ਆਸਟ੍ਰੇਲੀਆ ਦੇ ਇਤਿਹਾਸ ਵਿੱਚ ਕੋਵਿਡ -19 ਦੇ ਮੁਸ਼ਕਿਲ ਹਲਾਤਾਂ ਦੇ ਕਾਰਣ ਆਬਾਦੀ ਵਿੱਚ ਆਈ ਗਿਰਾਵਟ ਨੂੰ ਪ੍ਰਵਾਸ ਦੀ ਇੱਕ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਸੈਂਕੜੇ ਅਸਥਾਈ ਵੀਜ਼ਾ ਧਾਰਕ, ਸੈਲਾਨੀ, ਅੰਤਰਰਾਸ਼ਟਰੀ ਵਿਦਿਆਰਥੀ ਅਤੇ ਕੰਮ ਕਰਨ ਵਾਲੇ ਵੀਜ਼ਾ ਧਾਰਕਾਂ ਨੂੰ ਪਿਛਲੇ ਸਾਲ ਆਸਟ੍ਰੇਲੀਆ ਛੱਡਣਾ ਪਿਆ।
ਗ੍ਰਹਿ ਵਿਭਾਗ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਅਸਥਾਈ ਵੀਜ਼ਾ ਧਾਰਕਾਂ ਦੀ ਇਸ ਗਿਰਾਵਟ ਵਿੱਚ ਮੁੱਖ ਤੌਰ ਉੱਤੇ ਸੈਲਾਨੀ ਅਤੇ ਕੰਮ ਕਰਨ ਵਾਲੇ ਵੀਜ਼ੇ ਧਾਰਕ ਸਨ ਜਿਨ੍ਹਾਂ ਵਿਚੋਂ ਲੱਗਭਗ 120,000 ਪ੍ਰਵਾਸੀ ਬ੍ਰਿਜਿੰਗ ਵੀਜ਼ਾ 'ਤੇ ਸਨ।
ਸਾਲ 2019 ਦੇ ਇਸੇ ਅਰਸੇ ਦੇ ਮੁਕਾਬਲੇ ਪਿਛਲੇ ਸਾਲ ਦਸੰਬਰ ਵਿੱਚ 31,000 ਦੇ ਕਰੀਬ ਘੱਟ ਅੰਤਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆ ਪਹੁੰਚੇ ਜਿਸ ਨਾਲ ਆਸਟ੍ਰੇਲੀਆ ਦੇ ਆਰਥਕ ਹਲਾਤਾਂ 'ਤੇ ਵੀ ਮੰਦਾ ਅਸਰ ਪਿਆ।
ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਮਾਰਚ ਵਿੱਚ ਮਹਾਂਮਾਰੀ ਦੀ ਮਾਰ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਸਭ ਤੋਂ ਤੇਜ਼ੀ ਨਾਲ਼ ਗਿਰਾਵਟ ਵੇਖੀ ਗਈ ਜਿਸ ਦੇ ਕਾਰਣ ਤਕਰੀਬਨ 143,000 ਵੀਜ਼ਾ ਧਾਰਕਾਂ ਨੇ ਆਸਟ੍ਰੇਲੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
ਗ੍ਰਹਿ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਸਾਲ ਆਪਣੇ ਮੁਲਕ ਪਰਤੇ 600,000 ਅਸਥਾਈ ਪ੍ਰਵਾਸੀਆਂ ਵਿਚੋਂ ਲੱਗਭਗ 41,000 ਭਾਰਤੀ ਮੂਲ ਦੇ ਸਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ