ਇਸ ਨਵੇਂ ਵਿਸ਼ਲੇਸ਼ਣ ਅਨੁਸਾਰ ਆਸਟ੍ਰੇਲੀਅਨ ਪਰਿਵਾਰ ਆਵਾਜਾਈ ਤੇ ਔਸਤਨ 59 ਡਾਲਰ ਰੋਜ਼ਾਨਾ ਖਰਚ ਕਰ ਰਹੇ ਹਨ।
ਆਸਟ੍ਰੇਲੀਅਨ ਆਟੋਮੋਬਾਈਲ ਐਸੋਸੀਏਸ਼ਨ (ਏ ਏ ਏ) ਦਾ ਨਵੀਨਤਮ ਟਰਾਂਸਪੋਰਟ ਸਮਰੱਥਾ ਸੂਚਕਾਂਕ ਦਰਸਾਉਂਦਾ ਹੈ ਕਿ ਕਾਰ ਲੋਨ, ਬੀਮਾ ਅਤੇ ਰੱਖ-ਰਖਾਅ, ਟਾਇਰਾਂ, ਜਨਤਕ ਟ੍ਰਾਂਸਪੋਰਟ ਅਤੇ ਹੋਰ ਆਵਾਜਾਈ ਸਬੰਧੀ ਖਰਚਿਆਂ ਵਿਚ ਅਧਿਕਾਰਿਤ ਮਹਿੰਗਾਈ ਦਰ ਨਾਲੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ਼ ਰਿਹਾ ਹੈ।
ਏ ਏ ਏ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮਾਰਚ ਤਿਮਾਹੀ ਵਿੱਚ ਟਰਾਂਸਪੋਰਟ ਸੰਬੰਧੀ ਕੀਮਤਾਂ ਵਿਚ ਲਗਭਗ 7.4 ਪ੍ਰਤੀਸ਼ਤ ਦਾ ਵਾਧਾ ਹੋਇਆ ਜਦਕਿ ਇਸੇ ਸਮੇਂ ਦੌਰਾਨ ਅਧਿਕਾਰਿਤ ਮਹਿੰਗਾਈ ਦਰ ਵਿਚ 1.4 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।
ਜੇ ਇਨ੍ਹਾਂ ਮੌਜੂਦਾ ਮਹਿੰਗਾਈ ਦਰਾਂ ਵਿਚ ਕੋਈ ਬਦਲਾਵ ਨਹੀਂ ਆਉਂਦਾ ਤਾਂ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨੂੰ ਔਸਤਨ 23,213 ਡਾਲਰ ਪ੍ਰਤੀ ਸਾਲ ਅਤੇ ਖੇਤਰੀ ਇਲਾਕਿਆਂ ਵਿੱਚ ਰਹਿਣ ਨੂੰ ਵਾਲਿਆਂ ਤਕਰੀਬਨ 19,510 ਡਾਲਰ ਪ੍ਰਤੀ ਸਾਲ ਆਵਾਜਾਈ ਤੇ ਖਰਚ ਕਰਨਾ ਪਵੇਗਾ।
'ਫਾਈਂਡਰ' ਸੰਸਥਾ ਵਿਖੇ ਵਿੱਤੀ ਯੋਜਨਾ ਮਾਹਿਰ, ਸਾਰਾਹ ਮੇਗਿਨਸਨ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਸਾਨੂੰ ਆਵਾਜਾਈ ਲਈ ਸਾਈਕਲ ਜਾਂ ਮੋਟਰਬਾਈਕ ਵਰਗੇ ਹੋਰ ਵਿਕਲਪਾਂ 'ਤੇ ਵਿਚਾਰ ਕਰਨਾ ਚਾਹੀਦਾ ਹੈ।