ਪਿਛਲੇ ਕੁਛ ਸਮੇਂ ਤੋਂ ਵੀਜ਼ਾ ਪ੍ਰੋਸੈਸਿੰਗ ਵਿੱਚ ਲਗ ਰਹੇ ਸਮੇਂ ਅਤੇ ਕਾਮਿਆਂ ਦੀ ਘਾਟ ਉਤੇ ਆਸਟ੍ਰੇਲੀਅਨ ਕਾਰੋਬਾਰੀਆਂ ਵਲੋਂ ਲਗਾਤਾਰ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ।
ਕਾਰੋਬਾਰਾਂ ਦੇ ਹਲਾਤਾਂ ਵਿੱਚ ਸੁਧਾਰ ਕਰਣ ਦੀ ਉਮੀਦ ਨਾਲ਼ ਅਲਬਾਨੀਜ਼ ਸਰਕਾਰ ਨੇ ਆਸਟ੍ਰੇਲੀਆ ਵਿੱਚ ਪ੍ਰਵਾਸ ਵਧਾਉਣ ਦਾ ਫ਼ੈਸਲਾ ਪਹਿਲਾ ਹੀ ਕਰ ਲਿਆ ਸੀ ਪਰ ਪ੍ਰਵਾਸੀਆਂ ਅਤੇ ਸੰਭਾਵੀ ਪ੍ਰਵਾਸੀਆਂ ਦੀਆਂ ਉਮੀਦਾਂ ਇਸ ਹਫਤੇ ਦੇ ਬਜਟ ਤੇ ਟਿਕਿਆਂ ਹੋਇਆਂ ਹਨ।
ਸਤੰਬਰ ਵਿੱਚ ਹੋਏ 'ਨੌਕਰੀਆਂ ਅਤੇ ਹੁਨਰ ਸੰਮੇਲਨ' ਵਿੱਚ ਅਲਬਾਨੀਜ਼ ਸਰਕਾਰ ਨੇ ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਅਤੇ ਉਡੀਕ ਸਮੇਂ ਦੇ ਮਸਲੇ ਨੂੰ ਹੱਲ ਕਰਨ ਵਿੱਚ 500 ਵਾਧੂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਵਾਧੂ 36.1 ਮਿਲੀਅਨ ਡਾਲਰਾਂ ਦੀ ਘੋਸ਼ਣਾ ਕੀਤੀ ਸੀ।
ਸਰਕਾਰ ਨੇ ਪਹਿਲਾਂ ਹੀ 2022-23 ਵਿੱਚ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ 160,000 ਵੀਜ਼ਾ ਸਥਾਨਾਂ ਨੂੰ ਵਧਾ ਕੇ 195,000 ਕਰ ਦਿੱਤਾ ਹੈ। ਇਸ ਵਿੱਚ ਹੁਨਰਮੰਦ ਪ੍ਰਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਉਪਲਬਧ ਵੀਜ਼ੇ ਵੀ ਸ਼ਾਮਲ ਹਨ।
ਸਰਕਾਰ ਨੇ ਅਸਥਾਈ ਸਕਿਲਡ ਮਾਈਗ੍ਰੇਸ਼ਨ ਇਨਕਮ 'ਥ੍ਰੈਸ਼ਹੋਲਡ' ਜਿਸਨੂੰ 53,900 ਡਾਲਰ 'ਤੇ ਪੱਕਾ ਕੀਤਾ ਗਿਆ ਸੀ, ਨੂੰ ਵਧਾਉਣ ਦਾ ਵੀ ਸੰਕੇਤ ਦਿੱਤਾ ਹੈ।
14 ਅਕਤੂਬਰ ਨੂੰ ਇੱਕ ਬਿਆਨ ਵਿੱਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਈਲਸ ਨੇ ਕਿਹਾ ਸੀ ਕੇ ਵਿਭਾਗ ਨੇ ਹੁਣ ਤਕ 20 ਲੱਖ ਤੋਂ ਵੱਧ ਅਰਜ਼ੀਆਂ 'ਤੇ ਕਾਰਵਾਈ ਕੀਤੀ ਹੈ ਪਰ ਅਜੇ ਵੀ ਲਗਭਗ 872,000 ਅਰਜ਼ੀਆਂ ਦਾ ਬੈਕਲਾਗ ਹੈ।
ਲੇਬਰ ਨੇ ਚੋਣਾਂ ਦੌਰਾਨ ਅਸਥਾਈ ਸੁਰੱਖਿਆ ਵੀਜ਼ਿਆਂ ਨੂੰ ਖਤਮ ਕਰਨ ਅਤੇ ਉਨ੍ਹਾਂ ਨੂੰ ਸਥਾਈ ਵੀਜ਼ਿਆਂ ਵਿੱਚ ਤਬਦੀਲ ਕਰਨ ਦਾ ਵਾਅਦਾ ਵੀ ਕੀਤਾ ਸੀ ਜਿਸ ਅਧੀਨ ਅਫਗਾਨੀ ਸ਼ਰਨਾਰਥੀਆਂ ਲਈ ਅਗਲੇ ਚਾਰ ਸਾਲਾਂ ਵਿੱਚ ਵਾਧੂ 16,500 ਸਥਾਨ ਮੁਹੱਈਆ ਕਰਾਏ ਗਏ ਹਨ।
ਖਜ਼ਾਨਚੀ ਜਿਮ ਚੈਲਮਰਸ ਮੰਗਲਵਾਰ 25 ਅਕਤੂਬਰ ਨੂੰ 2022-23 ਅਕਤੂਬਰ ਦਾ ਬਜਟ ਪੇਸ਼ ਕਰਨਗੇ।