ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਸਮਾਂ-ਸੀਮਾ ਮਿੱਥਣ ਉੱਤੇ ਰਾਜਾਂ ਦੀ ਚੁੱਪ ਜਾਰੀ

ਆਸਟ੍ਰੇਲੀਅਨ ਸਰਕਾਰ ਵਲੋਂ ਯਾਤਰਾ ਪਾਬੰਦੀਆਂ ਲਗਾਉਣ ਦੇ ਲਗਭੱਗ ਇੱਕ ਸਾਲ ਬਾਅਦ ਵੀ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀ ਅਜੇ ਵੀ ਵਿਦੇਸ਼ਾਂ ਵਿੱਚ ਇੰਤਜ਼ਾਰ ਕਰ ਰਹੇ ਹਨ ਜਦਕਿ ਉਨ੍ਹਾਂ ਦੀ ਵਾਪਸੀ ਬਾਰੇ ਸਪਸ਼ਟਤਾ ਦੀ ਘਾਟ ਦੇ ਚਲਦਿਆਂ ਉਨ੍ਹਾਂ ਵਲੋਂ ਆਸਟ੍ਰੇਲੀਆ ਵਿੱਚ ਬੜੀ ਮਿਹਨਤ ਨਾਲ ਉਸਾਰੀ ਗਈ ਜ਼ਿੰਦਗੀ ਅਧੂਰਾ ਸੁਫ਼ਨਾ ਬਣ ਕੇ ਰਹਿ ਗਈ ਹੈ।

International students

When can international students return to Australia? Source: Getty Images/Busakorn Pongparnit

ਜਦੋਂ ਲਗਭੱਗ 12 ਮਹੀਨੇ ਪਹਿਲਾਂ ਯਾਤਰਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਉਦੋਂ ਤੋਂ ਸੰਘੀ ਅਤੇ ਰਾਜ ਸਰਕਾਰਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਕਈ ਯੋਜਨਾਵਾਂ ਅਤੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਪਰ ਵਿਦਿਆਰਥੀਆਂ ਦੀ ਵਾਪਸੀ ਦੀ ਸਮੱਸਿਆ ਦਾ ਅਜੇ ਵੀ ਕੋਈ ਢੁਕਵਾਂ ਹੱਲ ਨਹੀਂ ਨਿਕਲ ਸਕਿਆ।

ਆਸਟ੍ਰੇਲੀਆ ਦੇ ਤਕਰੀਬਨ ਸਾਰੇ ਰਾਜਾਂ ਨੇ ਬਾਹਰ ਫ਼ਸੇ ਲਗਭੱਗ 40,000 ਸਥਾਨਕ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਾਪਸੀ ਵਿੱਚ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਹੈ।

ਨੋਰਦਰਨ ਟੈਰੀਟੋਰੀ ਦੇਸ਼ ਦਾ ਪਹਿਲਾ ਅਤੇ ਇਕਮਾਤਰ ਅਧਿਕਾਰ ਖੇਤਰ ਹੈ ਜੋ ਕਿ ਪ੍ਰਸਤਾਵਿਤ ਪਾਇਲਟ ਪ੍ਰੋਗਰਾਮ ਅਧੀਨ ਨਵੰਬਰ 2020 ਵਿਚ 63 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਿਚ ਸਫ਼ਲ ਹੋਇਆ।

ਨਿਊ ਸਾਊਥ ਵੇਲਜ਼ ਦੇ ਨੌਕਰੀਆਂ, ਨਿਵੇਸ਼, ਸੈਰ-ਸਪਾਟਾ ਅਤੇ ਵੇਸਟਰਨ ਸਿਡਨੀ ਮੰਤਰੀ, ਸਟੂਅਰਟ ਆਇਰਸ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ 2021 ਵਿੱਚ ਵਾਪਸ ਲਿਆਉਣ ਦੇ ਸਪਸ਼ਟ ਉਦੇਸ਼ ਨਾਲ ਉਨ੍ਹਾਂ ਦਾ ਰਾਜ ਫ਼ੈਡਰਲ ਸਰਕਾਰ ਅਤੇ ਸਿੱਖਿਆ ਖੇਤਰ ਨਾਲ਼ ਕੰਮ ਕਰਨਾ ਜਾਰੀ ਰੱਖੇਗਾ।

ਜਿਥੇ ਦੱਖਣੀ ਆਸਟ੍ਰੇਲੀਆ ਸਰਕਾਰ ਐਡੀਲੇਡ ਦੀਆਂ ਤਿੰਨ ਸਰਕਾਰੀ ਯੂਨੀਵਰਸਿਟੀਆਂ ਵਿੱਚ 300 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਉੱਥੇ ਵਿਕਟੋਰੀਆ ਰਾਜ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਵੀ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ਼ ਵਾਪਸ ਲਿਆਉਣ ਲਈ ਆਸਟ੍ਰੇਲੀਅਨ ਸਰਕਾਰ ਨਾਲ਼ ਕੰਮ ਕਰ ਰਹੇ ਹਨ ਅਤੇ ਇਸ ਉਪਰਾਲੇ ਲਈ 33.4 ਮਿਲੀਅਨ ਡਾਲਰ ਵੀ ਰਾਖਵੇਂ ਰੱਖੇ ਗਏ ਹਨ ਪਰ ਹਲੇ ਕੋਈ ਨਿਸ਼ਚਿਤ ਸਮਾਂ-ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਹੈ।

ਤਾਜ਼ਾ ਅੰਕੜੇ ਦਰਸਾਉਂਦੇਂ ਹਨ ਕਿ 10 ਜਨਵਰੀ 2021 ਨੂੰ ਆਸਟ੍ਰੇਲੀਆ ਦੇ 542,106 ਵਿਦਿਆਰਥੀ ਵੀਜ਼ਾ ਧਾਰਕਾਂ ਵਿਚੋਂ 164,000 ਦੇਸ਼ ਤੋਂ ਬਾਹਰ ਗਏ ਹੋਏ ਸਨ ਜਿਨ੍ਹਾਂ ਵਿਚੋਂ ਤਕਰੀਬਨ 12,740 ਭਾਰਤੀ ਮੂਲ ਦੇ ਸਨ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 4 March 2021 11:16am
Updated 12 August 2022 3:11pm
By Avneet Arora, Ravdeep Singh


Share this with family and friends