ਦੱਖਣੀ ਆਸਟ੍ਰੇਲੀਆ ਨੇ ਫਰਵਰੀ ੨੦੧੬ ਵਿੱਚ ਸਟੇਟ ਨੌਮੀਨੇਸ਼ਨ ਸਕੀਮ ਤਹਿਤ ਪੱਕੇ ਵਸਨੀਕ ਬਣਨ ਦੇ ਚਾਹਵਾਨ ਲੋਕਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਤੇ ਕੰਮਕਾਰ ਦੇ ਤਜ਼ੁਰਬੇ ਨਾਲ ਸਬੰਧਿਤ ਤਬਦੀਲੀ ਲਿਆਉਣ ਪਿੱਛੋਂ ਹੁਣ ਇੱਕ ਨਵਾਂ ਐਲਾਨ ਕੀਤਾ ਹੈ।
ਮੰਗਲਵਾਰ ਨੂੰ ਇੱਮੀਗਰੇਸ਼ਨ ਦੱਖਣੀ ਆਸਟ੍ਰੇਲੀਆ ਦੀ ਵੈਬਸਾਈਟ ਤੇ ਸੂਚਨਾ ਦਿੱਤੀ ਗਈ ਹੈ ਕਿ ਹੁਣ ਉੱਚ-ਵਿਦਿਆ ਪ੍ਰਾਪਤ ਬਿਨੈਕਾਰਾਂ ਨੂੰ ਆਪਣੀ ਅਰਜ਼ੀ ਦੇਣ ਸਮੇਂ ਘੱਟੋ-ਘੱਟ ਤਿੰਨ ਮਹੀਨੇ ਉਸੇ ਖੇਤਰ ਦਾ ਕੰਮ ਦਾ ਤਜ਼ੁਰਬਾ ਹੋਣਾ ਵੀ ਜਰੂਰੀ ਹੈ।
ਇੱਮੀਗਰੇਸ਼ਨ ਐਸ ਏ ਅਨੁਸਾਰ ਪਹਿਲਾਂ ਇਸ ਤੋਂ ਛੋਟ ਪ੍ਰਾਪਤ ਸੀ ਪਰ ਹੁਣ ਇਹ ਜਾਨਣਾ ਜਰੂਰੀ ਹੋ ਗਿਆ ਹੈ ਕਿ ਇਹ ਬਿਨੇਕਾਰ ਅਰਜ਼ੀ ਦਾਖਿਲ ਕਰਨ ਵੇਲੇ ਵੀ ਇਸ ਖੇਤਰ ਵਿੱਚ ਕੰਮ ਕਰਦੇ ਹੋਣ।
"ਇਸ ਤਰਾਹ ਕਰਨ ਨਾਲ ਕੁਝ ਖਾਸ ਖੇਤਰਾਂ ਵਿੱਚ ਕੰਮ ਦੀ ਮੁਹਾਰਤ ਰੱਖਣ ਵਾਲੇ ਕਾਮਿਆਂ ਦਾ ਖੱਪਾ ਪੂਰਾ ਕੀਤਾ ਜਾ ਸਕੇਗਾ।"
ਬਦਲਾਅ ਉਹਨਾਂ ਬਿਨੈਕਾਰਾਂ ਤੇ ਲਾਗੂ ਹੋਣਗੇ ਜੋ ਆਪਣੀਆਂ ਅਰਜ਼ੀਆਂ ੨੮ ਮਈ ੨੦੧੮ ਤੋਂ ਬਾਅਦ ਜਮਾਂ ਕਰਾਉਣਗੇ।
ਇੱਮੀਗਰੇਸ਼ਨ ਐਸ ਏ ਨੇ ਇੱਹ ਵੀ ਦੱਸਿਆ ਹੈ ਕਿ ੧ ਜੁਲਾਈ ੨੦੧੮ ਤੋਂ 'ਚੇਨ ਮਾਈਗ੍ਰੇਸ਼ਨ ਪਾਥਵੇ' ਹੁਣ ਸਿਰਫ ੪੮੯ ਵੀਜ਼ਾ ਨੀਤੀ ਤਹਿਤ ਦਿੱਤੇ ਜਾਂਦੇ ਸਕਿਲਡ ਰੀਜਨਲ ਵੀਜ਼ਾ ਲਈ ਹੀ ਉਪਲਬੱਧ ਹੋਵੇਗਾ।
ਵੈਬਸਾਈਟ ਤੇ ਦਿੱਤੀ ਗਈ ਸੂਚਨਾ ਅਨੁਸਾਰ ਆਪਣੇ ਰਿਸ਼ਤੇਦਾਰ-ਭੈਣ-ਭਾਈਆਂ ਨੂੰ ਪੱਕੇ ਤੌਰ ਤੇ ਵਸਾਉਣ ਵਿੱਚ ਮੱਦਦ ਕਰਨ ਵਾਲੀ ਇਹ ਸਹੂਲਤ ਸਿਰਫ ਦੱਖਣੀ ਆਸਟ੍ਰੇਲੀਆ ਲਈ ਹੀ ਲਾਗੂ ਹੋਵੇਗੀ ਨਾਕਿ ਕਿਸੇ ਹੋਰ ਸੂਬੇ ਲਈ।
ਤਬਦੀਲੀ ਤਹਿਤ ਬਿਨੇਕਾਰ ਲਈ ਇਹ ਜਾਣ ਲੈਣਾ ਵੀ ਜਰੂਰੀ ਹੈ ਕਿ ਸਬੰਧਿਤ ਪਰਿਵਾਰਿਕ ਮੈਂਬਰ ਹੁਣ ੧੨ ਮਹੀਨੇ ਦੀ ਬਜਾਏ ੨੪ ਮਹੀਨੇ ਦੱਖਣੀ ਆਸਟ੍ਰੇਲੀਆ ਦਾ ਵਸਨੀਕ ਹੋਣਾ ਚਾਹੀਦਾ ਹੈ।
ਚੇਨ ਮਾਈਗ੍ਰੇਸ਼ਨ ਲਈ ਪਹਿਲਾਂ ਤੋਂ ਹੀ ਰਿਹਾਇਸ਼ ਰੱਖਦੇ ਪਰਿਵਾਰਕ ਮੈਂਬਰ ਦਾ ਦੱਖਣੀ ਆਸਟ੍ਰੇਲੀਆ ਦਾ ਪੀ ਆਰ, ਨਾਗਰਿਕ ਜਾਂ ੪੮੯ ਵੀਜ਼ਾਧਾਰਕ ਹੋਣਾ ਜਰੂਰੀ ਹੈ।