ਆਪਣੇ ਸਮਾਨ ਵਿੱਚ ਛੇ ਕਿੱਲੋ ਮੀਟ ਲੈ ਕੇ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਤਕਰੀਬਣ 2,700 ਡਾਲਰਾਂ ਦਾ ਜੁਰਮਾਨਾ ਵੀ ਕੀਤਾ ਗਿਆ ਹੈ।
ਪਿਛਲੇ ਹਫਤੇ ਪਰਥ ਦੇ ਹਵਾਈ ਅੱਡੇ 'ਤੇ ਆਸਟ੍ਰੇਲੀਆ ਦੇ ਬਾਇਓਸਕਿਊਰਿਟੀ ਅਫਸਰਾਂ ਦੁਆਰਾ ਕੀਤੇ ਗਏ ਨਿਰੀਖਣ ਦੌਰਾਨ ਇਸ ਵਿਅਕਤੀ ਦੇ ਬੈਗ ਵਿੱਚੋਂ ਲਗਭਗ 3.1 ਕਿੱਲੋ ਬਤਖ਼ ਦਾ ਮੀਟ, 1.4 ਕਿੱਲੋ ਬੀਫ 'ਰੇਂਡਾਂਗ', 500 ਗ੍ਰਾਮ ਤੋਂ ਵੱਧ ਫਰੋਜ਼ਨ ਬੀਫ ਅਤੇ ਲਗਭਗ 900 ਗ੍ਰਾਮ ਚਿਕਨ ਪਾਇਆ ਗਿਆ ਸੀ।
ਉਸ ਵਿਅਕਤੀ ਨੇ ਆਪਣੇ ਆਸਟ੍ਰੇਲੀਆ ਆਉਣ ਵਾਲੇ ਯਾਤਰੀ ਕਾਰਡ 'ਤੇ ਝੂਠਾ ਖੁਲਾਸਾ ਕੀਤਾ ਸੀ ਕਿ ਉਸ ਕੋਲ ਕੋਈ ਵੀ ਮੀਟ, ਪੋਲਟਰੀ ਜਾਂ ਹੋਰ ਕਿਸੇ ਕਿਸਮ ਦਾ ਭੋਜਨ ਨਹੀਂ ਸੀ।
ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਇਸ ਦਾ ਪਤਾ ਲਗਣ ਤੋਂ ਬਾਅਦ ਇਸ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਹੈ।
ਪਿਛਲੇ ਮਹੀਨੇ ਫੈਡਰਲ ਸਰਕਾਰ ਨੇ 'ਫੁਟ ਐਂਡ ਮਾਉਥ' ਬਿਮਾਰੀ ਨਾਲ ਨਜਿੱਠਣ ਲਈ ਆਸਟ੍ਰੇਲੀਆ ਵਿੱਚ ਮੀਟ ਲਿਆਉਣ 'ਤੇ ਸਖ਼ਤ ਪਾਬੰਦੀ ਲਗਾਈ ਸੀ ਅਤੇ ਸਖ਼ਤ ਜ਼ੁਰਮਾਨੇ ਲਾਗੂ ਕੀਤੇ ਸਨ।