ਆਸਟ੍ਰੇਲੀਆ ਛੱਡਕੇ ਜਾਣ ਵਾਲਿਆਂ ਵਿੱਚ ਰਿਕਾਰਡ ਵਾਧਾ

ਆਸਟ੍ਰੇਲੀਆ ਨੂੰ ਛੱਡਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ - ਇਸ ਗੱਲ ਦਾ ਇੰਕਸ਼ਾਫ ਏ ਬੀ ਐਸ ਦੇ ਹਾਲ ਹੀ ਵਿਚ ਪੇਸ਼ ਕੀਤੇ ਅੰਕੜਿਆਂ ਵਿੱਚ ਕੀਤਾ ਗਿਆ ਹੈ।

Airport departure

Source: Pixabay

ਸਾਲ 2017 ਦੇ ਆਖਰੀ ਤਿੰਨ ਮਹੀਨਿਆਂ ਵਿੱਚ 85,000 ਲੋਕ ਆਸਟ੍ਰੇਲੀਆ ਛੱਡਕੇ ਚਲੇ ਗਏ ਹਨ ਅਤੇ ਇਹ ਗਿਣਤੀ 2016 ਦੇ ਉਸੇ ਸਮੇ ਨਾਲੋਂ 9000 ਵੱਧ ਹੈ। 

ਮਾਹਿਰਾਂ ਮੁਤਾਬਿਕ ਇਸ ਤਬਦੀਲੀ ਪਿੱਛੇ ਕਈ ਕਾਰਣ ਹੋ ਸਕਦੇ ਹਨ ਜਿਸ ਵਿੱਚ ਅੰਤਰਾਸ਼ਟਰੀ ਵਿਦਿਆਰਥੀਆਂ ਦਾ ਵਾਪਿਸ ਮੁੜਨਾ ਅਤੇ ਵੀਜ਼ਾ ਨੀਤੀਆਂ ਵਿਚ ਤਬਦੀਲੀ ਵੀ ਸ਼ਾਮਿਲ ਹੈ।

ਏ ਬੀ ਐਸ ਉਹਨਾਂ ਲੋਕਾਂ ਦੇ ਅੰਕੜੇ ਇਕੱਠੇ ਕਰਦਾ ਹੈ ਜੋ ਪਿਛਲੇ ਸੋਲਾਂ ਮਹੀਨਿਆਂ ਵਿਚੋਂ ਬਾਰਾਂ ਮਹੀਨੇ ਆਸਟ੍ਰੇਲੀਆ ਦੇ ਵਸਨੀਕ ਰਹੇ ਹੋਣ।

ਏ ਬੀ ਐਸ ਡੇਮੋਗ੍ਰਾਫੀ ਦੇ ਡਾਇਰੈਕਟਰ ਐਂਥੋਨੀ ਗਰੱਬ ਨੇ ਏ ਬੀ ਸੀ ਨੂੰ ਦੱਸਿਆ ਕਿ ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਗਿਣਤੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਵਾਪਿਸ ਮੁੜਨਾ ਅੰਕੜੇ ਪ੍ਰਭਾਵਿਤ ਕਰ ਸਕਦਾ ਹੈ।
24-ਸਾਲਾ ਮਨਦੀਪ ਸਿੰਘ, ਮੈਲਬੌਰਨ ਦੇ ਕਲੇਟਨ ਇਲਾਕੇ ਦਾ ਰਹਿਣ ਵਾਲਾ ਇੱਕ ਅੰਤਰਾਸ਼ਟਰੀ ਵਿਦਿਆਰਥੀ ਹੈ ਜਿਸਨੇ ਤਿੰਨ ਸਾਲ ਹੋਸਪੀਟਾਲਿਟੀ ਮੈਨਜਮੈਂਟ ਦੀ ਪੜ੍ਹਾਈ ਕੀਤੀ। ਪਿਛਲੇ ਹਫਤੇ ਉਸਨੂੰ ਆਪਣੇ ਵਤਨ ਭਾਰਤ ਵਾਪਿਸ ਮੁੜਨਾ ਪਿਆ ਹੈ - ਕਾਰਣ ਕੰਮ ਤੇ ਪੀ ਆਰ ਦਾ ਨਾ ਮਿਲਣਾ।

"ਮੈ ਬਹੁਤ ਆਸਾਂ ਲੈਕੇ ਆਸਟ੍ਰੇਲੀਆ ਆਇਆ ਸੀ। ਤਿੰਨ ਸਾਲ ਪੜ੍ਹਾਈ ਕੀਤੀ ਪਰ ਪੀ ਆਰ ਦਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਅਤੇ ਕੰਮ ਵੱਲੋਂ ਵੀ ਆਮਦਨ ਕੋਈ ਬਹੁਤੀ ਨਹੀਂ। ਬੜੇ ਭਰੇ ਮਨ ਨਾਲ ਪਿੰਡ ਵਾਪਿਸ ਜਾ ਰਿਹਾ ਹਾਂ, ਉਥੇ ਜਾਕੇ ਬਾਪੂ ਦੀ ਖੇਤੀਬਾੜੀ ਵਿੱਚ ਮਦਦ ਕਰਾਂਗਾ," ਉਸਨੇ ਦੱਸਿਆ।

ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਛੱਡਕੇ ਜਾਣ ਵਾਲਿਆਂ ਵਿਚੋਂ ਇੱਕ-ਤਿਹਾਈ ਲੋਕ ਦੂਜੇ ਮੁਲਕਾਂ ਵਿੱਚ ਵਸੇਵੇਂ ਲਈ ਗਏ ਹਨ ਜਦਕਿ ਅੱਧ ਤੋਂ ਵੀ ਜਿਆਦਾ ਅੰਤਰਾਸ਼ਟਰੀ ਵਿਦਿਆਰਥੀ, ਬੈਕਪੈਕਰ ਅਤੇ 457 ਵੀਜ਼ਾ ਵਾਲੇ ਹਨ।
ਮੈਲਬੌਰਨ ਦੇ ਮਾਈਗ੍ਰੇਸ਼ਨ ਮਾਹਿਰ ਰਣਬੀਰ ਸਿੰਘ ਦਾ ਆਖਣਾ ਹੈ ਕਿ ਇਹ ਅੰਕੜੇ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਹ ਹਾਲਾਤ ਪਿਛਲੇ ਕੁਝ ਕੁ ਸਾਲਾਂ ਤੋਂ ਨਿਰੰਤਰ ਬਣਦੇ ਜਾ ਰਹੇ ਹਨ।

"ਨਵੇਂ ਪ੍ਰਵਾਸੀਆਂ ਲਈ ਆਸਟ੍ਰੇਲੀਆ ਵਿੱਚ ਪੱਕੇ ਪੈਰੀਂ ਸਥਾਪਿਤ ਹੋਣਾ ਮੁਸ਼ਕਿਲ ਭਰਿਆ ਹੋ ਸਕਦਾ ਹੈ - ਅੰਤਰਾਸ਼ਟਰੀ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਚਲਦਿਆਂ ਸਰਕਾਰ ਨੂੰ ਪੀ ਆਰ ਲਈ ਰਾਖਵੀਆਂ ਸੀਟਾਂ ਵਧਾਉਣੀਆਂ ਚਾਹੀਦੀਆਂ ਹਨ ਜਦਕਿ ਸਰਕਾਰ ਇਸਨੂੰ ਘਟਾਉਣ ਵਿੱਚ ਲੱਗੀ ਹੋਈ ਹੈ।"

"ਇਸਤੋਂ ਇਲਾਵਾ 457 ਅਤੇ ਐਮਪਲੋਏਰ ਨੋਮੀਨੇਟਡ ਵੀਜ਼ਾ ਵਿੱਚ ਕਟੌਤੀ ਅਤੇ ਸਕਿਲਡ ਮਾਈਗ੍ਰੇਸ਼ਨ ਲਈ ਐਸ ਓ ਐਲ ਲਿਸਟ ਵਿੱਚ ਕਾਂਟ-ਛਾਂਟ ਨਵੇਂ ਬਿਨੈਕਾਰਾਂ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ।"

ਉਪਰੋਕਤ ਅੰਕੜੇ ਭਾਵੇਂ ਦੇਖਣ ਵਿੱਚ ਜਿਆਦਾ ਲੱਗਦੇ ਹੋਣ ਪਰ ਚਾਲੂ ਵਰ੍ਹੇ ਦੌਰਾਨ ਵਾਪਿਸ ਜਾਣ ਵਾਲਿਆਂ ਨਾਲੋਂ ਦੋ ਲੱਖ ਚਾਲੀ ਹਜ਼ਾਰ ਵੱਧ ਲੋਕ ਆਸਟ੍ਰੇਲੀਆ ਆਏ ਹਨ।

ਪਰ ਨਾਲ ਇਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਸਰਕਾਰ 2017-18 ਸਾਲ ਦੇ ਪੱਕੇ ਪਰਵਾਸ ਲਈ 20,000 ਸੀਟਾਂ ਘਟਾ ਰਹੀ ਹੈ।

Share
Published 22 June 2018 12:11pm
Updated 25 June 2018 4:44pm
By Preetinder Grewal

Share this with family and friends