ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿੱਚ ਖੇਤੀ ਬੜੀ ਕਰ ਰਹੇ ਕਿਸਾਨਾਂ ਨੂੰ ਸਹੀ ਸਮੇਂ ਤੇ ਲੇਬਰ ਹਾਸਿਲ ਕਰਨ ਵਿੱਚ ਆਉਂਦੀ ਮੁਸ਼ਕਿਲ ਦੇ ਚਲਦਿਆਂ ਸਰਕਾਰ ਖੇਤੀ ਪੇਸ਼ੇ ਲਈ ਇੱਕ ਖਾਸ ਵੀਜ਼ਾ ਸ਼ੁਰੂ ਕਰ ਸਕਦੀ ਹੈ।
ਨਿਊ ਸਾਊਥ ਵੇਲਜ਼ ਦੇ ਗਿਰੀਫ਼ਿਥ ਵਿੱਚ ਸੰਤਰੇ ਦੀ ਖੇਤੀ ਕਰਨ ਵਾਲੇ ਜਸਵਿੰਦਰ ਸਿੰਘ ਮਾਵੀ ਦੱਸਦੇ ਹਨ ਕਿ ਕਈ ਵਾਰ ਸਮੇਂ ਸਰ ਲੇਬਰ ਨਾ ਮਿਲਣ ਤੇ ਉਹਨਾਂ ਦੀ ਫਸਲ ਬੂਟਿਆਂ ਨੂੰ ਲੱਗੀ ਹੀ ਖਰਾਬ ਹੋ ਜਾਂਦੀ ਹੈ।
"ਮਈ ਤੋਂ ਅਗਸਤ ਤੱਕ ਦਾ ਸਮਾਂ ਸਾਡੇ ਲਈ ਬੜਾ ਖਾਸ ਹੁੰਦਾ ਹੈ। ਤੇ ਜੇਕਰ ਇਸ ਸਮੇ ਲੇਬਰ ਨਾ ਮਿਲੇ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ।"
ਉਹ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਕੋਲ ਕੁੱਲ 300 ਏਕੜ ਦੇ ਛੇ ਫਾਰਮ ਹਨ। ਤੇ ਆਸਕਰ ਉਹ ਇੱਕ ਦੂਜੇ ਤੋਂ ਲੇਬਰ ਲੈ ਕੇ ਤੇ ਹੋਰ ਪਰਿਵਾਰਿਕ ਦੋਸਤਾਂ ਰਿਸ਼ਤੇਦਾਰਾਂ ਦੀ ਮਦਦ ਵੀ ਲੈਂਦੇ ਹਨ।ਹਾਲਾਂਕਿ ਮੌਜੂਦਾ ਸਮੇਂ ਵਿੱਚ ਕਈ ਸਾਰੇ ਵੀਜ਼ੇ ਹਨ ਜਿਹਨਾਂ ਜ਼ਰੀਏ ਖੇਤ ਕਾਮੇ ਆਸਟ੍ਰੇਲੀਆ ਵਿੱਚ ਆ ਕੇ ਕੰਮ ਕਰਦੇ ਹਨ। ਇਹਨਾਂ ਵਿੱਚ ਸੀਜ਼ਨਲ ਵਰਕਰ ਪ੍ਰੋਗਰਾਮ, ਵਰਕਿੰਗ ਹੌਲੀਡੇ ਮੇਕਰ ਵੀਜ਼ਾ, ਆਦਿ ਸ਼ਾਮਿਲ ਹਨ।
ਜਸਵਿੰਦਰ ਸਿੰਘ ਮਾਵੀ ਦੱਸਦੇ ਹਨ ਕਿ ਉਹਨਾਂ ਨੂੰ ਫਸਲ ਚੁਗਣ ਦੇ ਸਮੇਂ ਲੇਬਰ ਹਾਸਿਲ ਕਰਨ ਵਿੱਚ ਖਾਸੀ ਮੁਸ਼ਕਿਲ ਪੇਸ਼ ਆਉਂਦੀ ਹੈ। Source: Supplied
ਕੁਈਨਸਲੈਂਡ ਵਿੱਚ ਹੌਰਟੀਕਲਚਰ ਕਿਸਾਨਾਂ ਦੀ ਨੁਮਾਇੰਦਾ ਜੱਥੇਬੰਦੀ ਗਰੋਕਾਮ ਦੇ ਮੁਖੀ ਡੇਵਿਡ ਥੋਮਪਸੋਨ ਦੇ ਮੁਤਾਬਿਕ, ਮੌਜੂਦਾ ਵੀਜ਼ਾ ਨੀਤੀ ਢੁੱਕਵੀ ਨਹੀਂ ਹੈ ਅਤੇ ਕਈ ਕਾਮੇ ਆਸਟ੍ਰੇਲੀਆ ਆਉਣ ਮਗਰੋਂ ਗੈਰਕਾਨੂੰਨੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
ਉਹਨਾਂ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਸਰਕਾਰ 6-9 ਮਹੀਨੇ ਦੀ ਮਿਆਦ ਦਾ ਮਲਟੀਪਲ ਐਂਟਰੀ ਵੀਜ਼ਾ ਖਾਸ ਖੇਤ ਕਾਮਿਆਂ ਲਈ ਸ਼ੁਰੂ ਕਰੇ ਜਿਸ ਵਿੱਚ ਸਪੌਂਸਰਸ਼ਿਪ ਜਾਂ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਾ ਹੋਵੇ।ਕਿਸਾਨਾਂ ਦੀ ਇਸ ਮੰਗ ਦਾ ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਡੇਵਿਡ ਲਿੱਟਲਪ੍ਰਾਊਡ ਨੇ ਸਮਰਥਨ ਕੀਤਾ ਹੈ। ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਖੇਤੀਬਾੜੀ ਮੰਤਰੀ ਬਣਨ ਮਾਗੋਂ ਇਸ ਵੀਜ਼ੇ ਨੂੰ ਸ਼ੁਰੂ ਕਰਵਾਉਣਾ ਉਹਨਾਂ ਨੇ ਆਪਣੀ ਸਭ ਤੋਂ ਜ਼ਰੂਰੀ ਪਹਿਲ ਬਣਾਇਆ ਸੀ।
ਖੇਤੀਬਾੜੀ ਮੰਤਰੀ ਡੇਵਿਡ ਲਿੱਟਲਪ੍ਰਾਊਡ Source: AAP
"ਖੇਤੀਬਾੜੀ ਵਿੱਚ ਲੇਬਰ ਦੀ ਬੜੀ ਭਾਰੀ ਲੋੜ ਹੈ, ਖਾਸ ਕਰ ਫਸਲ ਚੁਗਣ ਵੇਲੇ ਅਤੇ ਇੱਕ ਖਾਸ ਕਿਰਸਾਨੀ ਵੀਜ਼ਾ ਇਸ ਮੁਸ਼ਕਿਲ ਨੂੰ ਹੱਲ ਕਰ ਸਕਦਾ ਹੈ," ਸ਼੍ਰੀ ਲਿੱਟਲਪ੍ਰਾਊਡ ਨੇ ਕਿਹਾ।
ਉਹਨਾਂ ਇਹ ਵੀ ਕਿਹਾ ਕਿ ਇਸ ਵੀਜ਼ੇ ਨਾਲ ਕਿਸਾਨਾਂ ਨੂੰ ਕਈ ਸਾਰੇ ਵੱਖਰੇ ਵੀਜ਼ਿਆਂ ਨਾਲ ਮੱਥਾ ਲਾਉਣ ਦੀ ਲੋੜ ਨਹੀਂ ਹੋਵੇਗੀ।
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਵੀ ਮੰਨਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਖੇਤਰ ਦੀਆਂ ਇਮੀਗ੍ਰੇਸ਼ਨ ਸਬੰਧੀ ਲੋੜਾਂ ਇੱਕ ਸਾਰ ਨਹੀਂ ਹਨ ਅਤੇ ਉਹਨਾਂ ਲਈ ਨਵੇਂ ਜ਼ਰੀਏ ਭਾਲਣ ਦੀ ਲੋੜ ਹੈ।
"ਖਾਸਕਰ, ਸਾਨੂ ਆਸਟ੍ਰੇਲੀਆ ਦੇ ਪੇਂਡੂ ਇਲਾਕਿਆਂ ਵਿੱਚ ਲੇਬਰ ਦੀ ਕਮੀ ਨੂੰ ਪੂਰਾ ਕਰਨ ਲਈ ਢੰਗ ਤਰੀਕਿਆਂ ਬਾਰੇ ਬਾਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ," ਸ਼੍ਰੀ ਕੋਲਮੈਂਨ ਨੇ ਕਿਹਾ।
ਬੀਤੇ ਹਫਤੇ , ਸ਼੍ਰੀ ਲਿੱਟਲਪ੍ਰਾਊਡ ਨੇ ਇਸ਼ਾਰਾ ਦਿੱਤਾ ਕਿ ਇਹ ਵੀਜ਼ਾ ਜਲਦੀ ਹੀ ਉਪ੍ਲੱਬਧ ਹੋ ਜਾਵੇਗਾ।