64 ਸਾਲਾਂ ਦੇ ਐਲਨ ਟੈਂਪਲਟਨ ਨੂੰ 9 ਸਾਲ ਪਹਿਲਾਂ ਲੱਤ ਦੀਆਂ ਮਾਸਪੇਸ਼ੀਆਂ ਵਿੱਚ ਹੋਈ ਖਰਾਬੀ ਤੋਂ ਲਗਿਆ ਸੀ ਕਿ ਫੁੱਟਬਾਲ ਨੂੰ ਹੁਣ ਹਮੇਸ਼ਾਂ ਲਈ ਅਲਵਿਦਾ ਕਹਿਣਾ ਪਵੇਗਾ। ਪਰ ਜਦੋਂ ਹੀ ਉਸ ਨੇ ਪੰਜਾਹਾਂ ਦੀ ਉਮਰ ਤੋਂ ਉਪਰ ਦੇ ਲੋਕਾਂ ਲਈ ਬਣਾਈ ਇਸ ਤੁਰਨ ਫਿਰਨ ਵਾਲੀ ਇਸ ਖੇਡ ਬਾਰੇ ਸੁਣਿਆ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਖਿਲਰ ਗਈ।
ਅਤੇ ਇਸ ਤੋਂ ਬਾਅਦ ਟੈਂਪਲਟਨ ਨੇ ਇਕ ਟੀਚਾ ਮਿੱਥਿਆ ਦੂਜਿਆਂ ਨੂੰ ਵੀ ਇਸ ਖੇਡ ਵਾਸਤੇ ਪ੍ਰੇਰਤ ਕਰਨ ਦਾ। ਮੂਲ ਤੌਰ ਤੇ ਬਰਿਸਬੇਨ ਰੋਅਰ ਵਾਸਤੇ ਇਕ ਕੋਚ ਵਜੋਂ ਕੰਮ ਕਰ ਚੁੱਕੇ ਟੈਂਪਲਟਨ ਹੁਣ ਕੂਈਨਜ਼ਲੈਂਡ ਦੇ ਵਾਕਿੰਗ ਫੁੱਟਬਾਲ ਲਈ ਇਕ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਹਨ। ਉਹ ਇਸ ਨਿਵੇਕਲੀ ਖੇਡ ਦੇ ਲਾਭਾਂ ਬਾਰੇ ਵਿਸਥਾਰ ਨਾਲ ਦਸਦੇ ਹਨ।
ਬਰਿਸਬੇਨ ਦੇ ਇੰਨਡੋਰ ਸਪੋਰਟਸ ਸੈਂਟਰ ਵਿੱਚ ਚਾਲੀਆਂ ਤੋਂ ਲੈ ਕਿ 70ਵਿਆਂ ਤੱਕ ਦੀ ਉਮਰ ਦੇ ਲੋਕ ਹਰ ਹਫਤੇ ਇਸ ਖੇਡ ਦਾ ਅਨੰਦ ਮਾਨਣ ਲਈ ਆ ਰਹੇ ਹਨ। ਇਹਨਾਂ ਵਿੱਚੋਂ ਕਈ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਕਈ ਤਾਂ ਇਸ ਖੇਡ ਤੋਂ ਬਾਅਦ ਆਪਣੇ ਕੰਮਾਂ ਤੇ ਪਰਤ ਕੇ ਵਾਧੂ ਸਮਾਂ ਕੰਮ ਕਰਦੇ ਹਨ।
ਇਹਨਾਂ ਵਿੱਚੋਂ ਹੀ ਹਨ 65 ਸਾਲਾਂ ਦੀ ਐਡਿਲ ਵੀ ਜੋ ਕਿ ਇਸ ਖੇਡ ਦੀ ਇਕੱਲੀ ਔਰਤ ਖਿਡਾਰਨ ਹੈ।
67 ਸਾਲਾਂ ਦੇ ਸੇਵਾ ਮੁਕਤ ਵੈਲੀ ਵੀਸੋਗ 1963 ਤੋਂ ਹੀ ਸੋਕਰ ਖੇਡ ਰਹੇ ਹਨ। ਆਪਣੇ ਲੋਕਲ ਕਲੱਬ ਲਈ ਲਾਈਫ ਮੈਂਬਰ, ਵਿਸੋਗ ਨੂੰ ਇਕ ਸਾਲ ਪਹਿਲਾਂ ਉਸ ਸਮੇਂ ਅੰਤਾਂ ਦੀ ਖੁਸ਼ੀ ਹੋਈ ਜਦੋਂ ਉਹਨਾਂ ਨੂੰ ਇਸ ਵਾਕਿੰਗ ਫੁੱਟਬਾਲ ਬਾਰੇ ਪਤਾ ਚਲਿਆ।
ਬੋਂਡ ਯੂਨਿਵਰਸਿਟੀ ਦੇ ਐਸੋਸ਼ਿਏਟ ਪਰੋਫੈਸਰ ਜਸਟਿਨ ਕਿਓਗ ਆਖਦੇ ਹਨ ਕਿ ਬੇਸ਼ਕ ਇਸ ਵਾਕਿੰਗ ਫੁੱਟਬਾਲ ਦੀ ਨਿਵਕੇਲੀ ਕਿਸਮ ਉੱਤੇ ਜਿਆਦਾ ਖੋਜ ਆਦਿ ਤਾਂ ਨਹੀਂ ਕੀਤੀ ਗਈ ਹੈ ਪਰ ਫੇਰ ਵੀ ਇਸ ਦੇ ਹਲਕੇ ਅਤੇ ਸੰਪਰਕ ਨਾ ਕਰਨ ਵਾਲੇ ਫੋਰਮੇਟ ਦੁਆਰਾ ਇਹ ਖੇਡ ਬਜ਼ੁਰਗਾਂ ਲਈ ਕਾਫੀ ਸੁਰੱਖਿਅਤ ਮੰਨੀ ਜਾ ਸਕਦੀ ਹੈ। ਇਹ ਕਾਫੀ ਕੁੱਝ ਮਾਸਟਰਸ ਔਜ਼ੀ ਰੂਲਜ਼ ਫੁੱਟੀ ਨਾਲ ਵੀ ਮਿਲਦੀ ਜੁਲਦੀ ਹੈ।
ਬੇਸ਼ਕ ਇਹ ਖੇਡ ਆਮ ਸੋਕਰ ਨਾਲੋਂ ਕਾਫੀ ਹੌਲੀ ਹੈ ਪਰ ਫੇਰ ਵੀ ਡਾ ਕਿਓਗ ਮੁਤਾਬਕ ਇਸ ਖੇਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਜੀ ਪੀ ਕੋਲੋਂ ਮਸ਼ਵਰਾ ਕਰ ਲੈਣਾ ਲਾਹੇਵੰਦ ਹੋਵੇਗਾ। ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਕਿ ਰੋਜਾਨਾਂ ਕੋਈ ਕਸਰਤ ਵਗੈਰਾ ਨਹੀਂ ਕਰਦੇ। ਉਹ ਮੰਨਦੇ ਹਨ ਕਿ ਸਿਹਤਮੰਦ ਵਡੇਰੀ ਉਮਰ ਮਾਨਣ ਲਈ ਸਮਾਂ ਅਤੇ ਕੋਸ਼ਿਸ਼ ਦੋਨੋਂ ਹੀ ਵਾਧੂ ਚਾਹੀਦੇ ਹੁੰਦੇ ਹਨ।
57 ਸਾਲਾਂ ਦੇ ਕੋਲਿਨ ਯੂ, 30 ਸਾਲ ਪਹਿਲਾਂ ਹੋਏ ਇਕ ਮੋਟਰਸਾਈਕਲ ਹਾਦਸੇ ਤੋਂ ਬਾਅਦ ਹੁਣ ਤੱਕ ਗੋਡਿਆਂ ਉੱਤੇ ਕਵਰ ਪਾ ਕੇ ਰਖਦੇ ਹਨ ਪਰ ਉਹਨਾਂ ਨੂੰ ਇਸ ਖੇਡ ਦੌਰਾਨ ਗੇਂਦ ਨੂੰ ਕਿੱਕ ਮਾਰਨ ਸਮੇਂ ਕੋਈ ਮੁਸ਼ਕਲ ਨਹੀਂ ਹੁੰਦੀ।
ਵੈਲੀ ਵਿਸੋਗ ਆਪਣੇ ਆਪ ਨੂੰ ਇਸ ਸਮੇਂ ਤੱਕ ਬਗੈਰ ਕਿਸੇ ਸੱਟ ਫੇਟ ਤੋਂ ਰਹਿਣ ਲਈ ਖੁਸ਼ਕਿਸਮਤ ਮੰਨਦੇ ਹਨ। ਅਤੇ ਉਮੀਦ ਕਰਦੇ ਹਨ ਕਿ ਉਹ ਇਸ ਵਾਕਿੰਗ ਫੁੱਟਬਾਲ ਨੂੰ 80ਵਿਆਂ ਤੱਕ ਵੀ ਖੇਡ ਸਕਣਗੇ।
ਅਤੇ ਐਡਿਲ ਵਲੋਂ ਇਸ ਖੇਡ ਨੂੰ ਚੰਗੀ ਤਰਾਂ ਖੇਡ ਪਾਉਣ ਨਾਲੋਂ ਇਸ ਤੋਂ ਮਿਲਦੇ ਅਨੰਦ ਤੋਂ ਉਹ ਜਿਆਦਾ ਖੁਸ਼ ਹੈ। ਪਰ ਨਾਲ ਹੀ ਚਾਹੁੰਦੀ ਹੈ ਕਿ ਉਸ ਵਾਂਗ ਹੋਰ ਔਰਤਾਂ ਵੀ ਇਸ ਖੇਡ ਵਿੱਚ ਜਰੂਰ ਆਉਣ।