ਪਿਛਲੇ ਲੰਮੇ ਸਮੇਂ ਤੋਂ ਖੇਤੀਬਾੜੀ ਖੇਤਰ ਵਿੱਚ ਕੰਮ ਲਈ ਇੱਕ ਖਾਸ ਵੀਜ਼ੇ ਦੀ ਕਿਸਾਨਾਂ ਦੀ ਮੰਗ ਦੇ ਚਲਦਿਆਂ ਆਸਟ੍ਰੇਲੀਆ ਦੀ ਸਰਕਾਰ ਹੁਣ ਵਰਕ ਐਂਡ ਹੌਲੀਡੇ ਵੀਜ਼ਾ ਪ੍ਰੋਗਰਾਮ ਵਿੱਚ ਭਾਰਤ ਨੂੰ ਸ਼ਾਮਿਲ ਕਰ ਸਕਦੀ ਹੈ।
ਏ ਬੀ ਸੀ ਦੀ ਖਬਰ ਮੁਤਾਬਿਕ, ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਸਮੇਤ ਕੁੱਲ 13 ਹੋਰ ਦੇਸ਼ਾਂ ਨੂੰ ਇਸ ਵੀਜ਼ੇ ਲਈ ਯੋਗ ਮੁਲਕਾਂ ਦੀ ਲਿਸਟ ਵਿੱਚ ਜੋੜਿਆ ਜਾਵੇਗਾ।
ਆਸਟ੍ਰੇਲੀਆ ਦੇ ਕਿਸਾਨ ਖੇਤੀਬਾੜੀ ਲਈ ਲੇਬਰ ਦੀ ਘਾਟ ਪੂਰੀ ਕਰਨ ਲਗਾਤਾਰ ਸਰਕਾਰ ਤੋਂ ਖਾਸ ਵੀਜ਼ੇ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ ਸਰਕਾਰ ਵੱਲੋਂ ਹੁੰਗਾਰਾ ਮਿਲਣ ਦੇ ਬਾਵਜੂਦ ਇਹ ਖਾਸ ਵੀਜ਼ਾ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਘੱਟ ਹੀ ਹੈ। ਪਰੰਤੂ ਭਾਰਤ ਅਤੇ ਬ੍ਰਾਜ਼ੀਲ ਜਿਹੇ ਮੁਲਕਾਂ ਨੂੰ ਵਰਕ ਹੌਲੀਡੇ ਵੀਜ਼ੇ ਵਿੱਚ ਸ਼ਾਮਿਲ ਕਰਕੇ ਸਰਕਾਰ ਲੇਬਰ ਦੀ ਸਮੱਸਿਆ ਹੱਲ ਕਰਣ ਦੀ ਉਮੀਦ ਰੱਖਦੀ ਹੈ।
ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮਨ ਨੇ ਕਿਹਾ ਕਿ ਇਸ ਵੀਜ਼ੇ ਲਈ ਬਿਨੈਕਾਰਾਂ ਵੱਲੋ ਲੋੜੀਂਦੀ ਯੋਗਤਾ, ਜਿਸਦੇ ਵਿੱਚ ਕੰਮ-ਕਾਜ ਲਾਇਕ ਅੰਗ੍ਰੇਜ਼ੀ ਅਤੇ ਵਿੱਦਿਅਕ ਯੋਗਤਾ ਪੂਰੀ ਕਰਨੀ ਪਵੇਗੀ।
ਪਰ ਆਸਟ੍ਰੇਲੀਆ ਵਿੱਚ ਪੰਜਾਬੀ ਕਿਸਾਨ ਇਸ ਖਬਰ ਤੋਂ ਖੁਸ਼ ਹਨ।
ਨਿਊ ਸਾਊਥ ਵੇਲਜ਼ ਵਿੱਚ ਬਲੂਬਰੀ ਦੀ ਖੇਤੀ ਕਰਦੇ ਅਮਨਦੀਪ ਸਿੱਧੂ ਮੁਤਾਬਿਕ, ਮੌਜੂਦਾ ਸਮੇਂ ਵਿੱਚ ਉਹਨਾਂ ਨੂੰ ਲੇਬਰ ਲਈ ਯੂਰੋਪ ਤੋਂ ਆਏ ਬੈਕਪੇਕਰਾਂ ਤੇ ਨਿਰਭਰ ਹੋਣਾ ਪੈਦਾ ਹੈ।
"ਪਰੰਤੂ ਉਹ ਆਸਟ੍ਰੇਲੀਆ ਦੇਖਣ ਆਏ ਹੁੰਦੇ ਹਨ ਅਤੇ ਇੱਕ- ਡੇਢ ਮਹੀਨੇ ਮਗਰੋਂ ਹੀ ਕੰਮ ਛੱਡ ਜਾਂਦੇ ਹਨ। ਤੇ ਸਾਨੂੰ ਇੱਕ ਕਾਮੇ ਨੂੰ ਤਿਨ ਹਫਤੇ ਤਾਂ ਸਿਖਲਾਈ ਹੀ ਦੇਣੀ ਪੈਂਦੀ ਹੈ ਤੇ ਜੇ ਉਹ ਇੱਕ ਸੀਜ਼ਨ ਵੀ ਕੰਮ ਨਾ ਕਰਨ ਤਾਂ ਇਹ ਕਾਰੋਬਾਰ ਲਈ ਘਾਟੇ ਦਾ ਸੌਦਾ ਸਾਬਿਤ ਹੁੰਦਾ ਹੈ," ਉਹਨਾਂ ਦੱਸਿਆ।
ਉਹਨਾਂ ਕਿਹਾ ਕਿ ਭਾਰਤ, ਬ੍ਰਾਜ਼ੀਲ ਅਤੇ ਮੈਕਸੀਕੋ ਜਿਹੇ ਮੁਲਕਾਂ, ਜੋ ਕਿ ਵੱਡੇ ਪੱਧਰ 'ਤੇ ਖੇਤੀਬਾੜੀ ਕਰਦੇ ਹਨ, ਤੋਂ ਆਏ ਕਾਮੇ ਆਸਟ੍ਰੇਲੀਆ ਕਿ ਕਿਰਸਾਨੀ ਲਈ ਲਾਹੇਵੰਦ ਹੋ ਸਕਦੇ ਹਨ।
"ਯੂਰੋਪ ਤੋਂ ਆਏ ਕਾਮੇ ਜ਼ਿਆਦਾਤਰ ਘੁਮਣ-ਫਿਰਨ ਲਈ ਆਉਂਦੇ ਹਨ ਅਤੇ ਕੈਫੇ ਆਦਿ ਤੇ ਕੰਮ ਕਰਕੇ ਜ਼ਿਆਦਾ ਖੁਸ਼ ਹੁੰਦੇ ਹਨ। ਜਦਕਿ ਭਾਰਤ ਜਿਹੇ ਵਿਕਾਸ਼ੀਲ ਦੇਸ਼ਾਂ ਜਿੱਥੇ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ, ਅਜਿਹੇ ਕਾਮਿਆਂ ਦੀ ਬਹੁਤਾਤ ਹੈ ਜੋ ਕਿ ਫਾਰਮਾਂ ਤੇ ਮੇਹਨਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।"
ਵਿਕਟੋਰੀਆ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਚਰਨਾਮਤ ਸਿੰਘ ਮੰਨਦੇ ਹਨ ਕਿ ਅੰਗ੍ਰਜ਼ੀ ਦੇ ਗਿਆਨ ਨੂੰ ਇਸ ਵੀਜ਼ੇ ਲਈ ਬਹੁਤੀ ਤਰਜੀਹ ਨਹੀਂ ਦੇਣੀ ਚਾਹੀਦੀ।
"ਚਲਦੇ ਸੀਜ਼ਨ ਦੌਰਾਨ ਅਸੀਂ 50 ਤੋਂ ਲੈ ਕੇ 100 ਵਰਕਰ ਵੀ ਕੰਮ ਤੇ ਰੱਖਦੇ ਹਾਂ ਅਤੇ ਅਸੀਂ ਉਹਨਾਂ ਦੀ ਅੰਗ੍ਰਜ਼ੀ ਕਰਕੇ ਨਹੀਂ ਉਹਨਾਂ ਨੂੰ ਕੰਮ ਨਹੀਂ ਦਿੰਦੇ ਬਲਕਿ ਕੰਮ ਦੀ ਸਮਰਥਾ ਅਤੇ ਲੋੜੀਂਦੀ ਕੁਸ਼ਲਤਾ ਹਾਸਿਲ ਕਰਨ ਦੀ ਸਮਰਥਾ ਦੇਖਦੇ ਹਾਂ।"
"ਜੇਕਰ ਭਾਰਤ ਜਿਹੇ ਮੁਲਕਾਂ ਤੋਂ ਸਹੀ ਕਾਮੇ ਇਥੇ ਆਉਣ ਤਾਂ ਇਹ ਸਾਡੇ ਅਤੇ ਉਹਨਾਂ ਮੁਲਕਾਂ ਦੋਹਾਂ ਲਈ ਲਾਹੇਵੰਦ ਹੋਵੇਗਾ ਕਿਉਂਕਿ ਉਹ ਆਸਟ੍ਰੇਲੀਆ ਤੋਂ ਖੇਤੀ ਦੀ ਨਵੀਂ ਤਕਨੀਕ ਸਿੱਖ ਕੇ ਵਾਪਿਸ ਜਾਕੇ ਇਸਤੇਮਾਲ ਕਰ ਸਕਣਗੇ। "
ਆਸਟ੍ਰੇਲੀਆ ਸਰਕਾਰ ਦੇ ਪ੍ਰਸਤਾਵ ਮੁਤਾਬਕ ਭਾਰਤ, ਬ੍ਰਾਜ਼ੀਲ, ਮੈਕਸੀਕੋ, ਫਿਲੀਪੀਨ, ਸਵਿਟਜ਼ਰਲੈੰਡ, ਫਿਜੀ, ਸੋਲੋਮਨ ਆਈਲੈਂਡ, ਕ੍ਰੋਏਸ਼ਿਆ, ਲਾਤਵੀਆ, ਲਿਥੂਏਨਿਆ, ਮੋਨੈਕੋ ਅਤੇ ਮੰਗੋਲੀਆ ਨੂੰ ਓਹਨਾ 25 ਮੁਲਕਾਂ ਦੀ ਲਿਸਟ ਵਿੱਚ ਸ਼ਾਮਿਲ ਕੀਤਾ ਜਾਣਾ ਹੈ ਜੋ ਕਿ ਵਰਕ ਐਂਡ ਹੌਲੀਡੇ ਵੀਜ਼ੇ ਲਈ ਯੋਗ ਹਨ।
ਇਸ ਵੀਜ਼ੇ ਤੇ ਆ ਕੇ 18 ਤੋਂ 30 ਸਾਲ ਦੇ ਵਿਦੇਸ਼ੀ ਕਾਮੇ ਆਸਟ੍ਰੇਲੀਆ ਵਿੱਚ ਇੱਕ ਸਾਲ ਤੱਕ ਰਹਿ ਅਤੇ ਕੰਮ ਕਰ ਸਕਦੇ ਹਨ।