ਡਾ ਹਰਸ਼ਰਨ ਸਿੰਘ ਗਰੇਵਾਲ ਜੋ ਕਿ 68 ਸਾਲਾ ਦੀ ਉਮਰ ਪਾਰ ਕਰ ਚੁੱਕੇ ਹਨ, ਰੋਜ਼ਾਨਾ ਸਵੇਰੇ 4 ਵਜੇ ਉੱਠ ਕੇ 10 ਤੋਂ 20 ਕਿਲੋਮੀਟਰ ਦੀ ਦੌੜ 'ਤੇ ਨਿੱਕਲ ਜਾਂਦੇ ਹਨ।
ਡਾ ਗਰੇਵਾਲ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਐਨ ਐਸ ਡਬਲਿਊ ਮਾਸਟਰਸ ਐਥਲੈਟਿਕ ਚੈਂਪਿਅਨਸ਼ਿੱਪ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਸਾਲ ਆਪਣੇ ਪਿਛਲੀਆਂ ਦੌੜਾਂ ਵਾਲੇ ਸਮੇਂ ਵਿੱਚ ਵੀ ਸੁਧਾਰ ਕੀਤਾ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਡਾ ਗਰੇਵਾਲ ਨੇ ਕਿਹਾ, “ਲੰਬੀਆਂ ਦੌੜਾਂ ਨੇ ਮੈਨੂੰ ਤੰਦਰੁਸਤ ਰੱਖਿਆ ਹੋਇਆ ਹੈ। ਇਹਨਾਂ ਦੌੜਾਂ ਨਾਲ ਮੇਰੀ ਸਿਹਤ ਅਤੇ ਖਾਸ ਕਰਕੇ ਮੇਰਾ ਬਲੱਡ ਪ੍ਰੈਸ਼ਰ ਪਹਿਲਾਂ ਨਾਲ਼ੋਂ ਕਾਫੀ ਬੇਹਤਰ ਹੋ ਗਿਆ ਹੈ। ਹੁਣ ਤਾਂ ਮੇਰੇ ਨਿਜੀ ਡਾਕਟਰ ਨੇ ਵੀ ਮੇਰੇ ਵਾਂਗ ਹੀ ਦੌੜ ਲਾਉਣੀ ਸ਼ੁਰੂ ਕਰ ਦਿੱਤੀ ਹੈ।"
ਡਾ ਗਰੇਵਾਲ ਮੰਨਦੇ ਹਨ ਕਿ ਲੰਬੀ ਦੌੜ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉੱਥੇ ਨਾਲ ਹੀ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਉਤਲਾ ਬੋਝ ਵੀ ਘੱਟ ਹੋ ਜਾਂਦਾ ਹੈ।
ਡਾ ਗਰੇਵਾਲ ਜੋ ਕਿ ਹਿੱਲਸ ਡਿਸਟਿਕ ਐਥਲੈਟਿਕਸ ਕਲੱਬ ਦੇ ਮੈਂਬਰ ਹਨ, ਨੇ ਹਾਲ ਹੀ ਵਿੱਚ ਹੋਈ ਐਨ ਐਸ ਡਬਲਿਊ ਮਾਸਟਰਸ ਐਥਲੈਟਿਕ ਚੈਂਪਿਅਨਸ਼ਿੱਪ ਵਿੱਚ ਭਾਗ ਲਿਆ ਸੀ ਜੋ ਕਿ ਸਿਡਨੀ ਦੇ ਕੈੰਬਲਟਾਊਨ ਇਲਾਕੇ ਵਿੱਚ 13 ਅਤੇ 14 ਫਰਵਰੀ ਨੂੰ ਆਯੋਜਿਤ ਕੀਤੀ ਗਈ ਸੀ।
ਡਾ ਗਰੇਵਾਲ ਨੇ ਕਿਹਾ, “ਮੈਂ ਪੰਜ ਦੌੜਾਂ ਵਿੱਚ ਭਾਗ ਲੈਂਦੇ ਹੋਏ ਤਿੰਨ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ”।
ਡਾ ਗਰੇਵਾਲ ਨੇ 400, 800, 1500, 5000 ਮੀਟਰ ਦੌੜਾਂ ਦੇ ਨਾਲ-ਨਾਲ 2000 ਮੀਟਰ ਵਾਲੀ ਸਟੀਪਲਚੇਜ਼ ਦੌੜ ਵਿੱਚ ਵੀ ਭਾਗ ਲਿਆ ਜਿਸ ਵਿੱਚ ਕਈ ਰੁਕਾਵਟਾਂ ਅਤੇ ਖੜੇ ਪਾਣੀ ਉੱਤੋਂ ਦੀ ਟੱਪਣਾ ਹੁੰਦਾ ਹੈ।
ਡਾ ਗਰੇਵਾਲ ਐਨ ਐਸ ਡਬਲਿਊ ਮਾਸਟਰਸ ਅਥਲੈਟਿਕ ਐਸੋਸ਼ਿਏਸ਼ਨ ਦੇ ਮੈਂਬਰ ਵੀ ਹਨ ਅਤੇ ਹੁਣ ਉਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਪੁੱਤਰ ਵੀ ਮਾਸਟਰਸ ਖੇਡਾਂ ਵਿੱਚ ਭਾਗ ਲੈ ਰਿਹਾ ਹੈ।
ਰਣਦੀਪ ਸਿੰਘ ਗਰੇਵਾਲ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਤੇਜ਼ ਗਤੀ ਦੀਆਂ ਛੋਟੀਆਂ ਦੌੜਾਂ ਵਿੱਚ ਹਿੱਸਾ ਲਿਆ ਅਤੇ ਦੋ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।