾ ਚਾਹੁੰਦੇ ਹਨ।

ਇਹਨਾਂ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਪੰਜਾਬੀ ਉਮੀਦਵਾਰਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕੀਤੇ ਹਨ, ਜਿਨ੍ਹਾਂ ਨੂੰ ਤੁਸੀਂ ਆਡੀਓ ਬਟਨ ਤੇ ਕਲਿੱਕ ਕਰਕੇ ਸੁਣ ਸਕਦੇ ਹੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share