ਤੁਹਾਡੀ ਪਸੰਦ ਜੋ ਵੀ ਹੋਵੇ, ਤੁਹਾਨੂੰ ਸਮਰਥਨ ਦੇਣ ਲਈ ਖਿਡਾਰੀ, ਟੀਮਾਂ, ਅਤੇ ਟੂਰਨਾਮੈਂਟ ਆਸਟ੍ਰੇਲੀਆ ਵਿੱਚ ਹਰ ਥਾਂ 'ਤੇ ਮਿਲ ਜਾਣਗੇ।
ਚਲੋ ਆਸਟ੍ਰੇਲੀਆ ਦੀਆਂ ਕੁੱਝ ਮਸ਼ਹੂਰ ਖੇਡਾਂ ਬਾਰੇ ਜਾਣਦੇ ਹੋਏ ਉਹਨਾਂ ਦੇ ਨਿਯਮਾਂ ਅਤੇ ਪ੍ਰਸ਼ੰਸਕਾਂ ਲਈ ਉਹਨਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੀਏ।
ਸ਼ੁਰੂਆਤ ਕਰਦੇ ਹਾਂ ਕ੍ਰਿਕੇਟ ਤੋਂ।
ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ, ਉਹਨਾਂ ਦਾ ਬਚਪਨ ਟੀਵੀ ਉੱਤੇ ਇਸ ਖੇਡ ਦਾ ਅਨੰਦ ਮਾਨਣ ਦੇ ਨਾਲ ਨਾਲ ਘਰਾਂ ਦੇ ਵਿਹੜੇ ਵਿੱਚ ਕਈ ਘੰਟਿਆਂ ਬੱਧੀ ਇਸ ਨੂੰ ਖੇਡਿਆ ਜਾਣਾ ਸ਼ਾਮਲ ਹੈ।
ਕਰਿਕਟ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਸਥਾਨਕ ਕਲੱਬਾਂ ਦੀ ਭਾਗੀਦਾਰੀ ਵੱਧਦੀ ਜਾ ਰਹੀ ਹੈ। ਇਸ ਖੇਡ ਵਿੱਚ 30% ਔਰਤਾਂ ਹੁੰਦੀਆਂ ਹਨ ਅਤੇ ਨਵੇਂ ਖਿਡਾਰੀਆਂ ਵਿੱਚ ਵੀ ਹਰ ਦੱਸਾਂ ਵਿੱਚੋਂ ਛੇ ਕੁੜੀਆਂ ਹੀ ਹੁੰਦੀਆਂ ਹਨ।
ਅਤੇ ਜੇ ਕਰ ਪੇਸ਼ੇਵਰ ਕਰਿਕਟ ਨੂੰ ਦੇਖਣ ਦੀ ਗੱਲ ਕਰੀਏ ਤਾਂ, ਹਰ ਸਾਲ ਗਰਮੀਆਂ ਦੌਰਾਨ 20 ਲੱਖ ਤੋਂ ਜਿਆਦਾ ਲੋਕ ਇਸ ਦਾ ਅਨੰਦ ਮਾਨਣ ਲਈ ਖੇਡ ਮੈਦਾਨਾਂ ਵਿੱਚ ਪਹੁੰਚਦੇ ਹਨ।
ਚਲੋ ਅੱਗੇ ਵਧਦੇ ਹੋਏ ਫੁੱਟਬਾਲ ਦੀ ਗੱਲ ਕਰਦੇ ਹਾਂ।
ਰਗਬੀ ਨਾਮੀ ਖੇਡ ਨੂੰ ਪਹਿਲਾਂ ਆਸਟ੍ਰੇਲੀਆ ਦੀ ਵਰਕਿੰਗ ਕਲਾਸ ਦੀ ਖੇਡ ਕਿਹਾ ਜਾਂਦਾ ਸੀ, ਪਰ ਸਮੇਂ ਦੇ ਨਾਲ ਇਹ ਸਥਿਤੀ ਹੁਣ ਬਦਲ ਗਈ ਹੈ।
ਇਹ ਇੱਕ ਬਹੁਤ ਹੀ ਮਹੱਤਵਪੂਰਨ ਖੇਡ ਹੈ ਜਿਸ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਭਾਈਚਾਰਿਆਂ ਵਿੱਚ ਏਕਤਾ ਲਿਆਉਣ ਦੇ ਨਾਲ ਬਹੁ-ਸਭਿਆਚਾਰਕਤਾ ਦਾ ਵੀ ਡੱਟ ਕੇ ਸਮਰਥਨ ਕੀਤਾ ਹੈ। ਪ੍ਰ
ਸਿੱਧੀ ਦੇ ਤੌਰ ਤੇ ਰਗਬੀ, ਏ ਐਫ ਐਲ ਦਾ ਅਨੰਦ ਦਿੰਦੀ ਹੈ, ਅਤੇ ਇਹ ਖਾਸ ਕਰਕੇ ਨਿਊ ਸਾਊਥ ਵੇਲਜ਼ ਅਤੇ ਕੂਈਨਜ਼ਲੈਂਡ ਵਿੱਚ ਜਿਆਦਾ ਪ੍ਰਚਲਿਤ ਹੈ। ਹਰ ਸਾਲ ਇੱਥੇ ਇੱਕ ‘ਸਟੇਟ ਆਫ ਉਰੀਜਨ’ ਨਾਮੀ ਖਾਸ ਖੇਡ ਹੁੰਦੀ ਹੈ ਜਿਸ ਵਿੱਚ ਨਿਊ ਸਾਊਥ ਵੇਲਜ਼ ਵਿੱਚ ਜਨਮੇ ਖਿਡਾਰੀ ਜਿਹਨਾਂ ਨੂੰ ਬਲੂਜ਼ ਕਿਹਾ ਜਾਂਦਾ ਹੈ, ਕੂਈਨਜ਼ਲੈਂਡ ਵਿੱਚ ਜਨਮੇ ਖਿਡਾਰੀਆਂ ਜਿਹਨਾਂ ਨੂੰ ਮੈਰੂਨਜ਼ ਕਿਹਾ ਜਾਂਦਾ ਹੈ, ਦੇ ਵਿਰੁੱਧ ਖੇਡਦੇ ਹਨ।
ਅਸਲ ਵਿੱਚ ਰਗਬੀ ਦੀਆਂ ਦੋ ਕਿਸਮਾਂ ਹਨ, ਰਗਬੀ ਯੂਨਿਅਨ ਅਤੇ ਰਗਬੀ ਲੀਗ। ਖਾਸ ਤੌਰ ਤੇ ਪ੍ਰਸਿੱਧ ਹਨ ਰਗਬੀ ਵਰਲਡ ਕੱਪ ਵਾਲੀਆਂ ਖੇਡਾਂ ਜਿਹਨਾਂ ਦਾ ਰੂਪ ਯੂਨਿਅਨ ਦੇ ਨਾਲ ਮੇਲ ਖਾਂਦਾ ਹੈ।
ਰਗਬੀ ਵਰਲਡ ਕੱਪ ਖੇਡਾਂ ਦਾ ਦਿਵਾਨਾ ਹੈ ਆਸਟ੍ਰੇਲੀਆ। ਪਰ ਇਸ ਨੂੰ ਦੇਖਣ ਲਈ ਜਰੂਰੀ ਹੈ ਇਸ ਖੇਡ ਦੇ ਨਿਯਮ ਸਮਝਣੇ ਨਹੀਂ ਤਾਂ ਉਲਝਣ ਪੈਦਾ ਹੋ ਸਕਦੀ ਹੈ। ਜਾਣਦੇ ਹਾਂ ਇਸ ਖੇਡ ਦੇ ਸਿਧਾਂਤ ਸਰਲ ਤਰੀਕੇ ਨਾਲ।
ਚਲੋ ਹੁਣ ਜਾਣਦੇ ਹਾਂ ਆਸਟ੍ਰੇਲੀਅਨ ਰੂਲਜ਼ ਫੁੱਟਬਾਲ (ਏ ਐਫ ਐਲ) ਬਾਰੇ, ਜਿਸ ਨੂੰ ਆਸਟ੍ਰੇਲੀਅਨ ਲੋਕ ‘ਫੁੱਟੀ’ ਵੀ ਕਹਿੰਦੇ ਹਨ। ਇਸ ਨੂੰ ਵਿਕਟੋਰੀਆ ਦੇ ਨਾਲ ਨਾਲ ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਸ ਦੇ ਇੱਕ ਸੀਜ਼ਨ ਵਾਲੀ ਖੇਡ ਨੂੰ 6 ਮਿਲੀਅਨ ਲੋਕਾਂ ਵਲੋਂ ਦੇਖਿਆ ਜਾਂਦਾ ਹੈ, ਜਦਕਿ ਰਗਬੀ ਨੂੰ 1 ਮਿਲੀਅਨ ਤੋਂ ਜਿਆਦਾ ਲੋਕ ਦੇਖਦੇ ਹਨ।
ਏ ਐਫ ਐੱਲ, ਰਗਬੀ ਅਤੇ ਸੌਕਰ ਵਿੱਚ ਕੀ ਫਰਕ ਹੈ?
ਆਸਟ੍ਰੇਲੀਆ ਦੇ ਤਕਰੀਬਨ ਹਰ ਸਮਾਜਿਕ ਇਕੱਠ ਵਿੱਚ ਖੇਡਾਂ ਦੀ ਹੀ ਗੱਲ ਹੁੰਦੀ ਹੈ ਅਤੇ ਕਈ ਲੋਕ ਤਾਂ ਗੱਲਬਾਤਾਂ ਦੁਆਰਾ ਹੀ ਮੁਕਾਬਲੇਬਾਜ਼ੀ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਇਸੀ ਤਰਾਂ ਛੋਟੇ ਬੱਚੇ ਵੀ ਸਾਰਾ ਸਾਲ ਹੀ ਕਈ ਪ੍ਰਕਾਰ ਦੀਆਂ ਖੇਡਾਂ ਨਾਲ ਜੁੜੇ ਰਹਿੰਦੇ ਹਨ।
ਏ ਐਫ ਐੱਲ ਖੇਡਾਂ ਦਾ ਸੱਭ ਤੋਂ ਮਹੱਤਵਪੂਰਨ ਗੇੜ ਇੰਡੀਜੀਨਸ ਖੇਡਾਂ ਵਾਲਾ ਹੁੰਦਾ ਹੈ, ਜਿਸ ਵਿੱਚ ਐਬੋਰੀਜਨਲ ਐਂਡ ਟੋਰੇਸ ਸਟਰੇਟ ਆਈਲੈਂਡਰ ਸਭਿਆਚਾਰ ਨੂੰ ਜੋਸ਼ ਨਾਲ ਮਨਾਇਆ ਜਾਂਦਾ ਹੈ।
ਫੁੱਟੀ ਤੋਂ ਅਗਲਾ ਕਦਮ ਹੈ ਫੁੱਟਬਾਲ ਦਾ।
ਜਾਣਦੇ ਹਾਂ ਕਿ ਆਸਟ੍ਰੇਲੀਅਨ ਲੋਕ ਬਾਕੀ ਸੰਸਾਰ ਵਾਂਗ ਇਸ ਖੇਡ ਨੂੰ ਫੁੱਟਬਾਲ ਦੀ ਥਾਂ ਤੇ ਸੋਕਰ ਕਿਉਂ ਕਹਿੰਦੇ ਹਨ?
ਇਸ ਦੇ ਨਾਮ ਤੋਂ ਲਗਦਾ ਹੈ ਕਿ ਇਸ ਦਾ ਮੂਲ ਅਮਰੀਕਾ ਹੋਵੇਗਾ, ਪਰ ਇਹ ਅਸਲ ਵਿੱਚ ਇਹ ਇੰਗਲੈਂਡ ਤੋਂ ਆਇਆ ਹੈ, ਜਿੱਥੋਂ ਇਸ ਖੇਡ ਦੀ ਸ਼ੁਰੂਆਤ ਵੀ ਹੋਈ ਸੀ।
ਕੁੱਝ ਸਮੇਂ ਤੱਕ ਅੰਗਰੇਜ਼ ਲੋਕ ਇਸ ਖੇਡ ਨੂੰ “ਐਸੋਸ਼ਿਏਸ਼ਨ ਫੁੱਟਬਾਲ” ਵੀ ਕਹਿੰਦੇ ਰਹੇ ਅਤੇ ਛੋਟੇ ਨਾਮ ਵਜੋਂ ਇਸ ਨੂੰ ਸੋਕਰ ਕਿਹਾ ਜਾਣ ਲੱਗਾ। ਪਰ ਸਮੇਂ ਦੇ ਨਾਲ ਬਰਿਟਿਸ਼ ਲੋਕਾਂ ਨੇ ਇਸ ਛੋਟੇ ਨਾਮ ਨੂੰ ਵਿਸਾਰ ਦਿੱਤਾ ਜਦਕਿ ਅਮਰੀਕੀ ਲੋਕਾਂ ਨੇ ਆਪਣੀ ਖੇਡ ਨੂੰ ਯੂਰੋਪਿਅਨ ਤਰਜ਼ ਦੀ ਖੇਡ ਨਾਲੋਂ ਅਲੱਗ ਕਰਨ ਵਾਸਤੇ ਇਸ ਨੂੰ ਜਿਆਦਾ ਸੋਕਰ ਕਹਿਣਾ ਹੀ ਸ਼ੁਰੂ ਕਰ ਦਿੱਤਾ।
ਵਿਲੱਖਣ ਗੱਲ ਇਹ ਹੈ ਕਿ ਆਸਟ੍ਰੇਲੀਆ ਵਿੱਚ ਸੋਕਰ ਜਾਂ ਫੁੱਟਬਾਲ ਨੂੰ ਯੂਰਪੀ ਦੇਸ਼ਾਂ ਵਾਂਗ ਵੱਡੇ ਪੱਧਰ ‘ਤੇ ਨਹੀਂ ਦੇਖਿਆ ਜਾਂਦਾ, ਪਰ ਫੇਰ ਵੀ ਆਸਟ੍ਰੇਲੀਆ ਦੇ ਬੱਚਿਆਂ ਅਤੇ ਬਾਲਗਾਂ ਦੀ ਇਹ ਪਸੰਦੀਦਾ ਖੇਡ ਹੈ।
ਇਸ ਖੇਡ ਦੀ ਰਾਸ਼ਟਰੀ ਸੰਸਥਾ, ‘ਆਸਟ੍ਰੇਲੀਅਨ ਫੁੱਟਬਾਲ ਐਸੋਸ਼ਿਏਸ਼ਨ (ਏ ਐਫ ਏ) ਹੈ ਜੋ ਪੁਰਸ਼ਾਂ ਅਤੇ ਔਰਤਾਂ ਦੀ ਲੀਗ ਨੂੰ ਨਿਯਮਤ ਕਰਦੀ ਹੈ।
ਆਸਟ੍ਰੇਲੀਆ ਦੀਆਂ ਰਾਸ਼ਟਰੀ ਟੀਮਾਂ ਜੋ ਵਿਸ਼ਵ ਅਤੇ ਏਸ਼ੀਅਨ ਕੱਪ ਵਿੱਚ ਭਾਗ ਲੈਂਦੀਆਂ ਹਨ, ਦੇ ਨਾਮ ਸੋਕਰੂਜ਼ ਪੁਰਸ਼ਾਂ ਲਈ ਅਤੇ ਮਟਿਲਡਾਸ ਔਰਤਾਂ ਦੀ ਟੀਮ ਲਈ ਹਨ। 2023 ਵਾਲੇ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟ੍ਰੇਲੀਆ ਕਰੇਗਾ।
ਸਾਨੂੰ ਆਸਟ੍ਰੇਲੀਆ ਵਿੱਚ ਟੈਨਿਸ ਦੀ ਚਮਕ ਦਮਕ ਨੂੰ ਵੀ ਨਹੀਂ ਭੁਲਣਾ ਚਾਹੀਦਾ ਕਿਉਂਕਿ ਇਹ ਹਰ ਸਾਲ ਵਿਸ਼ਵ ਦੇ ਚਾਰ ਸੱਭ ਤੋਂ ਵੱਕਾਰੀ ਟੈਨਿਸ ਟੂਰਨਾਮੈਂਟਾਂ ਵਿੱਚੋਂ ਇੱਕ ਦੀ ਮੇਜ਼ਬਾਨੀ ਕਰਦਾ ਹੈ।
ਮੈਲਬਰਨ, ਆਸਟ੍ਰੇਲੀਆ ਓਪਨ ਦਾ ਮੇਜ਼ਬਾਨ ਹੈ ਅਤੇ ਸਾਲ 1905 ਵਿੱਚ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕੀਤੀ ਗਈ ਸੀ।
ਆਂਕੜੇ ਦਰਸਾਉਂਦੇ ਹਨ ਕਿ 15 ਸਾਲਾਂ ਤੋਂ ਉੱਪਰ ਦੇ ਤਕਰੀਬਨ 1 ਮਿਲੀਅਨ ਲੋਕ ਟੈਨਿਸ ਖੇਡਦੇ ਹਨ। ਨੌਜਵਾਨਾਂ ਵਿੱਚ ਇਹ ਖੇਡ ਖਾਸ ਕਰਕੇ ਪ੍ਰਚੱਲਤ ਹੈ।
ਹੁਣ ਗੱਲ ਕਰ ਲੈਂਦੇ ਹਾਂ ਗੋਲਫ ਦੀ ਵੀ।
ਬੇਸ਼ਕ ਇਸ ਨੂੰ ਟੀਵੀ ਜਾਂ ਲਾਈਵ ਦੇਖਣ ਵਿੱਚ ਬਹੁਤਾ ਮਜ਼ਾ ਤਾਂ ਨਹੀਂ ਆਉਂਦਾ, ਪਰ ਆਸਟ੍ਰੇਲੀਅਨ ਲੋਕ ਇਸ ਨੂੰ ਖੇਡਣਾ ਬਹੁਤ ਪਸੰਦ ਕਰਦੇ ਹਨ।
ਤਕਰੀਬਨ 4 ਲੱਖ 60 ਹਜ਼ਾਰ ਆਸਟ੍ਰੇਲੀਅਨ ਗੋਲਫ ਕਲੱਬਾਂ ਨਾਲ ਜੁੜੇ ਹੋਏ ਹਨ, ਅਤੇ ਇੱਕ ਮਿਲੀਅਨ ਲੋਕ ਇਸ ਨੂੰ ਖੇਡਦੇ ਵੀ ਹਨ।
ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਵਧੀਆ ਗੋਲਫ ਕੋਰਸ ਬਣੇ ਹੋਏ ਹਨ। ਸਭ ਤੋਂ ਜਿਆਦਾ ਪ੍ਰਚਲਤ ਹੈ ਆਸਟ੍ਰੇਲੀਅਨ ਓਪਨ ਗੋਲਫ, ਜੋ ਕਿ ਹਰੇਕ ਸਾਲ ਦੇ ਅੰਤ ਵਿੱਚ ਕਰਵਾਇਆ ਜਾਂਦਾ ਹੈ।
ਥੋਰੋਬਰੈੱਡ ਹੋਰਸ ਰੇਸਿੰਗ ਆਸਟ੍ਰੇਲੀਆ ਦੀ ਇੱਕ ਮਹੱਤਵਪੂਰਨ ਅਤੇ ਮਸ਼ਹੂਰ ਖੇਡ ਹੈ। ਘੋੜ ਦੌੜ ਅਤੇ ਹੋਰ ਮੁਕਾਬਲਿਆਂ ਦੌਰਾਨ ਜੂਆ ਖੇਡਣਾ ਆਸਟ੍ਰੇਲੀਅਨ ਲੋਕਾਂ ਲਈ ਬਹੁਤ ਮਨੋਰੰਜਨ ਭਰਿਆ ਹੁੰਦਾ ਹੈ।
ਬਾਕੀ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਘੋੜ ਦੌੜ ਦੇ ਸੱਭ ਤੋਂ ਜਿਆਦਾ ਮੈਦਾਨ ਹਨ। ਅਸਲ ਘੋੜਿਆਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਸੰਯੁਕਤ ਰਾਜ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ। ਕਲੰਡਰ ਸਾਲ ਦੀ ਸੱਭ ਤੋਂ ਵੱਡੀ ਰੇਸ, ਮੈਲਬਰਨ ਕੱਪ ਹੈ।
ਦਰਸ਼ਕ ਇਸ ਖੇਡ ਦਾ ਅਨੰਦ ਭਾਂਤ ਭਾਂਤ ਦੇ ਕਪੜੇ ਅਤੇ ਸਿਰਾਂ ਤੇ ਨਿਵੇਕਲੀਆਂ ਟੋਪੀਆਂ ਪਾ ਕੇ ਲੈਂਦੇ ਹਨ।
ਆਸਟ੍ਰੇਲੀਆਈ ਖੇਡਾਂ, ਇੱਕਜੁੱਟਤਾ ਪ੍ਰਦਾਨ ਕਰਨ ਵਾਲੀਆਂ ਹੁੰਦੀਆਂ ਹਨ। ਸਾਡੇ ਸਭਿਆਚਾਰਕ ਪਿਛੋਕੜ ਅਤੇ ਜ਼ਿੰਦਗੀ ਵਿੱਚ ਦਿਲਚਸਪੀ ਵੱਖੋ ਵੱਖਰੀ ਹੋਣ ਦੇ ਬਾਵਜੂਦ, ਆਸਟ੍ਰੇਲੀਆ ਦੀਆਂ ਖੇਡਾਂ ਅਤੇ ਇਹਨਾਂ ਦੇ ਕਲੱਬ ਲੱਖਾਂ ਲੋਕਾਂ ਨੂੰ ਇੱਕ ਸਾਂਝੀ ਪਛਾਣ ਦਿੰਦੇ ਹਨ। ਅਤੇ ਇਸ ਨਾਲ ਜੁੜੀ ਟੀਮ ਭਾਵਨਾ ਦੁਆਰਾ ਆਸਟ੍ਰੇਲੀਆਈ ਲੋਕਾਂ ਨੂੰ ਖੇਡ ਪ੍ਰਤੀ ਜਨੂੰਨ ਪੈਦਾ ਹੁੰਦਾ ਹੈ।
ਆਸਟ੍ਰੇਲੀਆ ਐਕਸਪਲੇਂਡ ਲੜੀ ਦੇ ਇਸ ਖੇਡਾਂ ਵਾਲੇ ਭਾਗ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ, ਇਸ ਨੂੰ ਦੂਜਿਆਂ ਨਾਲ ਵੀ ਜਰੂਰ ਸਾਂਝਾ ਕਰਿਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।